ਅਮਰੀਕੀ ਯੂਨੀਵਰਸਿਟੀ ਵਿੱਚ ਦਾਖਲੇ ਲਈ ਗਲਤ ਦਸਤਾਵੇਜ਼ ਦੇਣ ਦਾ ਦੋਸ਼ੀ ਭਾਰਤੀ ਵਿਦਿਆਰਥੀ ਵਤਨ ਪਰਤੇਗਾ
ਨਿਊਯਾਰਕ, 4 ਅਗਸਤ
ਅਮਰੀਕਾ ਵਿੱਚ ਇਕ ਯੂਨੀਵਰਸਿਟੀ ’ਚ ਦਾਖਲਾ ਲੈਣ ਲਈ ਕਾਗਜ਼ਾਤ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਵਿਦਿਆਰਥੀ ਨੂੰ ਅਮਰੀਕੀ ਅਧਿਕਾਰੀਆਂ ਨਾਲ ਹੋਏ ਇਕ ਸਮਝੌਤੇ ਤਹਿਤ ਵਤਨ ਭੇਜ ਦਿੱਤਾ ਜਾਵੇਗਾ। ਆਰੀਆ ਆਨੰਦ (19) ਨੇ ਵਿਦਿਅਕ ਸੈਸ਼ਨ 2023-24 ਵਿੱਚ ਪੈਨਸਿਲਵੇਨੀਆ ਦੀ ਲੇਹਾਏ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਲੇਹਾਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪ੍ਰਕਾਸ਼ਿਤ ਅਖਬਾਰ ‘ਦਿ ਬਰਾਊਨ ਐਂਡ ਵ੍ਹਾਈਟ’ ਦੀ ਪਿਛਲੇ ਮਹੀਨੇ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੁਲੀਸ ਜਾਂਚ ਵਿੱਚ ਪਾਇਆ ਗਿਆ ਹੈ ਕਿ ਆਨੰਦ ਨੇ ਪ੍ਰਵੇਸ਼ ਤੇ ਵਿੱਤੀ ਸਹਾਇਤਾ ਸਬੰਧੀ ਦਸਤਾਵੇਜ਼ਾਂ ’ਚ ਹੇਰਾਫੇਰੀ ਕੀਤੀ ਹੈ। ਖ਼ਬਰ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਦਾਖਲਾ ਤੇ ਸਕਾਲਰਸ਼ਿਪ ਹਾਸਲ ਕਰਨ ਲਈ ‘ਆਪਣੇ ਪਿਤਾ ਦੀ ਮੌਤ ਦਾ ਝੂਠਾ ਦਾਅਵਾ ਵੀ ਕੀਤਾ ਸੀ।’’ ਆਨੰਦ ’ਤੇ ਮੈਜਿਸਟਰੀਅਲ ਡਿਸਟ੍ਰਿਕਟ ਜੱਜ ਜੋਰਡਨ ਨਿਸਲੇ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ, ਜਿਸ ਦੀ ਜ਼ਮਾਨਤ ਰਾਸ਼ੀ 25,000 ਅਮਰੀਕੀ ਡਾਲਰ ਸੀ। ਉਸ ਨੇ ਜਾਅਲਸਾਜ਼ੀ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ। -ਪੀਟੀਆਈ