ਧਰਮ ਰਾਜ ਦੇ ਨਾਂ ਖੁੱਲ੍ਹਾ ਖ਼ਤ
ਜੋਗਿੰਦਰ ਸਿੰਘ ਪ੍ਰਿੰਸੀਪਲ
ਸਤਿਕਾਰਯੋਗ ਧਰਮ ਰਾਜ ਜੀ,
ਗੁਰੂ ਫ਼ਤਹਿ।
ਸਤਿਕਾਰ ਸਹਿਤ ਬੇਨਤੀ ਹੈ ਕਿ ਮੇਰੇ ਮਾਪਿਆਂ ਦੇ ਰਿਕਾਰਡ ਅਨੁਸਾਰ ਮੇਰਾ ਜਨਮ ਦਿਨ 15 ਮਈ 1929 ਦਾ ਏ। ਤੁਸੀਂ ਸਹਿਜੇ ਹੀ ਇਹ ਰਿਕਾਰਡ ਆਪਣੇ ਰਿਕਾਰਡ ਨਾਲ ਮਿਲਾ ਸਕਦੇ ਹੋ।
ਮੈਂ 94 ਸਾਲ ਦੀ ਉਮਰ ਪਾਰ ਕਰ ਚੁੱਕਿਆ ਹਾਂ।
ਆਪਣੀ ਜੀਵਨ ਫੱਟੀ ਦਾ 94 ਸਾਲਾਂ ਦਾ ਚੰਗਾ ਮੰਦਾ ਰਿਕਾਰਡ ਤੁਹਾਡੇ ਪਾਸੋਂ ਚਾਹੁੰਦਾ ਹਾਂ। ਇਸ ਉਮਰ ’ਚ ਮੇਰੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਮੈਂ ਆਪਣੇ ਬਿਤਾਏ ਜੀਵਨ ਦੀਆਂ ਗ਼ਲਤੀਆਂ, ਕੁਰੀਤੀਆਂ, ਬੁਰਾਈਆਂ, ਜਹਾਲਤ ਭਰੀਆਂ ਹਰਕਤਾਂ ਅਤੇ ਸ਼ਾਇਦ ਕਈ ਵਾਰੀ ਦੇ ਘਾਤਕ ਕਾਰਿਆਂ ਤੋਂ ਸੁਚੇਤ ਅਤੇ ਸਾਵਧਾਨ ਹੋ ਸਕਾਂ। ਇਸ ਦੇ ਨਾਲ ਹੀ ਤੁਸੀਂ ਮੈਨੂੰ ਮੇਰੇ ਉੱਜਲੇ ਅਤੇ ਸੰਤੋਖਜਨਕ ਜੀਵਨ ਦਾ ਵੀ ਲੇਖਾ ਦੱਸੋ।
ਇਸ ਉਮਰ ’ਚ ਅਜਿਹੀ ਜਾਣਕਾਰੀ ਮੇਰੇ ਲਈ ਹੋਰ ਵੀ ਜ਼ਰੂਰੀ ਹੈ ਤਾਂ ਜੋ ਘੱਟੋ-ਘੱਟ ਸ਼ੇਸ਼ (ਬਾਕੀ ਆਉਣ ਵਾਲਾ) ਜੀਵਨ ਨੂੰ ਵਧੇਰੇ ਸਾਵਧਾਨ ਅਤੇ ਸੁਚੇਤ ਹੋ ਕੇ ਸੁਚੱਜੇ ਅਤੇ ਸਲੀਕੇਦਾਰ ਢੰਗ ਨਾਲ ਬਿਤਾਉਣ ਦੇ ਹੋਰ ਚੰਗੇ ਉਪਰਾਲੇ ਕਰ ਸਕਾਂ। ਸੁਧਾਰ ਤਾਂ ਜੀਵਨ ਦੇ ਹਰ ਪੜਾਅ ’ਤੇ ਸੰਭਵ ਵੀ ਹੈ ਅਤੇ ਸ਼ੋਭਦਾ ਵੀ ਹੈ। ਕਹਾਵਤ ਢੁੱਕਦੀ ਹੈ It is never too late to mend.
ਵਾਸਤਵਿਕਤਾ ਇਹ ਹੈ ਕਿ ਜੀਵਨ ਰਾਹਾਂ ’ਚ ਪਏ ਦੁੱਖਦਾਈ ਅਤੇ ਰੜਕਣ ਵਾਲੇ ਕੰਡੇ ਬੁਢਾਪੇ ’ਚ ਬਹੁਤੇ ਨਹੀਂ ਤਾਂ ਘੱਟੋ-ਘੱਟ ਥੋੜ੍ਹੇ ਤਾਂ ਚੁਗੇ ਜਾ ਸਕਦੇ ਹਨ। ਹੋਰ ਖਿਲਾਰਨ ਤੋਂ ਆਪਣੇ ਆਪ ਨੂੰ ਵਰਜਿਆ ਤਾਂ ਜਾ ਸਕਦਾ ਹੈ। ਜੀਵਨ ਦਾ ਕੋਈ ਵੀ ਪੜਾਅ ਹੋਵੇ, ਘੱਟੋ-ਘੱਟ ਜੇ ਪੀੜ ਚੁਗੀ ਨਹੀਂ ਜਾ ਸਕਦੀ, ਸਾਂਝੀ ਤਾਂ ਕੀਤੀ ਜਾ ਸਕਦੀ ਹੈ।
ਬਸ ਦੇਹ ਅਰੋਗਤਾ ਦਾ ਉਪਹਾਰ, ਸੱਚੇ ਸਾਂਈ ਵੱਲੋਂ ਵਿਅਕਤੀ ਨੂੰ ਮਿਲਿਆ ਰਹੇ।
ਧਰਮ ਰਾਜ ਜੀ, ਤੁਹਾਨੂੰ ਇੱਕ ਜ਼ਰੂਰੀ ਪੱਖੋਂ ਸੁਚੇਤ ਕਰ ਦਿਆਂ ਕਿ ਇਹ ਰਿਕਾਰਡ ਆਪ ਜੀ ਨੂੰ ‘Right to information’ ਭਾਵ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਦੇ ਤਹਿਤ ਮੰਗ ਕਰਨ ਵਾਲੇ ਨੂੰ ਦੇਣਾ ਬਣਦਾ ਹੈ। ਦੇਣ ਤੋਂ ਇਨਕਾਰ ਇਸ ਕਾਨੂੰਨ ਦੀ ਸਿਰਫ਼ ਤੌਹੀਨ ਹੀ ਨਹੀਂ ਸਗੋਂ ਜੁਰਮ ਵੀ ਹੈ। ਸਮੇਂ ਦੀ ਰਫ਼ਤਾਰ ਅਤੇ ਗੁਫ਼ਤਾਰ ਨੂੰ ਮੁੱਖ ਰੱਖਦਿਆਂ ਤੁਸੀਂ ਵੀ ਸੁਚੇਤ ਅਤੇ ਸਾਵਧਾਨ ਹੋ ਕੇ ਨਵੇਂ ਕਾਨੂੰਨਾਂ ਅਨੁਸਾਰ ਆਪਣੇ ਫ਼ੈਸਲੇ ਦਿਉ।
ਧਰਮ ਰਾਜ ਜੀ, ਹੁਣ ਇੱਕੀਵੀਂ ਸਦੀ ਦਾ ਦੌਰ ਏ। ਗਿਆਨ, ਵਿਗਿਆਨ ਅਤੇ ਜਾਗ੍ਰਿਤੀ ਦਾ। ਧਰਤੀ ਦਾ ਮਨੁੱਖ ਹੁਣ ਵਧੇਰੇ ਸੁਚੇਤ ਅਤੇ ਜਾਗ੍ਰਿਤ ਏ। ਲੋਕ ਮਾਨਤਾ ਮੁਤਾਬਿਕ ਤੁਸੀਂ ਅਜੇ ਵੀ ਆਪਣੇ ਸਦੀਆਂ ਪੁਰਾਣੇ, ਘਿਸੇ-ਪਿਟੇ ਕਾਨੂੰਨਾਂ ਦੁਆਰਾ ਆਪਣੇ ਸ਼ਾਸਨ ਦਾ ਪ੍ਰਬੰਧ ਚਲਾਈ ਜਾ ਰਹੇ ਹੋ। ਨਾ ਹੀ ਕੋਈ ਆਸ਼ਾਜਨਕ ਸੁਧਾਰ ਅਤੇ ਨਾ ਹੀ ਕੋਈ ਸੁਖਦਾਈ ਤੇ ਆਸ਼ਾਜਨਕ ਬਦਲਾਅ। ਮ੍ਰਿਤਕ ਨੂੰ ਲਿਜਾਣ ਵਾਲੇ ਤੁਹਾਡੇ ਵਿਮਾਨ ਘਿਸੇ-ਪਿਟੇ, ਟੁੱਟੇ-ਭੱਜੇ ਅਤੇ ਸਦੀਆਂ ਪੁਰਾਣੇ ਨੇ। ਤੁਹਾਡੇ ਸੰਦੇਸ਼ਵਾਹਕ ਨਿਰੇ ਡਰਾਉਣੇ ਭੂਤ। ਇਨ੍ਹਾਂ ਦੀਆਂ ਕਾਰਵਾਈਆਂ ਬੜੀਆਂ ਘਾਤਕ ਅਤੇ ਅੱਤਿਆਚਾਰੀ ਨੇ। ਉਨ੍ਹਾਂ ਦਾ ਤਾਂ ਇਹ ਹਿਸਾਬ ਏ ‘ਅੰਨ੍ਹੇ ਕੁੱਤੇ ਹਿਰਨਾਂ ਮਗਰ’। ਉਨ੍ਹਾਂ ਦਾ ਮ੍ਰਿਤਕ ਨਾਲ ਵਿਹਾਰ ਅਪਮਾਨਜਨਕ ਅਤੇ ਨਿੰਦਣ ਯੋਗ। ਤੁਹਾਡੇ ਪ੍ਰਬੰਧ ’ਚ ਸਭ ਤੋਂ ਵੱਡੀ ਊਣਤਾਈ ਇਹ ਹੈ ਕਿ ਮ੍ਰਿਤਕ ਨੂੰ ਮੌਤ ਤੋਂ ਪਹਿਲਾਂ ਮੌਤ ਬਾਰੇ ਨਾ ਕੋਈ ਸੂਚਨਾ ਅਤੇ ਨਾ ਹੀ ਕੋਈ ਚਿਤਾਵਨੀ ਭਰਿਆ ਨੋਟਿਸ ਭੇਜਦੇ ਹੋ। ਵਿਅਕਤੀ ਨੂੰ ਮੌਤ ਜਿਹੇ ਭਿਆਨਕ ਅਤੇ ਡਰਾਉਣੇ ਹਾਦਸੇ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਮੌਕਾ ਨਹੀਂ ਮਿਲਦਾ।
ਧਰਮ ਰਾਜ ਜੀ, ਵੇਖੋ ਜ਼ਰਾ ਆਪਣੇ ਦੂਤਾਂ ਦੀ ਹਨ੍ਹੇਰਗਰਦੀ। ਪਿਛਲੇ ਦਿਨਾਂ ਦੀ ਗੱਲ ਹੀ ਏ। ਦੂਤ ਨੇ ਤੁਹਾਡੇ ਆਸ਼ੇ ਅਨੁਸਾਰ ਬਾਰੂ ਰਾਮ (ਕੋਠੀ ਨੰਬਰ 347, ਦੂਜੀ ਮੰਜ਼ਿਲ ਪੰਜਾਬੀ ਭਾਸ਼ਾ ’ਚ ਨੇਮ ਪਲੇਟ ਲੱਗੀ ਹੋਈ ਏ) ਨੂੰ ਲਿਜਾਣਾ ਸੀ ਜੋ ਕਾਫ਼ੀ ਸਮੇਂ ਤੋਂ ਬਿਮਾਰ ਚਲਿਆ ਆ ਰਿਹਾ ਸੀ। ਰਾਤ ਤਾਂ ਉਸ ਨੂੰ ਮੰਜੇ ਤੋਂ ਥੱਲੇ ਲਾਹ ਦਿੱਤਾ ਗਿਆ ਸੀ। ਬਸ ਗਿਣਵੇਂ ਮਿਣਵੇਂ ਸਵਾਸ ਬਾਕੀ ਸਨ, ਪਰ ਦੂਤ ਦੀ ਧਾਂਦਲੀ ਅਤੇ ਹਨੇਰਗਰਦੀ ਦੇਖੋ। ਬਿਨਾ ਸੋਚੇ ਸਮਝੇ, ਜਾਂਚੇ ਤੇ ਪਰਖੇ ਉਸ ਦੇ ਛੋਟੇ ਭਰਾ ਬਾਰੂ ਰਾਮ (ਪੰਜਾਬੀ ’ਚ ਬਾਰੂ ਰਾਮ ਦੇ ਨਾਂ ਦੀ ਨੇਮ-ਪਲੇਟ ਲੱਗੀ ਹੋਈ ਏ) ਨੂੰ ਲੈ ਗਿਆ। ਬਸ ਬਾਰੂ ਰਾਮ ਨੂੰ ਥਾਰੂ ਰਾਮ ਪੜ੍ਹ ਲਿਆ। ਤੁਹਾਡੇ ਸੰਦੇਸ਼ਵਾਹਕ ਜਾਹਲ ਮੂਰਖ ਅਨਪੜ੍ਹ ਨੇ। ਇਸ ਨਾਲ ਤੁਹਾਡੀ ਨਿਆਂ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਤੁਹਾਡੇ ਸ਼ਾਸਨ ਦੀ ਇੱਕ ਅੱਧੀ ਚੂਲ ਢਿੱਲੀ ਹੋਵੇ ਤਾਂ ਕੋਈ ਠੀਕ ਕਰੇ। ਇੱਥੇ ਤਾਂ ਆਵਾ ਹੀ ਊਤਿਆ ਪਿਆ ਏ।
ਇਹ ਸ਼ਿਅਰ ਢੁੱਕਦਾ ਏ: ਏਕ ਚਾਕ ਹੋ ਤੋ ਸੀ ਲੂੰ ਯਾ ਰੱਬ ਗਰੇਬਾਂ ਅਪਨਾ, ਜ਼ਾਲਿਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ।
ਕਾਫ਼ੀ ਸਮੇਂ ਤੋਂ ‘ਸੂਤਰਾਂ’ ਤੋਂ ਸੂਚਨਾਵਾਂ ਮਿਲ ਰਹੀਆਂ ਹਨ ਕਿ ਨਰਕ-ਨਿਵਾਸੀ ਨਰਕ ਤੋਂ ਵੀ ਵਧੇਰੇ ਦੁਖਦਾਈ ਜੀਵਨ ਜੀਅ ਰਹੇ ਨੇ। ਉਨ੍ਹਾਂ ਦਾ ਇੱਕ ਇੱਕ ਸਾਹ ਭਖਦਾ ਅੰਗਾਰਾ ਏ। ਅੱਜ ਵੀ ਉਨ੍ਹਾਂ ਨੂੰ ਅਣਮਨੁੱਖੀ ਯਾਤਨਾਵਾਂ ਦਿੱਤੀਆਂ ਜਾ ਰਹੀਆਂ ਨੇ। ਬੇਰਹਿਮੀ ਨਾਲ ਅੱਜ ਵੀ ਉਨ੍ਹਾਂ ਨੂੰ ਨੰਗੇ ਪਿੰਡੇ ਕੋੜੇ ਮਾਰੇ ਜਾ ਰਹੇ ਨੇ। ਰਹਿਣ ਲਈ ਉਨ੍ਹਾਂ ਦੇ ਕੱਚੇ ਘਰ ਜੇਲ੍ਹਾਂ ਨਾਲੋਂ ਵੀ ਬਦਤਰ। ਪੀੜਤ ਅਤੇ ਦੁਖਦਾਈ। ਉਨ੍ਹਾਂ ਦੀਆਂ ਚੀਕਾਂ ਅਤੇ ਕੁਰਲਾਹਟਾਂ ਆਕਾਸ਼ ਚੀਰਨ ਵਾਲੀਆਂ।
ਪਰ ਕੌਣ ਸੁਣੇ? ਕਈ ਕਮਿਸ਼ਨ ਬੈਠੇ ਨੇ। ਉਨ੍ਹਾਂ ਵੀ ਤੁਹਾਨੂੰ ਸੁਧਾਰ ਕਰਨ ਦੀ ਚਿਤਾਵਨੀ ਦਿੱਤੀ ਏ। ਕਮਿਸ਼ਨ ਦੀ ਰਿਪੋਰਟ ਇਹ ਕਹਿੰਦੀ ਏ ਕਿ ਅਜੋਕੇ ਯੁੱਗ ’ਚ ਨਰਕ-ਨਿਵਾਸੀਆਂ ਨਾਲ ਅਜਿਹਾ ਵਿਹਾਰ ਕਰਨਾ ਆਪਣੀ ਕਬਰ ਆਪ ਖੋਦਣ ਦੇ ਸਮਾਨ ਏ। ਪਰ ਤੁਹਾਡੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ!
ਜ਼ਿਆਦਾ ਬਾਰਸ਼ਾਂ ਕਾਰਨ ਨਰਕ ਅਤੇ ਸਵਰਗ ਦੀ ਸਾਂਝੀ ਦੀਵਾਰ ਡਿੱਗਣ ਕਾਰਨ ਸਵਰਗ ਵਾਸੀ, ਨਰਕ-ਨਿਵਾਸੀਆਂ ਨੂੰ ਤਾੜਨਾ ਭਰੇ ਸ਼ਬਦਾਂ ਨਾਲ ਕਹਿ ਰਹੇ ਨੇ ਕਿ ‘‘ਛੇਤੀ ਤੋਂ ਛੇਤੀ ਅੱਧਾ ਖਰਚਾ ਪਾ ਕੇ ਦੀਵਾਰ ਬਣਾਉ, ਨਹੀਂ ਤਾਂ ਤੁਹਾਡੇ ਉੱਤੇ ਦਾਅਵਾ ਕਰ ਦਿੱਤਾ ਜਾਏਗਾ। ਛੇਤੀ ਹੀ ਵਕੀਲ ਰਾਹੀਂ ਤੁਹਾਨੂੰ ਨੋਟਿਸ ਭੇਜਿਆ ਜਾਏਗਾ।’’
ਇੱਕ ਸੁੱਘੜ ਸਿਆਣੇ ਨਰਕ-ਨਿਵਾਸੀ ਨੇ ਸਵਰਗ ਦੀ ਪੰਚਾਇਤ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਸ਼ਾਂਤ ਕੀਤਾ, ‘‘ਵਕੀਲ ਕਿੱਥੋਂ ਲਿਆਉਗੇ? ਹੁਣ ਤਾਂ ਪ੍ਰਸਿੱਧ ਵਕੀਲ ਧੰਨਾ ਸਿੰਘ ਵੀ ਸਾਡੇ ਕੋਲ ਪਹੁੰਚ ਗਿਆ ਹੈ।’’
ਧਰਮ ਰਾਜ ਜੀ, ਤੁਹਾਡੇ ਮੰਤਰੀ ਮੰਡਲ ’ਚ ਵੀ ‘ਤੁਹਾਡੀ ਵਿਰੋਧਤਾ’ ਦੀ ਅੱਗ ਭੜਕ ਰਹੀ ਏ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੰਦਰ ਹੀ ਅੰਦਰ ਤੁਹਾਡੀ ਗੱਦੀ ਪਲਟਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਤੁਹਾਡਾ ਖ਼ਜ਼ਾਨਾ ਖਾਲੀ ਏ। ਆਰਥਿਕ ਸਥਿਤੀ ਕਾਫੀ ਡਾਵਾਂਡੋਲ ਏ। ਤਨਖ਼ਾਹਾਂ ਨਾ ਮਿਲਣ ਕਾਰਨ ਬਹੁਤੇ ਵਿਭਾਗਾਂ ਦੇ ਕਰਮਚਾਰੀ ਹੜਤਾਲ ’ਤੇ ਬੈਠੇ ਹਨ।
ਖ਼ਜ਼ਾਨਾ ਖਾਲੀ ਏ। ਬਜਟ ਘਾਟੇ ’ਚ ਜਾ ਰਿਹਾ ਏ। ਰਿਸ਼ਵਤ ਦਾ ਬਾਜ਼ਾਰ ਗਰਮ ਏ।
ਅਜਿਹੇ ਹਾਲਾਤ ’ਚ ਕਿਸੇ ਵਕਤ ਵੀ ਤੁਹਾਡਾ ਤਖ਼ਤ ਪਲਟਿਆ ਜਾ ਸਕਦਾ ਹੈ। ਛੇਤੀ ਤੋਂ ਛੇਤੀ ਪਰਲੋਕ ਦੀ ਵੀ ਸਥਿਤੀ ਸੁਧਾਰੋ।
ਮੇਰਾ ਇੱਕ ਛੋਟਾ ਜਿਹਾ ਸੁਝਾਅ ਹੈ। ਆਪ ਅਤੇ ਧਰਤ ਲੋਕਾਈ ਲਈ ਕਾਰਗਰ ਵੀ ਹੈ ਅਤੇ ਉਪਯੋਗੀ ਵੀ। ਹਰ ਵੀਹ ਸਾਲਾਂ ਪਿੱਛੋਂ ਧਰਤ ’ਤੇ ਵਸਦੇ ਲੋਕਾਂ ਨੂੰ ਤੁਸੀਂ ਆਪਣੇ ਮੋਬਾਈਲ ਰਾਹੀਂ ਉਨ੍ਹਾਂ ਦੇ ਕਰਮਾਂ ਦਾ ਚੰਗਾ-ਮੰਦਾ ਲੇਖਾ-ਜੋਖਾ ਭੇਜ ਕੇ ਸੁਚੇਤ ਕਰ ਦਿਆ ਕਰੋ। ਅਜਿਹੀ ਸੂਚਨਾ ਜਾਣਕਾਰੀ ਵੀ ਹੋਵੇਗੀ ਅਤੇ ਉਨ੍ਹਾਂ ਦੇ ਭਵਿੱਖੀ ਜੀਵਨ ਲਈ ਚਿਤਾਵਨੀ ਵੀ। ਸੰਭਵ ਹੈ ਅਜਿਹੀ ਸੂਚਨਾ ਪ੍ਰਾਪਤ ਹੋਣ ’ਤੇ ਵਿਅਕਤੀ ਆਪਣੇ ਅਗਲੇਰੇ ਜੀਵਨ ਲਈ ਸਾਵਧਾਨ ਅਤੇ ਸੁਚੇਤ ਹੋ ਜਾਏ। ਜੀਵਨ-ਜਾਚ ਪੱਖੋਂ ਵਧੇਰੇ ਚੌਕਸ ਹੋ ਜਾਏ।
ਧਰਮ ਰਾਜ ਜੀ, ਜ਼ਰਾ ਆਪਣਾ ਵਹੀਖਾਤਾ ਖੋਲ੍ਹੋ। ਜ਼ਰਾ ਮੇਰੇ ਜੀਵਨ ਰਿਕਾਰਡ ਵਾਲਾ ਪੰਨਾ ਖੋਲ੍ਹੋ। ਮੋਟੇ ਸ਼ਬਦਾਂ ’ਚ ਲਿਖਿਆ ਹੋਇਆ ਮਿਲੇਗਾ,
ਮੇਰੀ ਅਤੇ ਮੇਰੀ ਮਰਹੂਮ ਪਤਨੀ ਦੀ ਸਹਿਯੋਗੀ ਅਤੇ ਕਰਮਯੋਗੀ ਪ੍ਰਵਿਰਤੀ, ਬੱਚਿਆਂ ਦੇ ਵਰਤਮਾਨ ਅਤੇ ਭਵਿੱਖੀ ਜੀਵਨ ਲਈ ਚਾਨਣ-ਮੁਨਾਰਾ ਸੀ।
ਆਦਰ, ਸਨੇਹ, ਪਿਆਰ ਅਤੇ ਤਿਆਗ ਵਾਲੀ ਪਰਿਵਾਰਕ ਬਗੀਚੀ ਦੀ ਸਵਰਗ ਜਿਹੀ ਝਲਕ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਜਾਣਦਾ ਹਾਂ, ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ।
ਇਹ ਵੀ ਜਾਣਦਾ ਹਾਂ, ਮੇਰੀ ਸੋਚ ਉਚੇਰੀ ਅਤੇ ਸੁਚੇਰੀ ਏ, ਪਰ ਕੀ ਪਤਾ ਮੇਰੀ ਜੀਵਨ-ਲੀਲ੍ਹਾ ਸਮਾਪਤ ਕਰਨ ਲਈ ਤੁਹਾਡਾ ਦੂਤ ਕਦੋਂ, ਕਿਸ ਤਰ੍ਹਾਂ ਅਤੇ ਕਿਸ ਵੇਲੇ ਆ ਧਮਕੇ।
ਸੰਪਰਕ: 90506-80370