ਪੰਚਾਇਤੀ ਚੋਣ ਮੌਕੇ ਗੋਲੀ ਲੱਗਣ ਕਾਰਨ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਕਤੂਬਰ
ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੰਚਾਇਤ ਚੋਣਾਂ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਵਿਅਕਤੀ ਦੀ ਅੱਜ ਸਵੇਰੇ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਮੌਤ ਹੋ ਗਈ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੋਲਿੰਗ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਹਰੀ ਚਰਨ ਸਿੰਘ ਪਿੰਡ ਰੇੜਵਾਂ ਥਾਣਾ ਧਰਮਕੋਟ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਚੋਣ ਹਾਰੇ ਸਰਪੰਚ ਉਮੀਦਵਾਰ ਗੁਰਪ੍ਰੀਤ ਸਿੰਘ ਤੇ ਹੋਰਾਂ ਖ਼ਿਲਾਫ਼ ਦਰਜ ਐੱਫ਼ਆਈਆਰ ਵਿੱਚ ਹੱਤਿਆ ਦੀ ਧਾਰਾ ਜੋੜ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬੁੱਧ ਸਿੰਘ ਵਾਲਾ ’ਚ ਚੋਣ ਨਤੀਜੇ ਬਾਅਦ ਸਿਪਾਹੀ ਕਰਮਦੀਪ ਸਿੰਘ ਦੀ ਕੁੱਟਮਾਰ ਤੇ ਏਕੇ 47 ਖੋਹਣ ਦੇ ਦੋਸ਼ ਹੇਠ ਸਰਪੰਚ ਉਮੀਦਵਾਰ ਤੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਅਤੇ ਪੰਚ ਗੁਰਪ੍ਰੀਤ ਸਿੰਘ ਦੋਵੇਂ ਪਿੰਡ ਬੁੱਧ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕੇਸ ’ਚ ਨਾਮਜ਼ਦ 60-65 ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਿਪਾਹੀ ਕਰਮਦੀਪ ਸਿੰਘ ਆਈਆਰਬੀ ਮਾਲ ਮੰਡੀ ਅੰਮ੍ਰਿਤਸਰ ਦੀ ਡਿਊਟੀ ਪੰਚਾਇਤੀ ਚੋਣਾਂ ਵਿੱਚ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨਾਲ ਪੈਟਰੌਲਿੰਗ ਉੱਤੇ ਲੱਗੀ ਸੀ। ਪੁਲੀਸ ਮੁਤਾਬਕ ਚੋਣ ਹਾਰਨ ਮਗਰੋਂ ਮੁਲਜ਼ਮਾਂ ਨੇ ਚੋਣ ਰੱਦ ਕਰਵਾਉਣ ਦੇ ਮਕਸਦ ਨਾਲ ਆਪਣੇ ਹਮਾਇਤੀਆਂ ਸਣੇ ਸਿਪਾਹੀ ਕੋਲੋਂ ਏਕੇ 47 ਖੋਹ ਲਈ, ਕੁੱਟਮਾਰ ਕੀਤੀ ਅਤੇ ਗੋਲੀ ਚਲਾਈ। ਸਿਪਾਹੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਦਾ ਪਰਸ ਵੀ ਖੋਹ ਲਿਆ ਜਿਸ ’ਚ 40 ਹਜ਼ਾਰ ਰੁਪਏ, ਆਈਕਾਰਡ, ਅਧਾਰ ਕਾਰਡ ਤੇ ਏਟੀਐੱਮ ਸੀ।