ਪਟਿਆਲਾ ਜ਼ਿਲ੍ਹੇ ਦੇ ‘ਆਪ’ ਵਿਧਾਇਕਾਂ ਵੱਲੋਂ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦਾ ਸੱਦਾ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਪੰਚਾਇਤੀ ਚੋਣਾ ਦੇ ਮੱਦੇਨਜ਼ਰ ਅੱਜ ਇਥੇ ਸਰਕਟ ਹਾਊਸ ਵਿੱਚ ਇਕੱਤਰ ਹੋਏ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਨੇ ਲੋਕਾਂ ਨੂੰ ਪਿੰਡਾਂ ਵਿਚਲੀ ਧੜੇਬੰਦੀ ਅਤੇ ਸਿਆਸੀ ਖਹਿਬਾਜ਼ੀ ਤੋਂ ਉਪਰ ਉੱਠ ਕੇ ਸਰਪੰਚ ਪੰਚ ਚੁਣਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੁੱਲ ਅੱਠ ਹਲਕੇ ਹਨ ਤੇ ਇਤਫਾਕ ਨਾਲ ਇਨ੍ਹਾਂ ਸਾਰੇ ਹਲਕਿਆਂ ਤੋਂ ‘ਆਪ’ ਦੇ ਹੀ ਵਿਧਾਇਕ ਹਨ। ਇਨ੍ਹਾਂ ਵਿੱਚੋਂ ਇਸ ਵੇਲੇ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਵਜੋਂ ਡਾ. ਬਲਬੀਰ ਸਿੰੰਘ ਸਿਹਤ ਮੰਤਰੀ ਵਜੋਂ ਕਾਰਜਸ਼ੀਲ ਹਨ। ਜ਼ਿਲ੍ਹੇ ਦੇ ਵਿਧਾਇਕਾਂ ਦੀ ਇਸ ਮੀਟਿੰਗ ’ਚ ਉਨ੍ਹਾਂ ਤੋਂ ਬਿਨਾ ਬਾਕੀ ਸਾਰੇ ਸੱਤ ਵਿਧਾਇਕ ਮੌਜੂਦ ਰਹੇ। ਮੀਟਿੰਗ ’ਚ ਸਮਾਣਾ ਦੇ ਚੇਤਨ ਸਿੰਘ ਜੌੜਾਮਾਜਰਾ ਤੇ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਸਣੇ ਅਜੀਤਪਾਲ ਕੋਹਲੀ, ਗੁਰਲਾਲ ਘਨੌਰ, ਦੇਵ ਮਾਨ, ਕੁਲਵੰਤ ਬਾਜ਼ੀਗਰ ਅਤੇ ਨੀਨਾ ਮਿੱਤਲ ਰਾਜਪੁਰਾ ਸ਼ਾਮਲ ਰਹੇ।
ਇਨ੍ਹਾਂ ਵਿਧਾਇਕਾਂ ਨੇ ਸਾਂਝੇ ਤੌਰ ’ਤੇ ਜ਼ਿਲ੍ਹੇ ਦੇ ਦਿਹਾਤੀ ਖੇਤਰ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਤੇ ਪਿੰਡਾਂ ਦੇ ਵਿਕਾਸ ਅਤੇ ਸੁਧਾਰ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਯਕੀਨੀ ਬਣਾਉਣ ਲਈ ਇਨ੍ਹਾਂ ਚੋਣਾਂ ’ਚ ਧੜੇਬੰਦੀ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਬੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ। ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਅਜਿਹਾ ਕਰਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਗਈ ਪੰਜ ਲੱਖ ਦੀ ਵਿਸ਼ੇਸ ਗਰਾਂਟ ਵੀ ਹਾਸਲ ਕਰ ਸਕਦੇ ਹਨ।