ਨਵੇਂ ਚੁਣੇ ਪੰਚਾਂ ਨੂੰ ਨਸ਼ਿਆਂ ਖ਼ਿਲਾਫ਼ ਜੰਗ ’ਚ ਸਾਥ ਦੇਣ ਦਾ ਸੱਦਾ
ਸ਼ਗਨ ਕਟਾਰੀਆ
ਬਠਿੰਡਾ, 19 ਨਵੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਰੀਕ ਹੋ ਕੇ ਜ਼ਿਲ੍ਹਾ ਬਠਿੰਡਾ ਦੇ 318 ਪਿੰਡਾਂ ਦੀਆਂ ਪੰਚਾਇਤਾਂ ਦੇ 2490 ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਵਾਈ। ਵਿੱਤ ਮੰਤਰੀ ਨੇ ਪੰਚਾਇਤਾਂ ਨੂੰ ਜਮਹੂਰੀਅਤ ਦੀ ਨੀਂਹ ਦੱਸਦਿਆਂ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਫੈਸਲੇ ਗ੍ਰਾਮ ਸਭਾਵਾਂ ਵਿੱਚ ਲਏ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਪੰਚਾਇਤ ਨੂੰ ਕਿਹਾ ਕਿ ਸਰਕਾਰੀ ਗ੍ਰਾਂਟਾਂ ਦੀ ਸਹੀ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ, ਤਾਂ ਜੋ ਪਿੰਡਾਂ ਨੂੰ ਵਿਕਾਸ ਰਾਹੀਂ ਤਰੱਕੀ ਦੀਆਂ ਲੀਹਾਂ ਵੱਲ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਪੰਚ, ਸਰਪੰਚ ਆਪਣੀ ਡਿਊਟੀ ਬਾਖ਼ੂੂਬੀ ਨਿਭਾਉਣ, ਤਾਂ ਪਿੰਡਾਂ ਦੀ ਤਕਦੀਰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਕੰਮਾਂ ਦੇ ਵੇਰਵਿਆਂ ਨੂੰ ਦੇਖਦਿਆਂ, 5 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਪੰਚਾਇਤਾਂ ਨੂੰ ਹਰ ਨੇਕ ਕੰਮ ਲਈ ਪੂਰਨ ਸਹਿਯੋਗ ਦੇਵੇਗੀ।
ਚੀਮਾ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਦੀ ਸਰਗਰਮ ਭੂਮਿਕਾ ਨਾਲ ਪੰਜਾਬ ਨੂੰ ਜਲਦੀ ਹੀ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤ ਹਰ ਫੈਸਲਾ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਲੈਣ। ਵਿਧਾਇਕ ਬਲਕਾਰ ਸਿੱਧੂ, ਮਾਸਟਰ ਜਗਸੀਰ ਸਿੰਘ, ਸੁਖਬੀਰ ਸਿੰਘ ਅਤੇ ਜਗਰੂਪ ਗਿੱਲ ਨੇ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿੱਤ ਮੰਤਰੀ ਨੇ ‘ਵਿਸ਼ਵ ਪਖਾਨਾ ਦਿਵਸ’ ਦੇ ਸੰਦਰਭ ’ਚ ਪੋਸਟਰ ਜਾਰੀ ਕੀਤਾ ਅਤੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ।
ਇਯ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸਐਸਪੀ ਅਮਨੀਤ ਕੌਂਡਲ, ਆਮ ਆਦਮੀ ਪਾਰਟੀ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਸ਼ੂਗਰਫੈੱਡ ਪੰਜਾਬ ਨਵਦੀਪ ਜੀਦਾ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਰਾਕੇਸ਼ ਪੁਰੀ, ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤ ਲਾਲ ਅਗਰਵਾਲ ਤੇ ਹੋਰ ਹਾਜ਼ਰ ਸਨ।
ਫ਼ਰੀਦਕੋਟ (ਜਸਵੰਤ ਜੱਸ): ਅੱਜ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਪੰਚਾਂ ਦਾ ਜਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਇੱਥੋਂ ਦੇ ਨਹਿਰੂ ਸਟੇਡੀਅਮ ਵਿੱਚ ਹੋਇਆ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸਐੱਸਪੀ ਡਾ. ਪ੍ਰੱਗਿਆ ਜੈਨ ਵੀ ਹਾਜਰ ਸਨ। ਸਮਾਗਮ ਦੌਰਾਨ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਅਪੀਲ ਕੀਤਾ ਕਿ ਉਹ ਪਿੰਡਾਂ ਵਿੱਚੋਂ ਨਸ਼ਿਆਂ ਜਿਹੀਆਂ ਸਮਾਜਿਕ ਅਲਾਮਤਾਂ ਦੇ ਖਾਤਮੇ ਅਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਅਤੇ ਆਪਣੇ-ਆਪਣੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨ। ਉਨ੍ਹਾਂ ਕਿਹਾ ਕਿ ਫੰਡਾਂ ਦੀ ਸਹੀ ਢੰਗ ਨਾਲ ਵਰਤੋਂ ਯਕੀਨੀ ਬਣਾਉਣ ਲਈ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਫੈਸਲੇ ਗ੍ਰਾਮ ਸਭਾਵਾਂ ਵਿੱਚ ਲਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਅਕਤੂਬਰ ਵਿੱਚ ਹੋਈਆਂ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਜ਼ਿਲ੍ਹੇ ਦੇ 1653 ਪੰਚ ਅਤੇ 241 ਸਰਪੰਚ ਚੁਣੇ ਗਏ ਹਨ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਨੀਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਸਰਪੰਚਾਂ-ਪੰਚਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਸਮੂਹ ਸਰਪੰਚਾਂ ਨੂੰ ਅੱਜ ਤੋਂ ਹੀ ਵਿਕਾਸ ਕਾਰਜਾਂ ਲਈ ਸਮਰਪਿਤ ਹੋਣ ਦੀ ਅਪੀਲ ਕੀਤੀ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ 340 ਪਿੰਡਾਂ ਦੀਆਂ ਪੰਚਾਇਤਾਂ ’ਚੋਂ ਚੁਣੇ ਪੰਜ ਬਲਾਕਾਂ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ, ਕੋਟ ਈਸੇ ਖਾਂ, ਮੋਗਾ-1 ਤੇ ਮੋਗਾ-2 ਦੇ 2486 ਪੰਚਾਂ ਨੂੰ ਸਹੁੰ ਚੁਕਾਈ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਾ. ਅਮਨਦੀਪ ਕੌਰ ਅਰੋੜਾ, ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਮਨਜੀਤ ਸਿੰਘ ਬਿਲਾਸਪੁਰ, ਡੀਸੀ ਵਿਸ਼ੇਸ਼ ਸਾਰੰਗਲ, ਐੱਸਐੱਸਪੀ ਅਜੇ ਗਾਂਧੀ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਚਾਂ ਨੂੰ ਧੜੇਬੰਦੀ ਤੋਂ ਉਪਰ ਉਠਕੇ ਆਪਣੇ ਪਿੰਡ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਪੰਚਾਇਤਾਂ ਪਿੰਡਾਂ ਦੀ ਨੁਹਾਰ ਬਦਲ ਸਕਦੀਆਂ ਹਨ। ਉਨ੍ਹਾਂ ਪੰਚਾਇਤਾਂ ਨੂੰ ਆਪਣੇ ਪਿੰਡ ਨਸ਼ਾ ਮੁਕਤ ਕਰਕੇ ‘ਰੰਗਲਾ ਪੰਜਾਬ’ ਬਣਾਉਣ ਅਤੇ ਨਸ਼ਾ ਮੁਕਤ ਮਿਸ਼ਨ ਨਾਲ ਜੁੜਨ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹੀ ਆਧਾਰ ਉਤੇ ਵੰਡਣਾ ਚਾਹੀਦਾ ਹੈ ਤਾਂ ਕਿ ਸੂਬਾ ਸਰਕਾਰ ਕੰਮ ਸ਼ੁਰੂ ਕਰਵਾ ਸਕੇ। ਉਨ੍ਹਾਂ ਪੰਚਾਇਤਾਂ ਨੂੰ ਇਜ਼ਲਾਸ ਸੱਦਣ ਲਈ ਪ੍ਰੇਰਿਤ ਕਰਦੇ ਕਿਹਾ ਕਿ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਮਤੇ ਪਾਸ ਕਰਨ।
ਪੰਜਾਹ ਫੀਸਦੀ ਤੋਂ ਵੱਧ ਐੱਸਸੀ ਆਬਾਦੀ ਵਾਲੇ ਪਿੰਡਾਂ ਨੂੰ ਮਿਲੇਗੀ 20 ਲੱਖ ਦੀ ਗਰਾਂਟ: ਬਲਜੀਤ ਕੌਰ
ਫਾਜ਼ਿਲਕਾ (ਪਰਮਜੀਤ ਸਿੰਘ): ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਖਿਆ ਕਿ ਪਿੰਡਾਂ ਦੇ ਵਿਕਾਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਹ ਅੱਜ ਇੱਥੇ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਈ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਐਲਾਣ ਕੀਤਾ ਕਿ ਉਨ੍ਹਾਂ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਜਿਨ੍ਹਾਂ ਪਿੰਡਾਂ ਵਿਚ ਐਸਸੀ ਆਬਾਦੀ 50 ਫੀਸਦੀ ਤੋਂ ਵੱਧ ਹੈ, ਨੂੰ ਪ੍ਰਤੀ ਪਿੰਡ 20 ਲੱਖ ਰੁਪਏ ਦੀ ਵਿਸੇਸ਼ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਫਾਜ਼ਿਲਕਾ ਦੇ 40 ਪਿੰਡ ਆਉਂਦੇ ਹਨ ਅਤੇ ਇਸ ਤਹਿਤ ਗ੍ਰਾਂਟ ਦੀ ਪਹਿਲੀ ਕਿਸ਼ਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਬਿਨ੍ਹਾਂ ਜਿੰਨ੍ਹਾਂ ਪਿੰਡਾਂ ਵਿਚ ਸਰਵਸੰਮਤੀ ਨਾਲ ਚੋਣਾਂ ਹੋਈਆਂ ਹਨ, ਉਨ੍ਹਾਂ ਨੂੰ ਵੀ ਵਿਸੇਸ਼ ਗ੍ਰਾਂਟ ਮਿਲੇਗੀ। ਨਾਲ ਹੀ ਉਨ੍ਹਾਂ ਨੇ ਪਿੰਡਾਂ ਵਿਚ ਭਾਈਚਾਰਾ ਮਜ਼ਬੂਤ ਕਰਨ ਅਤੇ ਜਾਤਪਾਤ ਖਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਹੜੇ ਪਿੰਡ ਸਾਂਝਾ ਸਮਸ਼ਾਨ ਘਾਟ ਬਣਾਉਣਗੇ ਉਨ੍ਹਾਂ ਪਿੰਡਾਂ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਵਿਭਾਗ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਦੇ ਪੰਚਾਂ ਨੂੰ ਕੈਬਨਿਟ ਮੰਤਰੀ ਨੇ ਸਹੁੰ ਚੁਕਾਈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਤੇ ਪੰਚਾਂ ਤੇ ਸਰਪੰਚਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਅੱਜ ਤੋਂ ਪੰਚਾਇਤਾਂ ਦਾ ਅਧਿਕਾਰਤ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਗ੍ਰਾਂਟਾਂ ਦੀ ਘਾਟ ਨਹੀਂ ਆਵੇਗੀ ਅਤੇ ਪੰਚਾਇਤਾਂ ਇਹ ਗ੍ਰਾਂਟ ਪਿੰਡਾਂ ਵਿਚ ਤਨਦੇਹੀ ਨਾਲ ਖਰਚ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ, ਐਸਐਸਪੀ ਸ: ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਤੇ ਹੋਰ ਹਾਜ਼ਰ ਸਨ।
ਪੰਚ ਬਿਨਾਂ ਭੇਦ-ਭਾਵ ਤੋਂ ਪਿੰਡਾਂ ਦਾ ਵਿਕਾਸ ਕਰਵਾਉਣ: ਚੀਮਾ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਕਰਵਾਏ ਜ਼ਿਲ੍ਹਾ ਪੱਧਰੀ ਸੰਹੁ ਚੁੱਕ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਵੇਂ ਚੁਣੇ ਗਏ 1886 ਪੰਚਾਂ ਨੂੰ ਸੰਹੁ ਚੁਕਾਈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮੁੱਢਲੀ ਇਕਾਈ ਦੇ ਮੈਂਬਰ ਬਣੇ ਸਮੂਹ ਪੰਚ ਸਾਹਿਬਾਨ ਨਿਰੰਤਰ ਇਮਾਨਦਾਰੀ, ਬਿਨਾਂ ਕਿਸੇ ਭੇਦਭਾਵ ਦੇ ਆਪਣੀਆਂ ਸੇਵਾਵਾਂ ਨਿਭਾਉਣ। ਇਸ ਮੌਕੇ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਵਿਜੈ ਸਿੰਗਲਾ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।