ਜਨਵਾਦੀ ਲੇਖਕ ਸੰਘ ਵੱਲੋਂ ਸ਼ਾਇਰ ਸੁਸ਼ੀਲ ਦੁਸਾਂਝ ਨਾਲ ਸਹਿਤਕ ਸੰਵਾਦ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਜਨਵਾਦੀ ਲੇਖਕ ਸੰਘ ਵੱਲੋਂ ਆਰੰਭੀ ‘‘ਕਿਛ ਸੁਣੀਐ ਕਿਛੁ ਕਹੀਐ’’ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਰਸਾਲੇ ‘ਹੁਣ’ ਦੇ ਸੰਪਾਦਕ ਅਤੇ ਕਾਲਮ ਨਵੀਸ ਸੁਸ਼ੀਲ ਦੁਸਾਂਝ ਨਾਲ ਸਹਿਤਕ ਸੰਵਾਦ ਰਚਾਇਆ ਗਿਆ। ਇਸਲਾਮਾਬਾਦ ਵਿੱਚ ਨਿੱਜੀ ਸਕੂਲ ਵਿਚ ਕੀਤੇ ਇਸ ਸਮਾਗਮ ਦਾ ਆਗਾਜ਼ ਮੋਹਿਤ ਸਹਿਦੇਵ ਨੇ ਸਵਾਗਤੀ ਸ਼ਬਦਾਂ ਨਾਲ ਕੀਤਾ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸੁਸ਼ੀਲ ਦੁਸਾਂਝ ਅਤੇ ਉਸ ਦੀਆਂ ਪੁਸਤਕਾਂ ‘ਆਖਾਂ ਜੀਵਾਂ’ ਅਤੇ ‘ਪੀਲੀ ਧਰਤੀ ਕਾਲਾ ਅੰਬਰ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਲੇਖਕ ਅਤੇ ਪਾਠਕ ਦੀ ਸਹਿਤਕ ਸਾਂਝ ਦਾ ਵੀ ਸੱਬਬ ਬਣਦੇ ਹਨ। ਇਸ ਮੌਕੇ ਸੁਸ਼ੀਲ ਦੁਸਾਂਝ ਨੇ ਅਜੋਕੀ ਰਾਜਨੀਤੀ ਤੇ ਚੋਟ ਕਰਦੀ ਆਪਣੀ ਗ਼ਜ਼ਲ ‘ਬੜੀ ਜ਼ਰ- ਜ਼ਰ ਹੋਈ ਕਿਸ਼ਤੀ, ਮਲਾਹ ਸੁਸਤਉਣ ਲੱਗਾ ਹੈ’ ਨੂੰ ਪੇਸ਼ ਕਰਦਿਆਂ ਕਿਹਾ ਕਿ ਵੱਡੇ ਸਾਹਿਤਕਾਰਾਂ ਦੀ ਸੰਗਤ ਅਤੇ ਸਾਂਝ ਨੇ ਉਨ੍ਹਾਂ ਅੰਦਰ ਸਾਹਿਤਕ ਪੱਤਰਕਾਰੀ ਦੀ ਲਲਕ ਪੈਦਾ ਕੀਤੀ ਸੀ। ਕਾਲਮ ਨਵੀਸ ਅਮਰਜੀਤ ਸਿੰਘ ਸਿੱਧੂ ਅਤੇ ਤਰਲੋਚਨ ਸਿੰਘ ਤਰਨਤਾਰਨ ਨੇ ਕਿਹਾ ਕਿ ਲੇਖਕ ਨਾਲ ਦੋਸਤੀ ਦਾ ਘੇਰਾ ‘ਹੁਣ’ ਪਰਚੇ ਕਰਕੇ ਹੋਰ ਵਿਸ਼ਾਲ ਹੋਇਆ ਹੈ। ਹਰਜੀਤ ਸਿੰਘ ਸੰਧੂ ਅਤੇ ਵਜ਼ੀਰ ਸਿੰਘ ਰੰਧਾਵਾ ਨੇ ਸਮਾਗਮ ਦੀ ਸ਼ਲਾਘਾ ਕੀਤੀ। ਕਸ਼ਮੀਰ ਸਿੰਘ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।