ਕਪੂਰਥਲਾ ਜੇਲ੍ਹ ’ਚ ਗੈਂਗਵਾਰ ਦੌਰਾਨ ਇੱਕ ਹਵਾਲਾਤੀ ਦੀ ਮੌਤ
ਧਿਆਨ ਸਿੰਘ ਭਗਤ
ਕਪੂਰਥਲਾ, 14 ਜੁਲਾਈ
ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੈਂਗਵਾਰ ਵਿੱਚ ਇਕ ਹਵਾਲਾਤੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਥਾਣਾ ਕੋਤਵਾਲੀ ਦੀ ਪੁਲੀਸ ਨੇ ਇਸ ਸਬੰਧੀ ਸੱਤ ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਬੈਰਕਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਹੇਮੰਤ ਸ਼ਰਮਾ ਨੇ ਥਾਣਾ ਕੋਤਵਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਡਿਊਟੀ ’ਤੇ ਤਾਇਨਾਤ ਵਾਰਡਨ ਪੂਰਨ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਬੈਰੇਕ ਨੰਬਰ 6, 7 ਅਤੇ 8 ਵਿੱਚ ਬੰਦ ਹਵਾਲਾਤੀ ਰਾਜ ਕੁਮਾਰ, ਵਿਜੈ, ਸਾਜਨ, ਕਮਲਪ੍ਰੀਤ ਸਿੰਘ, ਰਾਹੁਲ ਕੁਮਾਰ, ਸੁਰਿੰਦਰ ਸਿੰਘ, ਵਿਕਾਸ ਕਲਿਆਣ, ਗੁਰਜੀਤ ਸਿੰਘ, ਮਨੀਸ਼ ਪ੍ਰਕਾਸ਼, ਗੁਰਜੀਤ ਸਿੰਘ, ਤਰਸੇਮ ਸਿੰਘ, ਸੁਖਵੀਰ ਸਿੰਘ, ਸੂਰਜ ਸਿੰਘ, ਅਮਨ, ਸੰਦੀਪ, ਦਵਿੰਦਰਪਾਲ ਸਿੰਘ ਅਤੇ ਕੈਦੀ ਅਨੂ ਕੁਮਾਰ, ਅਰੁਣ ਕੁਮਾਰ, ਰਣਜੀਤ ਸਿੰਘ, ਕਮਲਜੀਤ ਸਿੰਘ, ਪਲਵਿੰਦਰ ਸਿੰਘ, ਤਰਸੇਮ ਸਿੰਘ, ਸੰਜੀਵ ਕੁਮਾਰ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਇਕੱਠੇ ਹੋ ਕੇ ਸੁਰੱਖਿਆ ਵਾਰਡ-ਈ ਦੀ ਚੱਕੀ ਨੰਬਰ-12 ’ਚ ਬੰਦ ਹਵਾਲਾਤੀ ਸਿਮਰਨਜੀਤ ਸਿੰਘ ਉਰਫ ਸਿਮਰ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ’ਤੇ ਪੁਰਾਣੀ ਰੰਜਿਸ਼ ਤਹਿਤ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਿਮਰ (28) ਦੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਹੈ। ਐੱਸਐੱਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਪੰਜ ਰਾਡਾਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ’ਚ ਗੈਂਗਸਟਰ ਗੋਰੂ ਬੱਚਾ ’ਤੇ ਹਮਲਾ
ਫ਼ਰੀਦਕੋਟ (ਜਸਵੰਤ ਜੱਸ): ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਕੁਝ ਹਵਾਲਾਤੀਆਂ ਨੇ ਹਾਈ ਸਕਿਉਰਟੀ ਸੈੱਲ ’ਚ ਬੰਦ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਸੂਚਨਾ ਅਨੁਸਾਰ ਗੋਰੂ ਬੱਚਾ ਜਦੋਂ ਜੇਲ੍ਹ ਵਿੱਚ ਬਣੇ ਹਸਪਤਾਲ ’ਚੋਂ ਦਵਾਈ ਲੈ ਕੇ ਆਪਣੇ ਸੈੱਲ ’ਚ ਵਾਪਸ ਜਾ ਰਿਹਾ ਸੀ ਤਾਂ ਹਵਾਲਾਤੀ ਲਵਪ੍ਰੀਤ ਸਿੰਘ ਵਾਸੀ ਮਾਲੇਰਕੋਟਲਾ ਅਤੇ ਦੀਪ ਸਿੰਘ ਵਾਸੀ ਮੋਗਾ ਨੇ ਕਥਿਤ ਤੌਰ ’ਤੇ ਉਸ ਦੀ ਕੁੱਟਮਾਰ ਕੀਤੀ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲੀਸ ਫ਼ਰੀਦਕੋਟ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 323/506/341 ਅਤੇ ਜੇਲ੍ਹ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਗੋਰੂ ਬੱਚਾ ਸਾਲ 2020 ਤੋ ਫਰੀਦਕੋਟ ਜੇਲ੍ਹ ’ਚ ਬੰਦ ਹੈ। ਉਸ ਖ਼ਿਲਾਫ਼ 18 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ ਅਤੇ ਕਤਲ ਦੇ ਇੱਕ ਕੇਸ ’ਚ ਉਸ ਨੂੰ ਕੈਦ ਵੀ ਹੋ ਚੁੱਕੀ ਹੈ।