ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ
ਪੱਤਰ ਪ੍ਰੇਰਕ
ਦੇਵੀਗੜ੍ਹ, 3 ਜੁਲਾਈ
ਐੱਸਬੀਆਈ ਦੇ 69ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਦੇਵੀਗੜ੍ਹ ਐੱਸਬੀਆਈ ਬ੍ਰਾਂਚ ਦੇ ਮੁੱਖ ਪ੍ਰਬੰਧਕ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਅਤੇ ਯੁਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਬ੍ਰਾਂਚ ਵੱਲੋਂ 300 ਦੇ ਲਗਭਗ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਜਾਣ ਦੀ ਟੀਚਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਅਤੇ ਟਿਊਬਵੈੱਲਾਂ ’ਤੇ ਬੂਟੇ ਜ਼ਰੂਰ ਲਗਾਉਣ। ਇਸ ਮੌਕੇ ਭਾਰਤੀ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਵਿੰਦਰ ਭਾਰਤੀ ਨੇ ਐੱਸਬੀਆਈ ਬੈਂਕ ਦੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਉਣ ਦੇ ਕੀਤੇ ਜਾ ਰਹੇ ਇਸ ਉਪਰਾਲੇ ਲਈ ਮੈਨੇਜਰ ਇੰਦਰਪਾਲ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਬ੍ਰਾਂਚ ਮੈਨੇਜਰ ਇੰਦਰਪਾਲ ਸਿੰਘ, ਫੀਲਡ ਅਫਸਰ ਰੀਤੂ, ਸੰਜਨਾ ਭਾਰਤੀ, ਕਾਲਜ ਇੰਚਾਰਜ ਅਸਿ. ਪ੍ਰੋ. ਹਰਦੀਪ ਸਿੰਘ ਧਿੰਗੜ, ਬਲਵਿੰਦਰ ਭਾਰਤੀ ਐਮ.ਡੀ. ਭਾਰਤੀ ਸਕੂਲ, ਰਸ਼ਪਾਲ ਭਾਰਤੀ, ਰਾਮ ਸਿੰਘ, ਹੈਪੀ ਗਿਰ ਅਤੇ ਰਣਧੀਰ ਕੁਮਾਰ ਹਾਜ਼ਰ ਸਨ।