ਸ਼ੂਟਿੰਗ ’ਚ ਅਨਾਹਦ ਸਿੰਘ ਨੇ ਜਿੱਤਿਆ ਸੋਨ ਤਗ਼ਮਾ
ਪੱਤਰ ਪ੍ਰੇਰਕ
ਧਾਰੀਵਾਲ, 3 ਦਸੰਬਰ
68ਵੀਆਂ ਰਾਜ ਪੱਧਰੀ ਖੇਡਾਂ ਅਧੀਨ ਕਰਵਾਈ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ (ਅੰਡਰ-14 ਪੀਪ ਸਾਈਟ ਕੈਟੇਗਰੀ) ਵਿੱਚ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀ ਅਨਾਹਦ ਸਿੰਘ ਵਿਰਕ ਨੇ ਸੋਨ ਤਗਮਾ ਜਿੱਤਿਆ ਹੈ। ਸੰਸਥਾ ਦੇ ਪ੍ਰਬੰਧਕ ਗਗਨਦੀਪ ਸਿੰਘ, ਪ੍ਰਿੰਸੀਪਲ ਡਾਇਰੈਕਟਰ ਮਨਪ੍ਰੀਤ ਕੌਰ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੈਣੀ ਨੇ ਦੱਸਿਆ ਕਿ ਅਨਾਹਦ ਸਿੰਘ ਵਿਰਕ (ਜਮਾਤ ਅੱਠਵੀਂ) ਦਾ ਸਕੂਲ ਪਹੁੰਚਣ ’ਤੇ ਮੈਨੇਜਮੈਂਟ ਅਤੇ ‘ਸਟੂਡੈਂਟ ਕੌਂਸਲ ਆਫ ਦੀ ਸਕੂਲ’ ਨੇ ਨਿੱਘਾ ਸਵਾਗਤ ਕੀਤਾ। ਰਿਆੜਕੀ ਸੰਸਥਾਵਾਂ ਦੇ ਮੁੱਖ ਸੰਚਾਲਕ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਤੇ ਰਿਆੜਕੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਰਹੇ ਹਾਕੀ ਓਲੰਪੀਅਨ ਬਲਬੀਰ ਸਿੰਘ ਰੰਧਾਵਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਮੂਹ ਸਟਾਫ, ਕੋਚਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹਰੇਕ ਵਿਦਿਆਰਥੀ ਨੂੰ ਅਨਾਹਦ ਸਿੰਘ ਤੋਂ ਪ੍ਰੇਰਨਾ ਲੈ ਕੇ ਇੱਕ ਖੇਡ ਚੁਣ ਕੇ ਉਸ ਵਿੱਚ ਨਿਪੁੰਨ ਬਣਨ ਲਈ ਪ੍ਰੇਰਿਆ। ਇਸ ਮੌਕੇ ਕੋਚ ਜਤਿੰਦਰ ਕੁਮਾਰ, ਡੀਪੀ ਰਾਜਵਿੰਦਰ ਕੌਰ, ਕੋਚ ਮਨਦੀਪ ਸਿੰਘ, ਕੋਚ ਰਮਾ, ਸਾਰੇ ਕੋਆਰਡੀਨੇਟਰ ਤੇ ਅਧਿਆਪਕ ਹਾਜ਼ਰ ਸਨ।