ਪੱਤਰਕਾਰਾਂ ਨੂੰ ਬੁਰਾਈਆਂ ਖਤਮ ਕਰਨ ਲਈ ਕਲਮ ਦੀ ਵਰਤੋਂ ਕਰਨ ਦਾ ਸੱਦਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਕਤੂਬਰ
ਗੀਤਾ ਮਨੀਸ਼ੀ ਸੁਆਮੀ ਗਿਆਨਾ ਨੰਦ ਜੀ ਮਹਾਰਾਜ ਨੇ ਕਿਹਾ ਹੈ ਕਿ ਭਾਰਤੀ ਤਿਉਹਾਰ ਸਾਨੂੰ ਅਮੀਰ ਅਤੀਤ ਨਾਲ ਜੁੜੇ ਰੱਖਣ ਦਾ ਕੰਮ ਕਰਦੇ ਹਨ। ਤਿਉਹਾਰਾਂ ਰਾਹੀਂ ਅਸੀਂ ਆਪਣੇ ਅਤੀਤ ਨੂੰ ਸਮਝਣ ਦੇ ਯੋਗ ਹੁੰਦੇ ਹਾਂ। ਦੀਵਾਲੀ ਰੋਸ਼ਨੀ ਦਾ ਤਿਉਹਾਰ, ਹਨੇਰੇ ਤੋਂ ਰੋਸ਼ਨੀ ਦੀ ਪ੍ਰੇਰਨਾ ਦਿੰਦਾ ਹੈ। ਉਹ ਅੱਜ ਕੁਰੂਕਸ਼ੇਤਰ ਪ੍ਰੈੱਸ ਕਲੱਬ ਵੱਲੋਂ ਕਰਵਾਏ ਗਏ ਦੀਵਾਲੀ ਮਿਲਨ ਸਮਾਰੋਹ ਵਿੱਚ ਬੋਲ ਰਹੇ ਸਨ। ਇਸ ਪ੍ਰੋਗਰਾਮ ਵਿਚ ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਗੀਤਾ ਭਾਰਤੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਪੁਲੀਸ ਕਪਤਾਨ ਵਰੁਣ ਸਿੰਗਲਾ, ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ, ਐੱਸਡੀਐੱਮ ਥਾਨੇਸਰ ਕਪਿਲ ਸ਼ਰਮਾ, ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਤੇ ਸਮਾਜ ਸੇਵੀ ਕ੍ਰਿਸ਼ਨ ਛਾਬੜਾ ਵਿਸ਼ੇਸ਼ ਮਹਿਮਾਨ ਰਹੇ। ਸੁਆਮੀ ਗਿਆਨਾ ਨੰਦ ਨੇ ਕਿਹਾ ਕਿ ਭਗਵਾਨ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਪੁੱਜੇ, ਆਪਣੇ ਬਨਵਾਸ ਦੌਰਾਨ ਵੀ ਉਨ੍ਹਾਂ ਸਮਾਨਤਾ, ਸਦਭਾਵਨਾ ਤੇ ਇਕ ਨਵਾਂ ਵਾਤਾਵਰਣ ਬਨਾਉਣ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਖਾਸ ਹੈ ਕਿਉਂਕਿ ਰਾਮ ਚੰਦਰ ਬੱਚੇ ਦੇ ਰੂਪ ਵਿਚ ਅਯੁੱਧਿਆ ਵਿਚ ਬਿਰਾਜਮਾਨ ਹੋਏ ਹਨ। ਅੰਬਾਲਾ ਡਿਵੀਜ਼ਨ ਦੀ ਕਮਿਸ਼ਨਰ ਗੀਤਾ ਭਾਰਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਲਮ ਦੀ ਤਾਕਤ ਨੂੰ ਪਹਿਚਾਨਣਾ ਪਵੇਗਾ ਤੇ ਉਸਾਰੂ ਸੋਚ ਨਾਲ ਪੱਤਰਕਾਰਾਂ ਨੂੰ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੀ ਕਲਮ ਦੀ ਵਰਤੋਂ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਕਿਹਾ ਕਿ ਮੀਡੀਆ ਨੂੰ ਵੱਧ ਤੋਂ ਵੱਧ ਪ੍ਰਚਾਰ ਕਰਕੇ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣ ਦਾ ਸੁਨੇਹਾ ਦੇਣਾ ਚਾਹੀਦਾ ਹੈ। ਆਖਰ ਵਿੱਚ ਸੀਨੀਅਰ ਪੱਤਰਕਾਰ ਡੀਆਰ ਵਿਜ ਦੇ ਦੇਹਾਂਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਾਬੂ ਰਾਮ ਤੁਸ਼ਾਰ, ਜਸਬੀਰ ਸਿੰਘ ਦੁੱਗਲ, ਕਮਲ ਸੈਣੀ, ਸੁਖਬੀਰ ਸੈਣੀ ਹਾਜ਼ਰ ਸਨ।