ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨ ਦਾ ਸੱਦਾ
ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਪਿੰਡ ਘਰਾਚੋਂ, ਝਨੇੜੀ ਅਤੇ ਬਟੜਿਆਣਾ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦੇ ਸਮੇਂ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਦੇ ਮੁੱਦਿਆਂ ਨੂੰ ਵਿਸਾਰ ਕੇ ਇੱਕ ਦੂਸਰੇ ਉੱਪਰ ਦੂਸ਼ਣਬਾਜ਼ੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਸਰਕਾਰ ਵੱਲੋਂ ਫਾਸ਼ੀਵਾਦੀ ਹੱਲੇ ਤਹਿਤ ਲੋਕਾਂ ਨੂੰ ਜਾਤ ਦੇ ਨਾਂ ਉੱਤੇ ਵੰਡਣ ਦੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਚੋਣਾਂ ਸਬੰਧੀ ਪਿਛਲੇ ਦਿਨੀਂ ਦਿੱਤੇ ਬਿਆਨ ਵੋਟ ਜਿਹਾਦ ਜਾਂ ਰਾਮ ਰਾਜ ਦਾ ਮਤਲਬ ਇਨ੍ਹਾਂ ਚੋਣਾਂ ਨੂੰ ਆਖਰੀ ਚੋਣਾਂ ਹੋਣ ਦਾ ਸੰਕੇਤ ਦੇਣਾ ਹੈ। ਉਨ੍ਹਾਂ ਮਜ਼ਦੂਰਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਅਤੇ ਬਾਕੀ ਮੰਗਾਂ ਸਬੰਧੀ ਸਾਰੀਆਂ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਘਰਾਚੋਂ, ਰਾਮਕਰਨ ਸਿੰਘ, ਹਰਦੇਵ ਸਿੰਘ ਬਟੜਿਆਣਾ, ਸੁਖਵਿੰਦਰ ਸਿੰਘ ਤੇ ਚਮਕੌਰ ਸਿੰਘ ਝਨੇੜੀ ਨੇ ਵੀ ਸੰਬੋਧਨ ਕੀਤਾ।