ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋਧਪੁਰ ਘਟਨਾ ਦੀ ਜਾਂਚ ਸੇਵਾਮੁਕਤ ਜੱਜਾਂ ਤੋਂ ਕਰਵਾਈ ਜਾਵੇ: ਜਥੇਦਾਰ ਰਘਬੀਰ ਸਿੰਘ

08:44 AM Jun 25, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਰਾਜਸਥਾਨ ਦੇ ਜੋਧਪੁਰ ਵਿੱਚ ਜੁਡੀਸ਼ਲ ਪ੍ਰੀਖਿਆ ਸਮੇਂ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਉਤਰਵਾਉਣ ਦੀ ਵਾਪਰੀ ਘਟਨਾ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸੇਵਾਮੁਕਤ ਸਿੱਖ ਜੱਜਾਂ ਤੇ ਵਕੀਲਾਂ ਦੀ ਜਾਂਚ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ।
ਅੱਜ ਇਸ ਮਾਮਲੇ ਵਿੱਚ ਜਾਰੀ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖਾਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਿੱਖਾਂ ਨੂੰ ਅਪਮਾਨਿਤ ਕਰਨ ਵਾਲੀਆਂ ਅਤੇ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਖੇ ਜੁਡੀਸ਼ਲ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਉਤਰਵਾਉਣੇ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਪ੍ਰੀਖਿਆ ਦੇਣ ਆਏ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕੱਪੜੇ ਉਤਾਰ ਕੇ ਕਿਰਪਾਨਾਂ ਉਤਾਰਨ ਲਈ ਕਿਹਾ ਗਿਆ। ਇਸ ਦਾ ਇੱਕ ਅੰਮ੍ਰਿਤਧਾਰੀ ਕੁੜੀ ਨੇ ਵਿਰੋਧ ਵੀ ਕੀਤਾ ਤੇ ਉਸ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਗਈ। ਕੁਝ ਵਿਦਿਆਰਥੀਆਂ ਨੇ ਆਪਣੇ ਕਕਾਰ ਉਤਾਰ ਕੇ ਨੇੜੇ ਰੱਖ ਦਿੱਤੇ ਪਰ ਉਨ੍ਹਾਂ ਨੂੰ ਕਕਾਰ ਹੇਠਾਂ ਰੱਖਣ ਲਈ ਆਖਿਆ ਗਿਆ, ਜਿਸ ਦਾ ਅੰਮ੍ਰਿਤਧਾਰੀ ਵਿਦਿਆਰਥੀਆਂ ਨੇ ਵਿਰੋਧ ਕੀਤਾ। ਜਥੇਦਾਰ ਨੇ ਆਖਿਆ ਕਿ ਇਹ ਕਕਾਰਾਂ ਦੀ ਬੇਅਦਬੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੀਖਿਆ ਦੀ ਤਿਆਰੀ ਲਈ ਲੰਬਾ ਸਮਾਂ ਮਿਹਨਤ ਕੀਤੀ ਸੀ ਅਤੇ ਵੱਡੀ ਰਕਮ ਵੀ ਖਰਚੀ ਸੀ, ਜੋ ਅਜਾਈਂ ਗਈ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸੇਵਾਮੁਕਤ ਜੱਜਾਂ ਅਤੇ ਵਕੀਲਾਂ ਦੀ ਉੱਚ ਪੱਧਰੀ ਕਮੇਟੀ ਬਣਾਉਣ ਜੋ ਇਸ ਮਾਮਲੇ ਦੀ ਆਪਣੇ ਪੱਧਰ ’ਤੇ ਜਾਂਚ ਕਰੇ ਅਤੇ ਬਾਅਦ ਵਿੱਚ ਸਿੱਖ ਵਿਦਿਆਰਥੀਆਂ ਨਾਲ ਅਜਿਹਾ ਸਲੂਕ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੀਤੇ ਕੱਲ੍ਹ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੀ ਵਾਪਰੀ ਘਟਨਾ ਦਾ ਸਖ਼ਤ ਵਿਰੋਧ ਕੀਤਾ ਸੀ।

Advertisement

Advertisement