ਧਨੌਲਾ ’ਚ ਇਕ ਕਰੋੜ ਦੀ ਲਾਗਤ ਨਾਲ ਬਣੇਗਾ ਇਨਡੋਰ ਸਟੇਡੀਅਮ: ਮੀਤ ਹੇਅਰ
ਰਵਿੰਦਰ ਰਵੀ
ਧਨੌਲਾ/ਬਰਨਾਲਾ, 21 ਸਤੰਬਰ
ਸਰਕਾਰ ਵੱਲੋਂ ਜਿੱਥੇ ਸਾਰੇ ਬਰਨਾਲੇ ਲਈ ਕਰੋੜਾਂ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ, ਉਥੇ ਸਿਰਫ ਧਨੌਲਾ ਵਿੱਚ ਕਰੀਬ 20 ਕਰੋੜ ਰੁਪਏ ਦੇ ਕੰਮ ਕਰਵਾਏ ਜਾਣੇ ਹਨ। ਇਹ ਗੱਲਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਕਹੀਆਂ। ਉਨ੍ਹਾਂ ਦੱਸਿਆ ਕਿ ਅੱਜ ਧਨੌਲਾ ਵਿਚ ਕਰੀਬ 68 ਵੱਖ-ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜਿਨ੍ਹਾਂ ਦੀ ਅੰਦਾਜ਼ਨ ਲਾਗਤ ਕਰੀਬ 20 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕਰੀਬ 1 ਕਰੋੜ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਦੀ ਉਸਾਰੀ ਦਾ ਨੀਂਹ ਪੱਥਰ, 19 ਕਰੋੜ 47 ਲੱਖ ਦੀ ਲਾਗਤ ਨਾਲ ਗਲੀਆਂ ਵਿਚ ਇੰਟਰਲਾਕ ਟਾਈਲਾਂ, ਪਾਰਕ, ਸੀਵਰੇਜ ਆਦਿ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦਫ਼ਤਰ ਨਗਰ ਕੌਂਸਲ ਧਨੌਲਾ ਨੇੜੇ ਕਰੀਬ 25 ਲੱਖ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਲਾਇਬਰੇਰੀ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਮੰਨਾ, ਓਐੱਸਡੀ ਹਸਨਪ੍ਰੀਤ ਭਾਰਦਵਾਜ, ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਰਣਜੀਤ ਕੌਰ ਸੋਢੀ, ਕਾਰਜਸਾਧਕ ਅਫਸਰ ਧਨੌਲਾ ਵਿਸ਼ਾਲਦੀਪ ਤੇ ਹੋਰ ਹਾਜ਼ਰ ਸਨ।