For the best experience, open
https://m.punjabitribuneonline.com
on your mobile browser.
Advertisement

ਛੱਤਬੀੜ ਚਿੜੀਆਘਰ ਦੇ ਜਾਨਵਰਾਂ ਵਿੱਚ ਫੈਲੀ ਮੂੰਹ-ਖੁਰ ਦੀ ਬਿਮਾਰੀ

11:10 AM Feb 25, 2024 IST
ਛੱਤਬੀੜ ਚਿੜੀਆਘਰ ਦੇ ਜਾਨਵਰਾਂ ਵਿੱਚ ਫੈਲੀ ਮੂੰਹ ਖੁਰ ਦੀ ਬਿਮਾਰੀ
ਛੱਤਬੀੜ ਚਿੜੀਆਘਰ ਵਿੱਚ ਹਿਰਨ ਸਫ਼ਾਰੀ ਬੰਦ ਕਰਨ ਲਈ ਲਗਾਈਆਂ ਗਈਆਂ ਰੋਕਾਂ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 24 ਫਰਵਰੀ
ਇੱਥੋਂ ਦੇ ਮਹਿੰਦਰ ਚੌਧਰੀ ਛੱਤਬੀੜ ਚਿੜੀਆਘਰ ਦੇ ਜਾਨਵਰਾਂ ਵਿੱਚ ਮੂੰਹ ਅਤੇ ਖੁਰ ਦੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਇਸ ਨੂੰ ਦੇਖਦਿਆਂ ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵਲੋਂ ਹੋਰ ਜਾਨਵਰਾਂ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਸੈਲਾਨੀਆਂ ਲਈ ਅੱਧਾ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਛੱਤਬੀੜ ਚਿੜੀਆਘਰ ਦੇ ਹਿਰਨ ਸਫਾਰੀ ਦੇ ਕੁੱਝ ਹਿਰਨਾਂ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ ਜਿਸ ਕਾਰਨ ਸੈਲਾਨੀਆਂ ਨੂੰ ਉਸ ਦਿਸ਼ਾ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਹਿਰਨ ਸਫਾਰੀ, ਬਫਲੋ ਪਾਰਕ ਅਤੇ ਸਫੈਦ ਹਿਰਨ ਪਾਰਕ ਨੂੰ ਸੈਲਾਨੀਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਲੰਘੇ ਦਿਨੀਂ ਛੱਤਬੀੜ ਚਿੜੀਆਘਰ ਨਾਲ ਲਗਦੇ ਪਿੰਡਾਂ ਵਿੱਚ ਪਾਲਤੂ ਪਸ਼ੂਆਂ ਵਿਚ ਮੂੰਹ-ਖੁਰ ਦੀ ਬਿਮਾਰੀ ਆਉਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਸਨ ਅਤੇ ਚਿੜੀਆਘਰ ਛੱਤਬੀੜ ਵਿੱਚ ਇਕ ਹਿਰਨ ਵਿੱਚ ਮੂੰਹ-ਖੁਰ ਬਿਮਾਰੀ ਦੇ ਲੱਛਣ ਪਾਏ ਗਏ ਸਨ। ਉਨ੍ਹਾਂ ਵੱਲੋਂ ਚੌਕਸੀ ਵਰਤਦਿਆਂ ਟੈਸਟ ਕਰਵਾਇਆ ਗਿਆ ਜਿਸ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੂੰਹ-ਖੁਰ ਦੀ ਬਿਮਾਰੀ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਪਾਲਤੂ ਪਸ਼ੂਆਂ, ਗਾਵਾਂ, ਮੱਝਾਂ, ਸ਼ੰਕਰੀਆ ਆਦਿ ਨੂੰ ਹੁੰਦੀ ਹੈ ਅਤੇ ਇਸ ਦਾ ਵਾਇਰਸ ਹਵਾ ਵਿੱਚ ਵੀ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਸਾਵਧਾਨੀ ਵਰਤਦੇ ਹੋਏ ਆਰਜ਼ੀ ਤੌਰ ’ਤੇ ਥੋੜ੍ਹੇ ਸਮੇਂ ਲਈ ਹਿਰਨ ਸਫਾਰੀ ਅਤੇ ਕੁੱਝ ਹਿਰਨਾਂ ਦੇ ਵਾੜੇ ਬੰਦ ਕੀਤੇ ਗਏ ਹਨ।
ਫੀਲਡ ਡਾਇਰੈਕਟਰ ਕਲਪਨਾ ਕੇ ਨੇ ਦੱਸਿਆ ਕਿ ਸਾਲ 2018 ਵਿੱਚ ਵੀ ਛੱਤਬੀਤ ਚਿੜੀਆਘਰ ਵਿੱਚ ਮੂੰਹ-ਖੁਰ ਦੀ ਬਿਮਾਰੀ ਆਈ ਸੀ ਉਸ ਸਮੇਂ ਕੁੱਝ ਜਾਨਵਰਾਂ ਦੀ ਮੌਤ ਵੀ ਹੋਈ ਸੀ। ਇਸ ਲਈ ਪਿਛਲੇ ਤਜਰਬੇ ਤੋਂ ਸਿੱਖਣ ਤੋਂ ਬਾਅਦ ਅਤੇ ਚਿੜੀਆਘਰ ਛੱਤਬੀੜ ਦੇ ਕੇਵਲ ਡੀਅਰ ਸਫਾਰੀ ਵਿੱਚ ਕੁੱਝ ਜਾਨਵਰਾਂ ਵਿੱਚ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣ ਮਿਲਣ ਤੋਂ ਬਾਅਦ ਚਿੜੀਆਘਰ ਛੱਤਬੀੜ ਦੀ ਵੈਟਰਨਰੀ ਟੀਮ ਅਤੇ ਐਨੀਮਲ ਮੈਨੇਜਮੈਂਟ ਵੱਲੋਂ ਨਿਯਮਾਂ ਅਨੁਸਾਰ ਸ਼ਾਕਾਹਾਰੀ ਜਾਨਵਰਾਂ ਜਿਵੇਂ ਕਿ ਹਿਰਨਾਂ ਆਦਿ ਨੂੰ ਵੱਖਰਾ ਰੱਖ ਕੇ ਯੋਗ ਪ੍ਰਬੰਧ, ਇਲਾਜ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਜਾਨਵਰਾਂ ਵਿੱਚ ਮੂੰਹ-ਖੁਰ ਦੇ ਲੱਛਣ ਦਿਖਾਈ ਦੇ ਰਹੇ ਹਨ ਉਨ੍ਹਾਂ ਦੇ ਇਲਾਜ ਸਬੰਧੀ ਮਾਹਿਰ ਡਾਕਟਰਾਂ ਤੇ ਵਿਗਿਆਨੀਆਂ ਨਾਲ ਤਾਲਮੇਲ ਕਰ ਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲ ਦੀ ਘੜੀ ਇਸ ਬਿਮਾਰੀ ਨਾਲ ਕਿਸੇ ਜਾਨਵਰ ਦੀ ਮੌਤ ਨਹੀਂ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×