ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ ਦਾ ਸੱਦਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਸਤੰਬਰ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ, ਤਰਕਸ਼ੀਲ ਸਿਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਮਜਦੂਰ ਕੇਂਦਰ, ਇਨਕਲਾਬੀ ਕੇਂਦਰ ਦੇ ਕਾਰਕੁਨਾਂ ਵੱਲੋਂ ਅੱਜ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਬੁੱਤਾਂ ’ਤੇ ਹਾਰ ਪਾਏ ਗਏ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ’ਤੇ ਝੰਡਾ ਝੁਲਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਸਵੰਤ ਜੀਰਖ ਨੇ ਸ਼ਹੀਦਾਂ ਵੱਲੋਂ ਚਿਤਵੇ ਮਨੁੱਖੀ ਬਰਾਬਰੀ ’ਤੇ ਅਧਾਰਤ ਸਮਾਜ ਸਿਰਜਣ ਲਈ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਅੰਗਰੇਜ਼ਾਂ ਦੇ ਪਦ ਚਿਨ੍ਹਾਂ ’ਤੇ ਚੱਲ ਰਹੇ ‘ਪਾੜੋ ਤੇ ਰਾਜ ਕਰੋ’ ਦਾ ਰਾਜ ਪ੍ਰਬੰਧ ਖਤਮ ਕਰਕੇ ਧਰਮ, ਜਾਤ ਪਾਤ ’ਤੇ ਅਧਾਰਤ ਫਿਰਕੂ ਨਫ਼ਰਤ ਦੀ ਥਾਂ ਆਪਸੀ ਭਾਈਚਾਰਕ ਸਾਂਝ ਪੈਦਾ ਕਰਕੇ ਦੇਸ਼ ਨੂੰ ਵੇਚਣ , ਲੁੱਟਣ ਅਤੇ ਕੁੱਟਣ ਦੀ ਰਾਜਨੀਤੀ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਇਸ ਵਿੱਚ ਉਕਤ ਤੋਂ ਇਲਾਵਾ ਰਾਕੇਸ਼ ਆਜ਼ਾਦ, ਐਡਵੋਕੇਟ ਹਰਪ੍ਰੀਤ ਜੀਰਖ , ਕਾ ਸੁਰਿੰਦਰ ਸਿੰਘ, ਡਾ ਹਰਬੰਸ ਗਰੇਵਾਲ, ਮਾ ਪ੍ਰਮਜੀਤ ਪਨੇਸਰ, ਜਗਜੀਤ ਸਿੰਘ, ਮਾ ਸੁਰਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਵਰੁਣ ਕੁਮਾਰ, ਰਵਿਤਾ, ਅੰਮ੍ਰਿਤਪਾਲ ਸਿੰਘ,ਮਹੇਸ਼ ਕੁਮਾਰ, ਮਾਨ ਸਿੰਘ ਸਮੇਤ ਸਫਾਈ ਕਾਮਿਆਂ ਦੀ ਸਮੁੱਚੀ ਟੀਮ ਨੇ ਸ਼ਿਰਕਤ ਕਰਦਿਆਂ ਸ਼ਹੀਦ ਦੀ ਯਾਦ ਵਿੱਚ ਨਾਅਰੇ ਲਾਏ।
ਸੂਫ਼ੀਆਨਾ ਸੁਰਾਂ ਦੀ ਛਹਿਬਰ ਲਾਈ
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਸ਼ਮੀਤ ਮਿਊਜ਼ਕ ਇੰਸਟੀਚਿਊਟ ਵਿੱਚ ਅੱਜ ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੂਫੀਆਨਾ ਸ਼ਾਮ ਕਰਵਾਈ ਗਈ। ਅਮਰੀਕਾ ਵਿੱਚ ਵਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਇਸ ਮੌਕੇ ਸੂਫੀਆਨਾ ਕਲਾਮ ਪੇਸ਼ ਕੀਤੇ। ਇਸ਼ਮੀਤ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਪਦਮ ਸ੍ਰੀ ਹੰਸ ਰਾਜ ਹੰਸ ਦੇ ਸ਼ਾਗਿਰਦ ਸੁਖਦੇਵ ਸਾਹਿਲ ਨੇ ਪੰਜਾਬ ਰਹਿੰਦਿਆਂ ਫਗਵਾੜਾ ਵਿੱਚ ਸੂਫ਼ੀ ਤੇ ਸੁਗਮ ਸੰਗੀਤ ਦੇ ਖੇਤਰ ਵਿੱਚ ਤਪੱਸਵੀਂ ਵਾਂਗ ਜੀਵਨ ਗੁਜ਼ਾਰਿਆ। ਹੁਣ ਅਮਰੀਕਾ ਵਿੱਚ ਵੀ ਉਹ ਲਗਾਤਾਰ ਇਸ ਮਿਸ਼ਨ ਨੂੰ ਲੈ ਕੇ ਅੱਗੇ ਵੱਧ ਰਹੇ ਹਨ। ਸੁਖਦੇਵ ਸਾਹਿਲ ਨੇ ਇਸ ਪ੍ਰੋਗ਼ਾਮ ਦਾ ਆਗਾਜ਼ ਸੁਲਤਾਨ ਬਾਹੂ, ਮੀਆਂ ਮੁਹੰਮਦ ਬਖ਼ਸ਼, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਤੁਫ਼ੈਲ ਨਿਆਜ਼ੀ ਦੇ ਗਾਏ ਲੋਕ ਗੀਤ ‘ਚਿੜੀਆਂ ਦਾ ਚੰਬਾ’ ਨਾਲ ਕੀਤਾ। ਬੰਸਰੀ ਵਾਦਕ ਮੋਹਿਤ ਨੇ ਆਪਣੇ ਸੁਰਾਂ ਦੀ ਛੋਹ ਨਾਲ ਪ੍ਰੋਗਰਾਮ ਨੂੰ ਸਿਖ਼ਰ ’ਤੇ ਪਹੁੰਚਾਇਆ। ਇਸ ਸਮਾਗਮ ਵਿੱਚ ਇਸ਼ਮੀਤ ਇੰਸਟੀਚਿਊਟ ਦੇ ਕਲਾਕਾਰਾਂ ਹਰਸ਼ੀਨ ਕੌਰ ਤੇ ਮਿਸ ਰਾਸ਼ੀ ਨੇ ਵੀ ਸੂਫ਼ੀ ਕਲਾਮ ਪੇਸ਼ ਕੀਤੇ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਖਦੇਵ ਸਾਹਿਲ ਨੇ ਹੁਣ ਤੀਕ ਉਰਦੂ ਤੇ ਪੰਜਾਬੀ ਸਾਹਿੱਤ ਦੀਆਂ ਚੰਗੀਆਂ ਸਾਹਿੱਤਕ ਵੰਨਗੀਆਂ ਨੂੰ ਰੀਕਾਰਡ ਕਰਕੇ ਆਪਣੇ ਸ਼ਾਗਿਰਦਾਂ ਨੂੰ ਵੀ ਇਸ ਮਾਰਗ ਤੇ ਤੋਰਿਆ ਹੈ।