ਅਜੋਕੇ ਦੌਰ ਵਿੱਚ ਪੰਜਾਬੀ ਸਾਹਿਤ ਦਾ ਵਿਸ਼ਲੇਸ਼ਣ
ਪੱਤਰ ਪ੍ਰੇਰਕ
ਯਮੁਨਾਨਗਰ, 18 ਮਾਰਚ
ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਚਹੁੰਮੁਖੀ ਵਿਕਾਸ ਲਈ ‘ਆਧੁਨਿਕ ਪੰਜਾਬੀ ਸਾਹਿਤ- ਬਦਲਦੇ ਪਰਿਪੇਖ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰ ਪਾਲ ਸਿੰਘ ਦੀ ਪੁਸਤਕ ‘ਉੱਤਰ ਪਾਠ ਸਮੀਖਿਆ’ ’ਤੇ ਵਿਚਾਰ ਚਰਚਾ ਕੀਤੀ ਗਈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਆਈ ਸਹਾਇਕ ਪ੍ਰੌਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਅਜੋਕੇ ਦੌਰ ਵਿੱਚ ਸਮਾਜ ਵਿੱਚ ਵਾਪਰ ਰਹੇ ਪਰਿਵਰਤਨ ਦੇ ਸੰਦਰਭ ਵਿੱਚ ਪੰਜਾਬੀ ਸਾਹਿਤ ਦਾ ਵਿਸ਼ਲੇਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਸੰਦਰਭ ਵਿੱਚ ਪੰਜਾਬੀ ਜੀਵਨ ਨਿਰੰਤਰ ਨਵੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਮਨੁੱਖ ਬੇਗਾਨਗੀ, ਇਕੱਲਤਾ ਅਤੇ ਵਿਚਾਰਧਾਰਕ ਸ਼ੋਸ਼ਣ ਵਰਗੇ ਸਰੋਕਾਰਾਂ ਨਾਲ ਲਗਾਤਰ ਸੰਘਰਸ਼ ਕਰ ਰਿਹਾ ਹੈ। ਵੱਧ ਰਹੇ ਰਸਾਇਣਕ ਨਸ਼ੇ ਅਤੇ ਪ੍ਰਵਾਸ ਨੇ ਪੰਜਾਬੀ ਮਾਨਸਿਕਤਾ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਜਿਸ ਦੇ ਚੱਲਦਿਆਂ ਮਨੁੱਖੀ ਰਿਸ਼ਤੇ-ਨਾਤੇ ਵੀ ਬਹੁਤ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਲਿੰਗ-ਭੇਦ ਅਤੇ ਨਸਲੀ ਵਿਤਕਰਾ ਆਪਣਾ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ। ਖੇਤੀ ਉਤਪਾਦਨ ਨੂੰ ਖੇਤੀ ਸਨਅਤ ਵਿੱਚ ਰੂਪਾਂਤਰਿਤ ਨਾ ਹੋਣ ਕਰਕੇ ਵੀ ਆਰਥਿਕ ਸਮੱਸਿਆਵਾਂ ਆਪਣਾ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ। ਇਸ ਵਿਸਥਾਰ ਲੈਕਚਰ ਵਿੱਚ ਵਿਦਿਆਰਥੀਆਂ ਨੇ ਭਰਵੇਂ ਰੂਪ ਵਿੱਚ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. (ਮੇਜਰ) ਹਰਿੰਦਰ ਕੰਗ ਨੇ ਬੁਲਾਰੇ ਨੂੰ ‘ਜੀ ਆਇਆਂ’ ਕਿਹਾ ਅਤੇ ਕਾਲਜ ਵੱਲੋਂ ਅਕਾਦਮਿਕ ਖੇਤਰ ਵਿਚਲੇ ਪਾਏ ਜਾ ਰਹੇ ਯੋਗਦਾਨ ਉਪਰ ਚਾਨਣਾ ਪਾਇਆ। ਇਸ ਲੈਕਚਰ ਦੇ ਅੰਤ ਵਿੱਚ ਡਾ. ਪਰਮਜੀਤ ਕੌਰ ਸਿੱਧੂ ਦਾ ਧੰਨਵਾਦ ਡਾ. ਅਨੁਰਾਗ ਮੁਖੀ ਇਤਿਹਾਸ ਵਿਭਾਗ ਨੇ ਕੀਤਾ। ਇਸ ਮੌਕੇ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੋਹਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਡਾ. ਤਿਲਕ ਰਾਜ ਨੇ ਬਾਖੂਬੀ ਨਿਭਾਈ। ਇਸ ਮੌਕੇ ਹਿੰਦੀ ਵਿਭਾਗ ਤੋਂ ਡਾ. ਵਿਨਯ ਚੰਦੇਲ, ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫ਼ੈਸਰ ਮੋਹਿਤ ਕੁਮਾਰ, ਕਾਮਰਸ ਵਿਭਾਗ ਤੋਂ ਆਰਐੱਸ ਵੋਹਰਾ ਤੇ ਹੋਰ ਹਾਜ਼ਰ ਸਨ।