ਅਮਰੀਕਾ ’ਚ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ, ਹਮਲਾਵਰ ਨੇ ਵੀ ਖ਼ੁਦਕੁਸ਼ੀ ਕੀਤੀ
ਵਾਸ਼ਿੰਗਟਨ, 8 ਦਸੰਬਰ
ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਨਿਊਪੋਰਟ ਸ਼ਹਿਰ ਵਿਚ ਭਾਰਤੀ ਮੂਲ ਦੇ 46 ਸਾਲਾ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਹਮਲਾਵਰ ਨੇ ਵੀ ਕਮਰੇ 'ਚ ਬੰਦ ਹੋ ਕੇ ਖੁਦ ਨੂੰ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲੀਸ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਮੋਟਲ ਦੇ ਅੰਦਰ ਸਤਯਨ ਨਾਇਕ ਨੂੰ ਜ਼ਖ਼ਮੀ ਦੇਖਿਆ, ਜਿਸ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਪੁਲੀਸ ਮੁਤਾਬਕ ਰਾਤ 10 ਵਜੇ ਤੋਂ ਕੁਝ ਦੇਰ ਬਾਅਦ 911 ਸੈਂਟਰ 'ਤੇ ਫੋਨ ਆਇਆ ਕਿ ਇਕ ਵਿਅਕਤੀ ਮੋਟਲ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਇੱਕ ਹੋਰ ਫੋਨ ਆਇਆ ਕਿ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਐਮਰਜੰਸੀ ਕਰਮਚਾਰੀ ਗੋਲੀਬਾਰੀ ਤੋਂ ਬਾਅਦ ਨਾਇਕ ਨੂੰ ਹਸਪਤਾਲ ਲੈ ਗਏ। ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਮਲਾਵਰ ਟਰੌਏ ਕੇਲਮ ਮੋਟਲ ਦੇ ਕਮਰੇ ਵਿੱਚ ਬੰਦ ਮਿਲਿਆ। ਕੇਲਮ (59) ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਹ ਨਹੀਂ ਮੰਨਿਆ ਅਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।