For the best experience, open
https://m.punjabitribuneonline.com
on your mobile browser.
Advertisement

ਲੋਹੜੀ ਮੌਕੇ ਧੀਆਂ ਦਾ ਬਰਾਬਰ ਸਨਮਾਨ ਕਰਨ ਦਾ ਸੱਦਾ

07:33 AM Jan 14, 2024 IST
ਲੋਹੜੀ ਮੌਕੇ ਧੀਆਂ ਦਾ ਬਰਾਬਰ ਸਨਮਾਨ ਕਰਨ ਦਾ ਸੱਦਾ
ਤਲਵੰਡੀ ਖੁਰਦ ’ਚ ਧੀਆਂ ਦੀ ਲੋਹੜੀ ਮਨਾਉਂਦੇ ਹੋਏ ਸਵਾਮੀ ਸ਼ੰਕਰਾਨੰਦ ਭੂਰੀ ਵਾਲੇ ਤੇ ਹੋਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜਨਵਰੀ
ਨਜ਼ਦੀਕੀ ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਦੀ ਅਗਵਾਈ ਹੇਠ 21 ਬੇਸਹਾਰਾ ਬਾਲੜੀਆਂ ਦੀ ਲੋਹੜੀ ਮਨਾਈ ਗਈ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ਕੁਲਦੀਪ ਸਿੰਘ ਮਾਨ ਸਕੱਤਰ, ਐੱਸਡੀਐੱਮ ਗੁਰਬੀਰ ਸਿੰਘ ਕੋਹਲੀ, ਪ੍ਰੋ. ਸੁਖਵਿੰਦਰ ਸੁੱਖੀ, ਅੱਖਾਂ ਦੇ ਮਾਹਿਰ ਡਾ. ਰਾਜਿੰਦਰ ਸਿੰਘ ਲੁਧਿਆਣਾ ਆਦਿ ਨੇ ਲੋਹੜੀ ਵਾਲ ਕੇ ਤਿਲ, ਚੌਲ, ਮੂੰਗਫ਼ਲੀ ਅਤੇ ਦੇਸੀ ਘਿਓ ਪਾਉਂਦਿਆਂ ਦਲਿੱਦਰ ਰੂਪੀ ਬੁਰਾਈਆਂ ਦੇ ਖ਼ਾਤਮੇ ਅਤੇ ਹਰ ਘਰ ਧੀਆਂ ਨੂੰ ਅਪਣਾਉਣ ਦੀ ਕਾਮਨਾ ਕੀਤੀ। ਬਾਲਘਰ ਅੰਦਰ ਬੱਚਿਆਂ ਦੀ ਸਾਂਭ-ਸੰਭਾਲ ਕਰ ਰਹੀਆਂ ਬੀਬੀਆਂ ਨੂੰ ਬਾਲੜੀਆਂ ਸਣੇ ਲੋਹੜੀ ਦੇ ਤੋਹਫ਼ੇ ਦਿੱਤੇ ਗਏ। ਐੱਸਡੀਐੱਮ ਕੋਹਲੀ ਨੇ ਬਾਲਘਰ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਕੋਈ ਵੀ ਬੇਸਹਾਰਾ ਬੱਚਾ ਸੰਭਾਲਣਾ ਪ੍ਰਸ਼ਾਸਨ ਲਈ ਔਖਾ ਹੁੰਦਾ ਹੈ ਪਰ ਐੱਸਜੀਬੀ ਫਾਊਂਡੇਸ਼ਨ ਵਰਗੇ ਅਦਾਰੇ ਉਨ੍ਹਾਂ ਨੂੰ ਹਰ ਬੱਚੇ ਦੀ ਸਹਾਇਤਾ ਕਰਨ ਦਾ ਬਲ ਦਿੰਦੇ ਹਨ। ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਨੇ ਕਿਹਾ ਅੱਜ ਸਮਾਜ ਅੰਦਰ ਧੀਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਸਨਮਾਨ ਦੀ ਵੱਡੀ ਲੋੜ ਹੈ, ਕਿਸੇ ਵੀ ਘਰ ਧੀ ਦੇ ਅੱਖ ਖੋਲ੍ਹਣ ਤੋਂ ਲੈ ਕੇ ਵਧੀਆ ਪਾਲਣ ਪੋਸ਼ਣ ਅਤੇ ਉੱਚ ਵਿਦਿਆ ਦਾ ਸੰਗ੍ਰਹਿ ਕਰਵਾਉਣਾ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਇਸ ਮੌਕੇ ਸਵਾਮੀ ਓਮਾ ਨੰਦ, ਡਾ. ਜਸਜੀਤ ਕੌਰ ਜੈਸਿਕਾ, ਏਕਮਦੀਪ ਕੌਰ ਗਰੇਵਾਲ, ਡਾ. ਮਨਦੀਪ ਕੌਰ, ਡਾ. ਰਵਦੀਪ ਸਿੰਘ, ਮੱਘਰ ਸਿੰਘ ਜੋਗੀਮਾਜਰਾ, ਸੰਗਤ ਸਿੰਘ, ਬਲਦੇਵ ਅਰੋੜਾ, ਰੋਹਿਤ ਅਰੋੜਾ, ਅਮਰਜੀਤ ਸਿੰਘ, ਭਾਈ ਬਲਜਿੰਦਰ ਸਿੰਘ ਲਿੱਤਰ, ਮਨਿੰਦਰ ਸਿੰਘ ਮਾਜਰੀ, ਕੁਲਵਿੰਦਰ ਸਿੰਘ ਡਾਂਗੋਂ, ਜਸਵਿੰਦਰ ਸਿੰਘ ਵਿਰਕ, ਰਵਿੰਦਰ ਕੌਰ, ਗੌਰਵ ਸਿੰਗਲਾ ਆਦਿ ਹਾਜ਼ਰ ਸਨ।
ਸਮਰਾਲਾ (ਪੱਤਰ ਪ੍ਰੇਰਕ): ਵਿੱਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਲੋਹੜੀ ਨਾਲ ਸਬੰਧਤ ਗੀਤ ਅਤੇ ਟੱਪੇ ਪੇਸ਼ ਕੀਤੇ ਗਏ। ਕਾਲਜ ਦੇ ਚੇਅਰਪਰਸਨ ਡਾ. ਪ੍ਰੇਮ ਲਾਲ ਬਾਂਸਲ ਅਤੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥਣਾਂ ਨੇ ਧੂਣੀ ਬਾਲ ਕੇ ਤਿਲ ਅਤੇ ਗੁੜ੍ਹ ਨਾਲ ਮੱਥਾ ਟੇਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਾਲਜ ਦੇ ਡਾਇਰੈਕਟਰ ਵਿਸ਼ਾਲ ਬਾਂਸਲ, ਸਕੱਤਰ ਸੁਨੀਲ ਅਗਰਵਾਲ, ਰੋਹਿਤ ਅਗਰਵਾਲ, ਸੁਨੀਤਾ ਰਾਣੀ, ਪੰਕਜ ਬਾਂਸਲ, ਨੇਹਾ ਅਗਰਵਾਲ ਮੌਜੂਦ ਸਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦਾ ਆਰੰਭ ਅੱਗ ਜਲਾ ਕੇ ਕਾਲਜ ਦੇ ਚੇਅਰਮੈਨ ਗੁਰਸ਼ਰਨ ਸਿੰਘ ਨੇ ਕੀਤਾ। ਉਨ੍ਹਾਂ ਸਮਾਜ ਵਿਚ ਲੜਕੇ ਤੇ ਲੜਕੀ ਦੀ ਸਮਾਨਤਾ ਦੀ ਗੱਲ ਕਰਦਿਆਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ’ਤੇ ਜਿਸ ਤਰ੍ਹਾਂ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਘੱਟ ਹੈ, ਉਹ ਸਾਡੇ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਜਨਮ ’ਤੇ ਪਰਿਵਾਰ ਨੂੰ ਸਮਾਨ ਰੂਪ ਵਿਚ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਲੋਕ ਗੀਤ, ਬੋਲੀਆਂ, ਡਾਂਸ, ਭੰਗੜਾ, ਗਿੱਧਾ ਪਾ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਕਾਲਜ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਸਫ਼ਲ ਜੀਵਨ ਦੀ ਕਾਮਨਾ ਕੀਤੀ।

Advertisement

ਆਂਗਣਵਾੜੀ ਸੈਂਟਰ ’ਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ

ਮਾਛੀਵਾੜਾ ਵਿੱਚ ਨਵਜੰਮੀਆਂ ਧੀਆਂ ਨੂੰ ਲੋਹੜੀ ਵੰਡਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਟੱਕਰ

ਮਾਛੀਵਾੜਾ (ਪੱਤਰ ਪ੍ਰੇਰਕ): ਆਂਗਣਵਾੜੀ ਸੈਂਟਰ ਨੰ. 122 ਵਿਚ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਚਰਨਜੀਤ ਸਿੰਘ ਥੋਪੀਆਂ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਛਿੰਦੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਤੇ ਪੁੱਤਰਾਂ ਵਿਚ ਕੋਈ ਫ਼ਰਕ ਨਹੀਂ ਸਮਝਣਾ ਚਾਹੀਦਾ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਉੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ। ਇਸ ਮੌਕੇ ਧੀਆਂ ਨੂੰ ਸੂਟ, ਝੂਲੇ, ਮੂੰਗਫ਼ਲੀ, ਰਿਓੜੀਆਂ, ਖਿਡੌਣੇ, ਕਾਪੀਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਹੀ ਸਾਂਝਾ ਘਰ ਵਿੱਚ ਵੀ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ 300 ਤੋਂ ਵੱਧ ਲੋਕਾਂ ਨੇ ਭਾਗ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਉਨ੍ਹਾਂ ਵਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀ, ਜਿਸ ਨੂੰ ਪਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਪੰਜਾਬੀ ਗਾਇਕਾ ਨਾਜਿਮਾ ਖ਼ਾਨ ਦੀਆਂ ਬੋਲੀਆਂ ’ਤੇ ਗਿੱਧਾ ਭੰਗੜਾ ਪਾ ਕੇ ਲੋਹੜੀ ਮਨਾਈ ਗਈ।

Advertisement

ਲੰਗਰ ਲਾ ਕੇ ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ

ਖੰਨ (ਨਿੱਜੀ ਪੱਤਰ ਪ੍ਰੇਰਕ): ਮਾਘੀ ਅਤੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਖੰਨਾ ਦੇ ਨਾਮਵਰ ਸੋਸ਼ਲ ਆਗੂ ਸਸ਼ੀ ਸਾਹਨੇਵਾਲੀਆ ਦੀ ਅਗਵਾਈ ਹੇਠਾਂ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਛੋਲੇ ਪੂਰੀਆਂ ਦਾ ਖੁੱਲ੍ਹਾ ਲੰਗਰ ਲਾਇਆ ਗਿਆ। ਇੱਥੇ ਹਜ਼ਾਰਾਂ ਦੀ ਤਾਦਾਦ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਹੋਰ ਰਾਹਗੀਰਾਂ ਨੇ ਲੰਗਰ ਛਕਿਆ। ਇਸ ਮੌਕੇ ਸ੍ਰੀ ਸਾਹਨੇਵਾਲੀਆ ਨੇ ਭਾਰੀ ਠੰਢ ਨੂੰ ਮੁੱਖ ਰੱਖਦਿਆਂ ਕਈ ਲੋੜਵੰਦਾਂ ਦੀ ਮਾਇਕ ਸਹਾਇਤਾ ਵੀ ਕੀਤੀ। ਇਸ ਮੌਕੇ ਨਰੇਸ਼ ਗਾਂਧੀ, ਪ੍ਰਦੀਪ ਭੱਟੀ, ਰਮੇਸ਼ ਜਿੰਦਲ, ਹਰੀਸ਼ ਵਡੇਰਾ, ਯੁਵਰਾਜ ਸਿੰਘ, ਕਮਲ ਕਟਾਰੀਆ, ਸਤੀਸ਼ ਕੁਮਾਰ, ਰਿੰਕੂ, ਰਜੇਸ਼ ਖੰਨਾ, ਸੰਜੀਵ ਕੁਮਾਰ ਆਦਿ ਨੇ ਲੰਗਰ ਵਿਚ ਸੇਵਾ ਨਿਭਾਈ।

Advertisement
Author Image

Advertisement