ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਤੇ ਫ਼ਸਲੀ ਵਿਭਿੰਨਤਾ ਦਾ ਸੱਦਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 30 ਨਵੰਬਰ
ਬਲਾਕ ਰਤੀਆ ਦੇ ਪਿੰਡ ਭੂੰਦੜਵਾਸ ਵਿੱਚ ਬਾਗ਼ਬਾਨੀ ਵਿਭਾਗ ਵੱਲੋਂ ਬਾਗ਼ਬਾਨੀ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤਹਿਤ 100 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਜਾਗਰੂਕਤਾ ਮੁਹਿੰਮ ਵਿੱਚ ਜ਼ਿਲ੍ਹਾ ਬਾਗਬਾਨੀ ਅਫ਼ਸਰ ਡਾ: ਸ਼ਰਵਣ ਕੁਮਾਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਹੋਰਨਾਂ ਫ਼ਸਲਾਂ ਤੋਂ ਇਲਾਵਾ ਬਾਗਬਾਨੀ ਅਤੇ ਸਬਜ਼ੀਆਂ ਦੀ ਫ਼ਸਲ ਬੀਜਣ ਵੱਲ ਆਪਣਾ ਝੁਕਾਅ ਵਧਾਉਣ ਕਿਉਂਕਿ ਬਾਗ਼ਬਾਨੀ ਅਤੇ ਸਬਜ਼ੀਆਂ ਦੀ ਫ਼ਸਲ ਦੀ ਕਾਸ਼ਤ ਹੋਰਨਾਂ ਫ਼ਸਲਾਂ ਨਾਲੋਂ ਵੱਧ ਆਮਦਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਵਿਗਿਆਨੀਆਂ ਦੇ ਆਪਸੀ ਸਹਿਯੋਗ ਨਾਲ ਉਨ੍ਹਾਂ ਨੂੰ ਸਹੀ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਘੱਟ ਖਰਚੇ ਨਾਲ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕੇ। ਬਾਗ਼ਬਾਨੀ ਵਿਕਾਸ ਅਫਸਰ ਪਵਨ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਨਵੇਂ ਬਾਗਾਂ ਲਈ 43,000 ਰੁਪਏ ਪ੍ਰਤੀ ਏਕੜ ਅਤੇ ਏਕੀਕ੍ਰਿਤ ਸਬਜ਼ੀਆਂ ਦੀ ਪੈਦਾਵਾਰ ਲਈ 15,000 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਬਗੀਚਿਆਂ ਵਿੱਚ, ਮੁੱਖ ਤੌਰ ’ਤੇ ਅਮਰੂਦ, ਨਿੰਬੂ ਜਾਤੀ, ਆੜੂ, ਅੰਜੀਰ, ਅਨਾਰ, ਸਟਰਾਬੇਰੀ ਅਤੇ ਸਬਜ਼ੀਆਂ ਦੀ ਕਾਸ਼ਤ, ਲਾਅ ਟਨਲ ਅਤੇ ਡਰਿੱਪ ਵਿਧੀ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਕਾਸ਼ਤ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬਾਂਸ ਦੀ ਮਦਦ ਨਾਲ ਸਬਜ਼ੀਆਂ ਦੀ ਕਾਸ਼ਤ, ਏਕੀਕ੍ਰਿਤ ਸਬਜ਼ੀਆਂ ਦੇ ਉਤਪਾਦਨ, ਮਸ਼ਰੂਮ ਹੱਟ ਅਤੇ ਖੁੰਬਾਂ ਦੀ ਝੌਂਪੜੀ ਲਈ 85 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਸਾਰੀਆਂ ਸਕੀਮਾਂ ਦਾ ਲਾਭ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਦਿੱਤਾ ਜਾ ਰਿਹਾ ਹੈ। ਕੁੱਲ 443 ਬੀਜ ਮਿਨੀਕਿਟਸ ਦਾ ਲਾਭ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਦਿੱਤਾ ਜਾ ਰਿਹਾ ਹੈ।