‘ਇੰਡੀਆ’ ਗੱਠਜੋੜ ਦੇ ਹੱਕ ਵਿਚ ਅਦ੍ਰਿਸ਼ ਹਨੇਰੀ ਚੱਲੀ: ਖੜਗੇ
ਕਲਬੁਰਗੀ (ਕਰਨਾਟਕ), 12 ਅਪਰੈਲ
ਕਾਂਗਰਸ ਪ੍ਰਧਾਨ ਐੱਮ.ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦੇ ਹੱਕ ਵਿਚ ਅਦ੍ਰਿਸ਼ ਹਨੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰਭਾਵ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਪਕ ਚੋਣ ਪ੍ਰਚਾਰ ਕਰਨਾ ਪੈ ਰਿਹਾ ਹੈ। ਖੜਗੇ ਨੇ ਸ੍ਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਅਯੁੱਧਿਆ ਮੰਦਿਰ ਵਿਚ ਰਾਮ ਦੀ ਮੂਰਤੀ ਅੱਗੇ ਖੜ੍ਹ ਕੇ ਸਹੁੰ ਚੁੱਕਣ ਅਤੇ ਦੱਸਣ ਕਿ ਕੀ ਉਨ੍ਹਾਂ ਕਾਲੇ ਧਨ ’ਚੋਂ ਹਰੇਕ ਭਾਰਤੀ ਦੇ ਖਾਤੇ ਵਿਚ 15-15 ਲੱਖ ਰੁਪਏ ਪਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਦੋ ਕਰੋੜ ਨੌਕਰੀਆਂ ਦੇਣ ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਜਿਹੇ ਚੋਣ ਵਾਅਦੇ ਪੂਰੇ ਕੀਤੇ ਹਨ।
ਇਥੇ ਆਪਣੇ ਜਵਾਈ ਰਾਧਾਕ੍ਰਿਸ਼ਨਾ ਡੋਡਾਮਨੀ ਦੇ ਚੋਣ ਪ੍ਰਚਾਰ ਲਈ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਉਹ ਭਗਵਾਨ ਦਾ ਨਾਮ ਜਪਦੇ ਹਨ ਤੇ ਗਰੀਬ ਲੋਕਾਂ ਨੂੰ ਮਹਿੰਗਾਈ ਹੇਠ ਦਰੜ ਰਹੇ ਹਨ। ਜੇਕਰ ਲੋਕ ਬਚੇ ਹਨ ਤਾਂ ਇਸ ਦਾ ਸਿਹਰਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਈਮੈਂਟ ਗਾਰੰਟੀ ਸਕੀਮ ਤੇ ਕਰਨਾਟਕ ਵਿਚ ਕਾਂਗਰਸ ਸਰਕਾਰ ਦੀਆਂ ਪੰਜ ਗਾਰੰਟੀਆਂ ਨੂੰ ਜਾਂਦਾ ਹੈ।’’ ਖੜਗੇ ਨੇ ਆਪਣੇ ਗ੍ਰਹਿ ਜ਼ਿਲ੍ਹੇ ਵਿਚ ਕਿਹਾ, ‘‘ਇਕ ਪ੍ਰਭਾਵ ਹੈ, ਅਦ੍ਰਿਸ਼ ਹੈ। ਮੋਦੀ ਇਨ੍ਹਾਂ ਦਿਨੀਂ ਇੰਨੀਆਂ ਚੋਣ ਰੈਲੀਆਂ ਕਿਉਂ ਕਰ ਰਹੇ ਹਨ? ਕਿਉਂਕਿ ਇੰਡੀਆ ਗੱਠਜੋੜ ਦੇ ਹੱਕ ਵਿਚ ਅਦ੍ਰਿਸ਼ ਹਨੇਰੀ ਚੱਲ ਰਹੀ ਹੈ। ਇਹੀ ਵਜ੍ਹਾ ਹੈ ਕਿ ਉਹ (ਮੋਦੀ) ਤੰਗ ਗਲੀਆਂ ਵਿਚ ਜਾ ਕੇ ਰੋਡ ਸ਼ੋਅ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੋਦੀ ਈਡੀ, ਆਮਦਨ ਕਰ, ਸੀਬੀਆਈ ਤੇ ਵਿਜੀਲੈਂਸ ਰਾਹੀਂ ਲੋਕਾਂ ਨੂੰ ਧਮਕਾ ਰਹੇ ਹਨ। ਸਾਡੀ ਪਾਰਟੀ ਦੇ ਲੋਕ ਭ੍ਰਿਸ਼ਟ ਸਨ, ਪਰ ਕੀ ਉਹ ਤੁਹਾਡੀ ਪਾਰਟੀ (ਭਾਜਪਾ) ਵਿਚ ਆ ਕੇ ਇੰਨੀ ਛੇਤੀ ਸਾਫ਼ ਸੁਥਰੇ ਬਣ ਜਾਂਦੇ ਹਨ।’’ -ਪੀਟੀਆਈ