For the best experience, open
https://m.punjabitribuneonline.com
on your mobile browser.
Advertisement

ਧੀਆਂ ਦੀ ਰਾਖੀ ਲਈ ਕਾਫ਼ਲੇ ਬੰਨ੍ਹ ਕੇ ਨਿਕਲਣ ਦਾ ਸੱਦਾ

06:43 AM Sep 02, 2024 IST
ਧੀਆਂ ਦੀ ਰਾਖੀ ਲਈ ਕਾਫ਼ਲੇ ਬੰਨ੍ਹ ਕੇ ਨਿਕਲਣ ਦਾ ਸੱਦਾ
ਮੁੱਲਾਂਪੁਰ ਵਿੱਚ ਨਾਟਕ ‘ਪਰਿੰਦੇ ਭਟਕ ਗਏ’ ਦਾ ਮੰਚਨ ਕਰਦੇ ਹੋਏ ਕਲਾਕਾਰ। -ਫ਼ੋਟੋ: ਗਿੱਲ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 1 ਸਤੰਬਰ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਮਹੀਨੇ ਦੇ ਅਖੀਰਲੇ ਸ਼ਨਿਚਰਵਾਰ ਨੂੰ ਨਾਟਕਾਂ ਦਾ ਸਮਾਗਮ ਦੇਸ਼ ਲਈ ਜਾਨਾਂ ਵਾਰ ਗਏ ਦੇਸ਼ ਭਗਤਾਂ ਨੂੰ ਸਮਰਪਿਤ ਕੀਤਾ ਗਿਆ। ਦੇਸ਼ ਭਗਤਾਂ ਦੇ ਅਧੂਰੇ ਸੁਫ਼ਨੇ ਪੂਰੇ ਕਰਨ ਦਾ ਸੰਕਲਪ ਮੋਮਬੱਤੀਆਂ ਬਾਲ ਕੇ ਲਿਆ ਗਿਆ।
ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ, ਸਾਬਕਾ ਬੀਡੀਪੀਓ ਧਰਮ ਸਿੰਘ, ਲਖਵਿੰਦਰ ਸਿੰਘ, ਸ਼ੌਕਤ ਅਲੀ ਅਤੇ ਹੋਰਨਾਂ ਨੇ ਉਦਘਾਟਨੀ ਰਸਮ ਨਿਭਾਉਂਦਿਆਂ ‘ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ’ ਦੇ ਬੋਲ ਉੱਚੇ ਕੀਤੇ। ਗੁਰਿੰਦਰ ਗੁਰੀ ਮਾਣਕਵਾਲ ਦੀ ਕਵਿਤਾਵਾਂ ਦੀ ਕਿਤਾਬ ‘ਇੱਕ ਉਮੀਦ ਹਾਂ, ਸੁਪਨਾ ਹਾਂ’ ਜਾਰੀ ਕੀਤੀ ਗਈ।
ਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਹਰਕੇਸ਼ ਚੌਧਰੀ ਨੇ ਕਲਕੱਤੇ ਦੀ ਡਾ. ਮਮਤਾ ਦੇਵਨਾਥ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੋਸ਼ ਲਾਇਆ ਕਿ ਦੇਸ਼ ਦੇ ਹਾਕਮਾਂ ਨੇ ਗੁੰਡਿਆਂ ਨੂੰ ਜਬਰ ਕਰਨ ਲਈ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ। ਉਨ੍ਹਾਂ ਲੋਕਾਂ ਨੂੰ ਧੀਆਂ ਦੀ ਰਾਖੀ ਲਈ ਕਾਫ਼ਲੇ ਬੰਨ੍ਹ ਕੇ ਨਿਕਲਣ ਦਾ ਸੱਦਾ ਦਿੱਤਾ। ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਪਰਿੰਦੇ ਭਟਕ ਗਏ’ ਪੇਸ਼ ਕੀਤਾ ਗਿਆ। ਕਮਲਜੀਤ ਮੋਹੀ, ਸਾਨੀਆ, ਜੁਝਾਰ ਸਿੰਘ, ਨੈਨਾ ਸ਼ਰਮਾ, ਅਤੇ ਦੀਪਕ ਰਾਏ ਨੇ ਆਪਣੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਰੰਗਮੰਚ ਦੀ ਸਫ਼ਲਤਾ ਲਈ ਸੀਏ ਗੁਲਸ਼ਨ ਰਾਏ ਅਤੇ ਉੱਘੇ ਲੇਖਕ ਜਗਤਾਰ ਹਿੱਸੋਵਾਲ ਨੇ ਆਰਥਿਕ ਸਹਾਇਤਾ ਕੀਤੀ। ਪ੍ਰਬੰਧਕਾਂ ਵੱਲੋਂ ਇਸ ਮੌਕੇ ਕਈ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

Advertisement

Advertisement
Advertisement
Author Image

Advertisement