ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਤਿਹਾਸਕ ਚਿੱਤਰਾਂ ਦਾ ਵਿਸ਼ਲੇਸ਼ਣ

10:17 AM Oct 20, 2024 IST

ਪਰਮਜੀਤ ਢੀਂਗਰਾ

Advertisement

ਚਿੱਤਰਕਲਾ ਰੰਗਾਂ, ਲੀਕਾਂ, ਖਾਕਿਆਂ ਤੇ ਕੈਨਵਸ ਦੀ ਸੀਮਾ ਵਿੱਚ ਅਰਥ ਸੰਚਾਰ ਕਰਨ ਵਾਲਾ ਵਿਲੱਖਣ ਜਗਤ ਹੋਣ ਕਰਕੇ ਚਿੱਤਰਾਂ ਦੀ ਵਿਆਖਿਆ ਕਈ ਦ੍ਰਿਸ਼ਟੀਆਂ ਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਇਹ ਕੰਮ ਕਰਨ ਦਾ ਮੁੱਢ ਉੱਘੇ ਕਵੀ ਜਗਤਾਰਜੀਤ ਸਿੰਘ ਨੇ ਬੰਨ੍ਹਿਆ ਹੈ। ਉਸ ਨੇ ਹੱਥਲੀ ਕਿਤਾਬ ‘ਚਿੱਤਰਕਾਰ ਕਿਰਪਾਲ ਸਿੰਘ’ (ਲੇਖਕ: ਜਗਤਾਰਜੀਤ ਸਿੰਘ; ਕੀਮਤ: 350 ਰੁਪਏ; ਭੁਜੰਗੀ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ) ਵਿੱਚ ਉੱਘੇ ਚਿੱਤਰਕਾਰ ਸ. ਕਿਰਪਾਲ ਸਿੰਘ ਦੇ ਇਤਿਹਾਸਕ ਚਿੱਤਰਾਂ ਦੀ ਵਿਆਖਿਆ ਸਮੁੱਚੇ ਰੂਪ ਵਿੱਚ ਕਰਨ ਦਾ ਯਤਨ ਕੀਤਾ ਹੈ। ਕਿਰਪਾਲ ਸਿੰਘ ਸਵੈ-ਸਿੱਖਿਅਤ ਚਿੱਤਰਕਾਰ ਸੀ। ਰੰਗਾਂ, ਚਿੱਤਰਕਲਾ ਦੀਆਂ ਬਾਰੀਕੀਆਂ ਬਾਰੇ ਉਸ ਨੂੰ ਕੋਈ ਤਕਨੀਕੀ ਜਾਣਕਾਰੀ ਨਹੀਂ ਸੀ ਪਰ ਉਸ ਨੂੰ ਇਤਿਹਾਸ ਦੇ ਪਿਛੋਕੜ ਵਿੱਚੋਂ ਦ੍ਰਿਸ਼ ਨੂੰ ਫਰੀਜ਼ ਕਰਕੇ ਚਿੱਤਰਨ ਵਿੱਚ ਮੁਹਾਰਤ ਹਾਸਲ ਸੀ। ਸਿੱਖ ਅਰਦਾਸ ਵਿੱਚ ਸ਼ਹੀਦੀ ਸਾਕਿਆਂ, ਪੁਰਖਿਆਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਮੂਰਤ ਰੂਪ ਵਿੱਚ ਚਿਤਰਨ ਦਾ ਉਪਰਾਲਾ ਕਿਰਪਾਲ ਸਿੰਘ ਨੇ ਕੀਤਾ ਹੈ ਜੋ ਕਿਸੇ ਹੋਰ ਚਿੱਤਰਕਾਰ ਦੇ ਹਿੱਸੇ ਨਹੀਂ ਆਇਆ। ਉਸ ਬਾਰੇ ਲੇਖਕ ਲਿਖਦਾ ਹੈ: ‘ਚਿੱਤਰਕਾਰ ਕਿਰਪਾਲ ਸਿੰਘ ਦਾ ਕੰਮ ਵਿਲੱਖਣ ਹੈ ਕਿਉਂਕਿ ਉਹਦਾ ਵਿਸ਼ਾ, ਚੋਣ ਤੇ ਨਿਭਾਅ ਵਿਲੱਖਣ ਹੈ। ਚੋਣ ਪ੍ਰਤੀ ਉਹਦੀ ਇਕਾਗਰਤਾ ਇਸ ਨੂੰ ਗੂੜ੍ਹਾ ਕਰਦੀ ਹੈ। ਸਿੱਖ ਗੁਰੂਆਂ, ਗੁਰਸਿੱਖਾਂ, ਸ਼ਹੀਦਾਂ, ਯੋਧਿਆਂ ਪ੍ਰਤੀ ਉਹਦੇ ਮਨ ਵਿੱਚ ਅਕੀਦਤ ਹੈ। ਇਸਦੀ ਖੁਸ਼ਬੋ ਚਿੱਤਰ ਦੇਖਦਿਆਂ ਹੀ ਆ ਜਾਂਦੀ ਹੈ। ਇਹਦੇ ਇਲਾਵਾ ਦੇਸ਼-ਕਾਲ ਤੇ ਚਿੱਤਰ ਦੇ ਲੋੜੀਂਦੇ ਨੇਮਾਂ ਨੂੰ ਉਸਨੇ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ। ਉਸਨੇ ਛੋਟੇ ਕੈਨਵਸ ਤੋਂ ਲੈ ਕੇ ਅਤਿ ਵੱਡੇ ਕੈਨਵਸ ਉਪਰ ਕੰਮ ਕੀਤਾ ਹੈ।’
ਉਸ ਦੀ ਕਲਾ ਵਿੱਚ ਨਿਖਾਰ ਉਸ ਸਮੇਂ ਆਇਆ ਜਦੋਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਮਿਊਜ਼ੀਅਮ ਲਈ ਪ੍ਰਮੁੱਖ ਸ਼ਹੀਦਾਂ, ਯੋਧਿਆਂ, ਸਿੱਖਾਂ ਦੇ ਚਿੱਤਰ ਪੇਂਟ ਕਰਨ ਲਈ ਸੱਦਾ ਮਿਲਿਆ। ਨਵੰਬਰ 1962 ਵਿੱਚ ਉਸ ਨੇ ਅਲਵਿਦਾ ਕਹਿ ਦਿੱਤੀ।
ਉਸ ਦੇ ਕਿਰਦਾਰ ਤਤਕਾਲੀ ਵਾਤਾਵਰਣ ਵਿੱਚੋਂ ਨਹੀਂ ਉਪਜੇ ਸਗੋਂ ਉਹ ਇਤਿਹਾਸਕ ਖਾਸੇ ਵਾਲੇ ਹਨ। ਉਸ ਨੇ ਸਿੱਖ ਇਤਿਹਾਸ ਦੇ ਚਿਹਰਿਆਂ ਨੂੰ ਬੜੀ ਬਾਰੀਕੀ ਨਾਲ ਚਿਤਰਦਿਆਂ ਉਨ੍ਹਾਂ ਵਿੱਚ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਵਾਲੇ ਸੰਕਲਪ ਨੂੰ ਅਚੇਤ ਰੂਪ ਵਿੱਚ ਪੇਸ਼ ਕੀਤਾ ਹੈ।
ਲੇਖਕ ਦਾ ਕਥਨ ਹੈ: ‘ਕਿਰਪਾਲ ਸਿੰਘ ਦੀ ਵੱਡੀ ਪ੍ਰਾਪਤੀ ਕਿਰਦਾਰਾਂ ਨੂੰ ਮੰਨਣਯੋਗ ਤੇ ਭਰੋਸੇਯੋਗ ਰੂਪ ਦੇਣਾ ਹੈ। ਉਹ ਕਿਰਦਾਰਾਂ ਨੂੰ ਇੱਕ-ਰੰਗੀ ਨਹੀਂ ਬਣਾਉਂਦਾ, ਨਾ ਹੀ ਉਨ੍ਹਾਂ ਨੂੰ ਪੂਜਣਯੋਗ ਬਣਾਉਂਦਾ ਹੈ। ਉਹਦੇ ਕਿਰਦਾਰ ਤਗੜੇ ਜੁੱਸੇ ਵਾਲੇ ਬਲਸ਼ਾਲੀ ਹਨ। ਉਹ ਕਿਸੇ ਵੀ ਉਮਰ ਦੇ ਹੋਣ, ਇਹ ਮਾਇਨੇ ਨਹੀਂ ਰੱਖਦਾ। ਨਾਮ ਤੇ ਯੁੱਧ ਦਾ ਅਭਿਆਸ ਵਿਅਕਤੀ ਨੂੰ ਬੇਨੇਮੀ, ਅਧਰਮੀ ਚਾਲਾਂ ਖ਼ਿਲਾਫ਼ ਖੜ੍ਹੇ ਹੋਣ ਦੀ ਹਿੰਮਤ ਦਿੰਦਾ ਹੈ। ਹੱਕ, ਸੱਚ ਤੇ ਸਵੈਮਾਣ ਲਈ ਲੜਨਾ, ਲੜ ਕੇ ਮਰਨ ਦੀ ਪਿਰਤ ਸਿੱਖ ਧਰਮ ਦਾ ਅਹਿਮ ਹਿੱਸਾ ਹੈ।’
ਕਿਰਪਾਲ ਸਿੰਘ ਦੀ ਕਲਾ ਦਾ ਇੱਕ ਹੋਰ ਨਿਵੇਕਲਾ ਪੱਖ ਹੈ ਕਿ ਉਹ ਬਿਰਤਾਂਤ ਦੇ ਉਸ ਮਹੱਤਵਪੂਰਨ ਪਲ ਨੂੰ ਚੁਣਦਾ ਹੈ ਜੋ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਕਿਰਪਾਲ ਸਿੰਘ ਨੇ ਬਹੁ-ਕਥਾ ਚਿੱਤਰਨ ਦੀ ਥਾਂ ਇੱਕ ਚਿੱਤਰ ਵਿੱਚ ਇੱਕ ਕਥਾ ’ਤੇ ਫੋਕਸ ਕੀਤਾ ਹੈ। ਉਸ ਨੇ ਦਰਸ਼ਕ ਦੀ ਚੇਤਨਾ ਵਿੱਚ ਪਹਿਲਾਂ ਤੋਂ ਹੀ ਮੌਜੂਦ ਇਤਿਹਾਸਕ ਕਥਾ ਦੇ ਕੁਝ ਉਭਾਰ ਪੇਸ਼ ਕਰਕੇ ਕੁਝ ਲੁਕਾ ਲਏ ਹਨ। ਇਹੀ ਕਲਾ ਦਾ ਕਮਾਲ ਹੈ।
ਇਸ ਕਿਤਾਬ ਵਿੱਚ ਭਾਈ ਘਨ੍ਹੱਈਆ, ਸਾਕਾ ਸਰਹਿੰਦ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਤੇ ਹਰੀ ਸਿੰਘ ਨਲਵਾ ਦੇ ਚਿੱਤਰਾਂ ਦਾ ਵਿਸ਼ਲੇਸ਼ਣ ਤੇ ਵਿਆਖਿਆ ਹੈ। ਸਮੁੱਚੇ ਰੂਪ ਵਿੱਚ ਇਹ ਸ਼ਾਨਦਾਰ ਕਿਤਾਬ ਹੈ।
ਸੰਪਰਕ: 94173-58120

Advertisement
Advertisement