ਕਿਸਾਨ ਯੂੁਨੀਅਨ ਡਕੌਂਦਾ ਵੱਲੋਂ ਜ਼ਮੀਨ ਬਚਾਓ ਮੋਰਚੇ ’ਚ ਪੁੁੱਜਣ ਦਾ ਸੱਦਾ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਲਾਕ ਭੀਖੀ ਦੇ ਪਿੰਡ ਅਕਲੀਆ ਤੇ ਰੜ੍ਹ ਆਦਿ ਪਿੰਡਾਂ ਵਿੱਚ ਬਲਾਕ ਪ੍ਰਧਾਨ ਜਸਵੀਰ ਸਿੰਘ ਰੱਲਾ ਦੀ ਅਗਵਾਈ ਹੇਠ ਕਿਸਾਨਾਂ ਨਾਲ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕਿਸਾਨੀ ਅਤੇ ਖੇਤੀ ਧੰਦੇ ਨੂੰ ਪ੍ਰਫੁੱਲਤ ਕਰਨ ਦੇ ਲਈ ਭਾਰਤੀ ਕਿਸਾਨ ਯੁਨੀਅਨ (ਏਕਤਾ) ਡਕੌਂਦਾ ਵੱਲੋਂ ਲਗਾਤਾਰ ਸੰਘਰਸ਼ਾਂ ਦਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਜਸਵੀਰ ਸਿੰਘ ਰੱਲਾ ਨੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਦੇ ਮਸਲੇ ਉਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਟਾਲ-ਮਟੋਲ ਦੇ ਰਵੱਈਏ ਨੂੰ ਨੰਗਾ ਕਰਦਿਆਂ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ ਦੇ ਉੱਪਰ ਪਾਏ ਝੂਠੇ ਪਰਚੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਖੇਤੀ ਕਿੱਤਾ ਬਚਾਉਣ ਦੇ ਲਈ ਹੋਰ ਵੀ ਤਿੱਖੇ ਸੰਘਰਸ਼ ਲੜਨ ਦੀ ਲੋੜ ਹੈ। ਕਿਸਾਨ ਆਗੂ ਕਾਲਾ ਸਿੰਘ ਅਕਲੀਆ ਨੇ ਕਿਹਾ ਕਿ 20 ਸਤੰਬਰ ਨੂੰ ਪਿੰਡ ਕੁੱਲਰੀਆਂ ਵਿੱਚ ‘ਜ਼ਮੀਨ ਬਚਾਓ ਮੋਰਚੇ’ ਦੇ ਪੜਾਅਵਾਰ ਕਾਫਲਿਆਂ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਦਰਸ਼ਨ ਸਿੰਘ, ਲੀਲਾ ਸਿੰਘ, ਰਾਜੂ ਸਿੰਘ, ਰੂਪ ਸਿੰਘ, ਅਵਤਾਰ ਸਿੰਘ, ਲਾਭ ਸਿੰਘ ਤੇ ਦੇਵ ਸਿੰਘ ਗਿੱਲ ਨੇ ਸੰਬੋਧਨ ਕੀਤਾ।