ਆਨੰਦ ਮੈਰਿਜ ਐਕਟ: ਬਾਦਲ ਵਿਰੋਧੀਆਂ ਨੂੰ ਕਮੇਟੀ ’ਚ ਪਾਉਣ ਨਾਲ ਸਿਆਸਤ ਭਖੀ
ਦਵਿੰਦਰ ਪਾਲ
ਚੰਡੀਗੜ੍ਹ, 25 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਨੇ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਸਿੱਖ ਸੰਸਥਾਵਾਂ ਦੇ ਆਗੂਆਂ ਤੇ ਪੰਥਕ ਸ਼ਖ਼ਸੀਅਤਾਂ ਸਮੇਤ ਕਾਨੂੰਨੀ ਮਾਹਿਰਾਂ ਨੂੰ ਸੱਦਾ ਦੇ ਕੇ ਸੂਬੇ ਦੀ ਸਿਆਸਤ ਮਘਾ ਦਿੱਤੀ ਹੈ। ਇਸ ਮੀਟਿੰਗ ’ਚੋਂ ਰਵਾਇਤੀ ਅਕਾਲੀ ਆਗੂਆਂ ਨੂੰ ਹੀ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਸਗੋਂ ਸਿੱਖਾਂ ਦੀਆਂ ਨੁਮਾਇੰਦਾ ਸੰਸਥਾਵਾਂ ਮੰਨੀਆਂ ਜਾਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਵੀ ਮੀਟਿੰਗ ਲਈ ਜਾਰੀ ਨੋਟੀਫਿਕੇਸ਼ਨ ਵਿੱਚ ਥਾਂ ਨਹੀਂ ਦਿੱਤੀ ਗਈ। ਇਹ ਨੋਟੀਫਿਕੇਸ਼ਨ ਰਾਜ ਦੇ ਗ੍ਰਹਿ ਤੇ ਨਿਆਂ ਮਾਮਲੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ। ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਵਿਚਾਰ ਕਰਨ ਵਾਲੇ ਮਾਹਿਰਾਂ ਤੇ ਸਿੱਖ ਸ਼ਖ਼ਸੀਅਤਾਂ ਦੀ ਮੀਟਿੰਗ ਸੂਬੇ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਕਰਕੇ ਮੁਲਤਵੀ ਕੀਤੀ ਗਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੀਆਂ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਤੋਂ ਅਸਮਰੱਥਾ ਪ੍ਰਗਟਾਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ, ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਸਰਬਜੋਤ ਸਿੰਘ ਬੇਦੀ, ਐੱਮ. ਦਰਸ਼ਨ ਸ਼ਾਸਤਰੀ, ਦੋ ਕਾਨੂੰਨੀ ਮਾਹਿਰਾਂ ਪ੍ਰੋ. ਮਨਜੀਤ ਸਿੰਘ ਨਿੱਝਰ, ਪ੍ਰੋ. ਸੁਖਦਿਆਲ ਸਿੰਘ ’ਤੇ ਅਧਾਰਿਤ ਇੱਕ ਟੀਮ ਨਾਲ ਅੱਜ ਮੀਟਿੰਗ ਕਰਨੀ ਸੀ। ਉਕਤ ਧਾਰਮਿਕ ਤੇ ਸਿੱਖ ਸ਼ਖ਼ਸੀਅਤਾਂ ਵਿੱਚ ਅਜਿਹੇ ਆਗੂ ਸ਼ਾਮਲ ਹਨ, ਜਨਿ੍ਹਾਂ ਨੂੰ ਬਾਦਲਾਂ ਦੇ ਧੁਰ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਨੂੰ ਹੀ ਸਿਫਾਰਸ਼ਾਂ ਕਰਨ ਦਾ ਅਧਿਕਾਰ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਸਿੱਖ ਸ਼ਖ਼ਸੀਅਤਾਂ ਦੀ ਮੀਟਿੰਗ ਸੱਦਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਸਮਰੱਥ ਸੰਸਥਾ ਹੈ ਜੋ ਨਹਿਰੂ-ਮਾਸਟਰ ਤਾਰਾ ਸਿੰਘ ਪੈਕਟ ਤਹਿਤ ਆਨੰਦ ਕਾਰਜ ਵਰਗੀਆਂ ਧਾਰਮਿਕ ਰਵਾਇਤਾਂ ਅਤੇ ਇਸ ਦੀ ਸੰਵਿਧਾਨਕ ਵੈਧਤਾ ਦੀ ਪ੍ਰਕਿਰਿਆ ਬਾਰੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਰੱਖਦੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਸੱਦੀ ਮੀਟਿੰਗ ਨੂੰ ਅਕਾਲੀ ਦਲ ਤਮਾਸ਼ਾ ਸਮਝਦਾ ਹੋਇਆ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ, ਸਿੱਖ ਮਰਿਆਦਾ, ਸਿੱਖ ਰਵਾਇਤਾਂ, ਆਨੰਦ ਕਾਰਜ ਤੇ ਸਿੱਖ ਜੀਵਨ ਸ਼ੈਲੀ ਸਮੇਤ ਸਿੱਖ ਕੌਮ ਦਾ ਪ੍ਰਤੀਨਿਧ ਹੋਣ ਦਾ ਅਧਿਕਾਰ ਹੜੱਪਣ ਦੀ ਕੋਸ਼ਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ ਬਾਰੇ ਦੁਬਿਧਾ ਪੈਦਾ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੂੰ ਗੈਰ-ਸਿੱਖ ਤੇ ਸਿੱਖ ਵਿਰੋਧੀ ਤਾਕਤਾਂ ਤੇ ਦਿੱਲੀ ਵਿਚ ਬੈਠੀਆਂ ਤਾਕਤਾਂ ਦੀ ਕਠਪੁਤਲੀ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ।