ਕੁੜੀਆਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਸੱਦਾ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 13 ਜਨਵਰੀ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇੰਸਟੀਚਿਊਟ ਦੇ ਵਿਹੜੇ ਵਿੱਚ ਲੱਕੜਾਂ ਜਲਾ ਕੇ ਲੋਹੜੀ ਦਾ ਭੁੱਗਾ ਬਾਲ਼ਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਕੌਂਸਲਰ ਜਸਪ੍ਰੀਤ ਕੌਰ ਅਤੇ ਯੂਥ ਆਗੂ ਰਾਜਾ ਕੰਵਰਜੋਤ ਸਿੰਘ ਵਿਸ਼ੇਸ਼ ਮਹਿਮਾਨ ਸਨ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ, ਡਾਇਰੈਕਟਰ ਡਾ. ਅਨੀਤ ਬੇਦੀ ਅਤੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਬੇਦੀ ਨੇ ਲੱਕੜਾਂ ਦਾ ਭੁੱਗਾ ਜਲਾਇਆ। ਵਿਦਿਆਰਥੀ ਅਤੇ ਸਟਾਫ਼ ਮੈਂਬਰਾਂ ਨੇ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਨੇ ਰੰਗਾ-ਰੰਗ ਸਭਿਅਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨਿਆ ਅਤੇ ਪੰਜਾਬ ਦੇ ਹੀਰੋ ਦੁੱਲਾ ਭੱਟੀ ਦੀ ਯਾਦ ਵਿੱਚ ਸੁੰਦਰ ਮੁੰਦਰੀਏ ਗੀਤ ਗਾ ਕੇ ਉਸ ਮਹਾਨ ਵਿਅਕਤੀ ਨੂੰ ਯਾਦ ਕੀਤਾ। ਵਿਦਿਆਰਥੀਆਂ ਨੂੰ ਮੂੰਗਫਲੀ, ਰਿਉੜੀਆਂ ਅਤੇ ਗੱਚਕ ਵੀ ਵੰਡੀ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਮੁੱਲਾਂਪੁਰ ਗ਼ਰੀਬਦਾਸ, ਨਵਾਂ ਗਾਉਂ ਆਦਿ ਵਿੱਚ ਲੋਕਾਂ ਵੱਲੋਂ ਅੱਜ ਲੋਹੜੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੁੱਲਾਂਪੁਰ ਗ਼ਰੀਬਦਾਸ, ਮਾਜਰਾ, ਪੜੌਲ ਦੇ ਬਾਜ਼ਾਰਾਂ ਵਿੱਚ ਲੋਹੜੀ ਦਾ ਸਾਮਾਨ ਖ਼ਰੀਦਣ ਤੇ ਵੇਚਣ ਵਾਲਿਆਂ ਦੀ ਭੀੜ ਲੱਗੀ ਰਹੀ। ਲੋਕਾਂ ਨੇ ਆਪਣੇ ਘਰਾਂ ਦੇ ਵਿਹੜਿਆਂ ਅਤੇ ਚੌਕਾਂ ਵਿੱਚ ਇਕੱਠੇ ਹੋ ਕੇ ਅੱਗ ਬਾਲ਼ੀ ਗਈ। ਇਸੇ ਦੌਰਾਨ ਬਾਬਾ ਜ਼ਵਾਹਰ ਸਿੰਘ ਜੀ ਹਰੀਪੁਰ ਹਿਮਾਚਲ ਵਾਲਿਆਂ ਦੇ ਦਰਬਾਰ ਵਿੱਚ ਜਾਣ ਵਾਲੀ ਸੰਗਤ ਲਈ ਪਿੰਡ ਕਰਤਾਰਪੁਰ, ਸਿੱਸਵਾਂ ਅਤੇ ਕਸੌਲੀ ਵਿਖੇ ਲੰਗਰ ਲਗਾਏ ਗਏ।
ਲਾਲੜੂ (ਪੱਤਰ ਪ੍ਰੇਰਕ): ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਾਲੜੂ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਾਰਜਕਾਰੀ ਨਿਰਦੇਸ਼ਕ ਕੰਵਲਜੀਤ ਕੌਰ ਵੀ ਹਾਜ਼ਰ ਸਨ। ਸੰਸਥਾ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਯੂਨੀਵਰਸਲ ਗਰੁੱਪ ਦੇ ਚੇਅਰਮੈਨ ਅਤੇ ਅਗਜ਼ੈਕਟਿਵ ਡਾਇਰੈਕਟਰ ਅਤੇ ਸਟਾਫ਼ ਮੈਂਬਰਾਂ ਨੇ ਲੋਹੜੀ ’ਚ ਤਿਲ ਪਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ| ਇਸ ਮੌਕੇ ਵਿਦਿਆਰਥੀਆਂ ਦੀਆਂ ਸੰਗੀਤਕ ਅਤੇ ਨਾਚ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ।
ਅਮਲੋਹ (ਪੱਤਰ ਪ੍ਰੇਰਕ): ਦਿਵਿਆਂਗਾਂ ਵੱਲੋਂ ਬਣਾਈ ਗਈ ਫਤਹਿ ਫ਼ਿਜੀਕਲ ਦਿਵਿਆਂਗ ਲੋਕ ਭਲਾਈ ਸੰਸਥਾ ਅਮਲੋਹ ਵੱਲੋਂ ਅਮਲੋਹ ਵਿੱਚ ਇਕਠੇ ਹੋ ਕੇ ਮੀਟਿੰਗ ਉਪਰੰਤ ਲੋਹੜੀ ਮਨਾਈ ਗਈ। ਸਮਾਜ ਸੇਵੀ ਰਮਨਦੀਪ ਸਿੰਘ ਨੇ ਦੱਸਿਆ ਕੇ ਸਮਾਗਮ ਵਿਚ ਸਮਾਜ ਸੇਵੀ ਗੁਰਵਿੰਦਰ ਸਿੰਘ ਸੋਨੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਕੁਲਦੀਪ ਕੁਮਾਰ, ਅਨੂਪ ਕੌਰ, ਮੀਨੂ ਰਾਣੀ, ਕਿਰਨ ਕੌਰ, ਪਰਮਜੀਤ ਕੌਰ, ਰਾਜ ਕੌਰ, ਜਗਦੀਪ ਜੋਨੀ, ਇੰਦਰ ਬਰਾੜ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਅੱਜ ਵੱਡੀ ਗਿਣਤੀ ਸ਼ਰਧਾਲੂ ਮਾਤਾ ਮਨਸਾ ਦੇਵੀ ਮੰਦਰ ਅਤੇ ਗੁਰਦੁਆਰਾ ਨਾਢਾ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ। ਪੰਚਕੂਲਾ ਦੇ ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਵਿੱਚ ਵੀ ਲੋਹੜੀ ਮਨਾਈ ਗਈ। ਸੈਕਟਰ-20 ਦੇ ਕਾਲੀ ਮਾਤਾ ਮੰਦਰ, ਸੈਕਟਰ-9 ਦੇ ਪੁਰਾਤਨ ਸ਼ਿਵ ਮੰਦਰ ਵਿੱਚ ਸ਼ਵੇਰ ਤੋਂ ਵੀ ਸ਼ਰਧਾਲੂਆਂ ਦੀ ਭੀੜ ਵਿਖਾਈ ਦਿੱਤੀ। ਕਈ ਪ੍ਰਾਇਵੇਟ ਸਕੂਲਾਂ ਵਾਲਿਆਂ ਨੇ ਲੋਹੜੀ ਦਾ ਤਿਉਹਾਰ ਆਪਣੇ ਸਕੂਲਾਂ ਵਿੱਚ ਮਨਾਇਆ। ਕਾਲਕਾ, ਪਿੰਜੌਰ, ਰਾਏਪੁਰਾਣੀ, ਮੋਰਨੀ ਅਤੇ ਬਰਵਾਲਾ, ਰਾਮਗੜ੍ਹ ਵਿੱਚ ਵੀ ਲੋਹੜੀ ਮਨਾਈ ਗਈ। ਲੋਹੜੀ ਬਾਲਣ ਕਾਰਨ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ।
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸਮਾਜ ਲੜਕੀਆਂ ਤੋਂ ਬਿਨਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਨੂੰ ਪੰਜ ਸਾਲ ਦੀ ਉਮਰ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਸਿਵਲ ਹਸਪਤਾਲ ਵਿਖੇ ਨਵਜਨਮੀਆਂ 7 ਧੀਆਂ ਨੂੰ ਗਰਮ ਕੱਪੜੇ ਅਤੇ ਲੋਹੜੀ ਦਾ ਸਾਮਾਨ ਭੇਟ ਕੀਤਾ ਗਿਆ ਤੇ ਸਟਾਫ ਮੈਂਬਰਾਂ ਨੂੰ ਵੀ ਲੋਹੜੀ ਵੰਡੀ ਗਈ।
ਧੀਆਂ ਦੀ ਲੋਹੜੀ ਭਲਕੇ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 15 ਜਨਵਰੀ ਨੂੰ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਆਮ ਖਾਸ ਬਾਗ਼ ਵਿਖੇ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਮਨਾਈ ਜਾਵੇਗੀ। ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ 50 ਨਵ-ਜੰਮੀਆਂ ਬੱਚੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਅਮਲੋਹ, 18 ਜਨਵਰੀ ਨੂੰ ਖਮਾਣੋਂ ਅਤੇ 19 ਜਨਵਰੀ ਨੂੰ ਬਸੀ ਪਠਾਣਾਂ ਵਿਖੇ ਧੀਆਂ ਦੀ ਲੋਹੜੀ ਮਨਾਈ ਜਾਵੇਗੀ।