For the best experience, open
https://m.punjabitribuneonline.com
on your mobile browser.
Advertisement

ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ 150 ਰੁਪਏ ਦਾ ਵਾਧਾ

06:59 AM Oct 17, 2024 IST
ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ’ਚ 150 ਰੁਪਏ ਦਾ ਵਾਧਾ
Advertisement

* ਵਾਰਾਣਸੀ-ਦੀਨ ਦਿਆਲ ਉਪਾਧਿਆਏ ‘ਮਲਟੀ ਟਰੈਕਿੰਗ’ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ
* ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਫੈਸਲੇ

Advertisement

ਨਵੀਂ ਦਿੱਲੀ, 16 ਅਕਤੂਬਰ
ਕੇਂਦਰ ਮੰਤਰੀ ਮੰਡਲ ਨੇ ਅੱਜ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 150 ਰੁਪਏ ਵਧਾ ਕੇ 2425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਕਦਮ ਅੱਗੇ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਠਾਇਆ ਗਿਆ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਵੱਲੋਂ ਵਾਰਾਣਸੀ-ਦੀਨ ਦਿਆਲ ਉਪਾਧਿਆਏ ‘ਮਲਟੀ ਟਰੈਕਿੰਗ’ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਪੱਧਰ ਦੀ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਅਪਰੈਲ 2025 ਤੋਂ ਸ਼ੁਰੂ ਹੋਣ ਵਾਲੇ ਮਾਰਕੀਟਿੰਗ ਸੈਸ਼ਨ 2025-26 ਲਈ ਹਾੜ੍ਹੀ ਦੀਆਂ ਛੇ ਫ਼ਸਲਾਂ ਦੇ ਐੱਮਐੱਸਪੀ ਵਿੱਚ 130 ਰੁਪਏ ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਵਾਧੇ ਦੀ ਮਨਜ਼ੂਰੀ ਦਿੱਤੀ ਗਈ।
ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਉਣੀ ਦੀਆਂ ਫ਼ਸਲਾਂ ਵਾਂਗ, ਹਾੜ੍ਹੀ ਦੀਆਂ ਫ਼ਸਲਾਂ ਲਈ ਐੱਮਐੱਸਪੀ ਵਿੱਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਕਣਕ ਦਾ ਨਵਾਂ ਐੱਮਐੱਸਪੀ ਉਤਪਾਦਨ ਲਾਗਤ ਤੋਂ 105 ਫੀਸਦ ਵੱਧ ਹੈ ਜੋ ਕਿ ਇਕ ਵੱਡੀ ਗੱਲ ਹੈ। ਸਰਕਾਰ ਨੇ ਰੈਪਸੀਡ ਅਤੇ ਸਰ੍ਹੋਂ ਬੀਜ ਲਈ ਵੀ ਐੱਮਐੱਸਪੀ 300 ਰੁਪਏ ਵਧਾ ਕੇ 5950 ਰੁਪਏ ਕੁਇੰਟਲ ਕਰ ਦਿੱਤਾ ਹੈ। ਕੁਸੁੰਬਾ ਦਾ ਐੱਮਐੱਸਪੀ 140 ਰੁਪਏ ਵਧਾ ਕੇ 5940 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਦਾਲਾਂ ਦੇ ਮਾਮਲੇ ਵਿੱਚ, ਮਸਰੀ ਦਾ ਐੱਮਐੱਸਪੀ 275 ਰੁਪਏ ਵਧਾ ਕੇ 6700 ਰੁਪਏ, ਛੋਲਿਆਂ ਦਾ ਐੱਮਐੱਸਪੀ 210 ਰੁਪਏ ਵਧਾ ਕੇ 5650 ਰੁਪਏ, ਜੌਂ ਦਾ ਐੱਮਐੱਸਪੀ 130 ਰੁਪਏ ਵਧਾ ਕੇ 1980 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਮੰਡਲ ਨੇ ਅਨੁਮਾਨਿਤ 2642 ਕਰੋੜ ਰੁਪਏ ਦੇ ਵਾਰਾਣਸੀ-ਦੀਨ ਦਿਆਲ ਉਪਾਧਿਆਏ ‘ਮਲਟੀ ਟਰੈਕਿੰਗ’ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵਿਤ ਪ੍ਰਾਜੈਕਟ ਵਿੱਚ ਗੰਗਾ ਨਦੀ ’ਤੇ ਬਣਨ ਵਾਲਾ ਇਕ ਨਵਾਂ ਰੇਲ-ਕਮ-ਸੜਕੀ ਪੁਲ ਅਤੇ ਹੋਰ ਬੁਨਿਆਦੀ ਢਾਂਚਾ ਸਹੂਲਤਾਂ ਨੂੰ ਆਧੁਨਿਕ ਬਣਾਉਣ ਤੋਂ ਇਲਾਵਾ ਵਾਰਾਣਸੀ ਤੇ ਪੰਡਤ ਦੀਨ ਦਿਆਲ ਉਪਾਧਿਆਏ (ਡੀਡੀਯੂ) ਜੰਕਸ਼ਨ ਮਾਰਗ ਵਿਚਾਲੇ ਤੀਜੀ ਤੇ ਚੌਥੀ ਰੇਲ ਲਾਈਨ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਹੈ। -ਪੀਟੀਆਈ

Advertisement

ਕੇਂਦਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3 ਫ਼ੀਸਦ ਮਹਿੰਗਾਈ ਭੱਤਾ

ਨਵੀਂ ਦਿੱਲੀ:

ਕੇਂਦਰ ਨੇ ਅੱਜ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ 3 ਫੀਸਦ ਦਾ ਵਾਧਾ ਕੀਤਾ ਹੈ। ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਹੋਵੇਗਾ। ਇਸ ਫੈਸਲੇ ਨਾਲ ਦੀਵਾਲੀ ਦੇ ਤਿਓਹਾਰ ਤੋਂ ਪਹਿਲਾਂ ਇਕ ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਕੇਂਦਰੀ ਮੰਤਰੀ ਮੰਡਲ ਵੱਲੋਂ ਵੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ (ਡੀਆਰ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। -ਪੀਟੀਆਈ

ਐੱਮਐੱਸਪੀ ਵਿੱਚ ਵਾਧੇ ਨਾਲ ਕਿਸਾਨਾਂ ਦੀ ਜ਼ਿੰਦਗੀ ਹੋਰ ਆਸਾਨ ਹੋਵੇਗੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਪੱਧਰ ਦੀ ਕਮੇਟੀ (ਸੀਸੀਈਏ) ਵੱਲੋਂ ਮਾਰਕੀਟਿੰਗ ਸੈਸ਼ਨ 2025-26 ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਐੱਮਐੱਸਪੀ ਵਿੱਚ ਵਾਧੇ ਨੂੰ ਮਨਜ਼ੂਰੀ ਦੇਣ ਨਾਲ ਕਿਸਾਨਾਂ ਦੀ ਜ਼ਿੰਦਗੀ ਹੋਰ ਆਸਾਨ ਹੋਵੇਗੀ। ਪ੍ਰਧਾਨ ਮੰਤਰੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਆਪਣੇ ਕਿਸਾਨ ਭੈਣ-ਭਰਾਵਾਂ ਦੀ ਭਲਾਈ ਲਈ ਅਸੀਂ ਲਗਾਤਾਰ ਵੱਡੇ ਫੈਸਲੇ ਲੈਣ ’ਚ ਲੱਗੇ ਹੋਏ ਹਾਂ।’’ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਹਾੜ੍ਹੀ ਦੀਆਂ ਛੇ ਫ਼ਸਲਾਂ ਦਾ ਐੱਮਐੱਸਪੀ ਵਧਾਉਣ ਦੇ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਉਹ ਹੋਰ ਖੁਸ਼ਹਾਲ ਹੋਣਗੇ। ਉਨ੍ਹਾਂ ਕਿਹਾ, ‘‘ਕਿਸਾਨਾਂ ਦੀ ਹਰੇਕ ਚਿੰਤਾ ਦਾ ਖ਼ਿਆਲ ਰੱਖਣ ਲਈ ਮੈਂ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ।’’ -ਪੀਟੀਆਈ

Advertisement
Tags :
Author Image

joginder kumar

View all posts

Advertisement