ਸ਼ਾਇਰੀ ਦੀ ਸਾਂਝੀ ਵਿਰਾਸਤ ਦੀ ਅਹਿਮ ਕਿਤਾਬ
ਜਗਵਿੰਦਰ ਜੋਧਾ
ਲਹਿੰਦੇ ਪੰਜਾਬ ਦੀ ਉਰਦੂ ਸ਼ਾਇਰੀ ਦੀ ਗੱਲ ਕਰਨੀ ਹੋਵੇ ਤਾਂ ਵੀਹਵੀਂ ਸਦੀ ਦੇ ਦੂਜੇ ਅੱਧੇ ਦਹਾਕੇ ਨੂੰ ਮੁਨੀਰ ਨਿਆਜ਼ੀ ਦਾ ਦੌਰ ਕਿਹਾ ਜਾ ਸਕਦਾ ਹੈ। ਆਪਣੀ ਉਰਦੂ ਅਤੇ ਪੰਜਾਬੀ ਸ਼ਾਇਰੀ ਰਾਹੀਂ ਉਸ ਨੇ ਘੱਟੋ-ਘੱਟ ਤਿੰਨ ਪੀੜ੍ਹੀਆਂ ’ਤੇ ਡੂੰਘੀ ਛਾਪ ਛੱਡੀ ਕਿ ਉਹ ਇੱਕ ਮਿੱਥ ਬਣ ਗਿਆ। ਉਸ ਦੀ ਸ਼ਾਇਰੀ ਵਿੱਚ ਸਮੁੱਚੇ ਯੁੱਗ ਦੀਆਂ ਭਾਵਨਾਵਾਂ ਅਤੇ ਸੰਵੇਦਨਾ ਦੀ ਮਹਿਕ ਹੈ। ਮੁਨੀਰ ਦੀ ਸ਼ਾਇਰੀ ਏਨੀ ਸਰਵਵਿਆਪਕ ਲਗਦੀ ਹੈ ਅਤੇ ਉਸਦੇ ਇਜ਼ਹਾਰ ਵਿੱਚ ਏਨੀ ਸਾਧਾਰਨਤਾ ਹੈ ਕਿ ਹਰ ਕੋਈ ਆਪਣੀ ਯੋਗਤਾ ਅਨੁਸਾਰ ਅਰਥ ਲੱਭ ਸਕਦਾ ਹੈ। ਉਸ ਦੀ ਕਵਿਤਾ ਵਿੱਚ ਸਮਕਾਲ ਦੇ ਮਨੁੱਖੀ ਜੀਵਨ ਦੇ ਆਨੰਦ ਅਤੇ ਉਦਾਸੀ ਦੇ ਭਾਵਾਂ ਦਾ ਸੁਮੇਲ ਪ੍ਰਗਟ ਹੁੰਦਾ ਹੈ। ਮੁਨੀਰ ਨਿਆਜ਼ੀ ਦੀ ਸ਼ਾਇਰੀ ਸੰਯੋਗ ਅਤੇ ਵਿਯੋਗ ਦੋਵਾਂ ਭਾਵਨਾਵਾਂ ਨੂੰ ਇੱਕ ਸੁਹਜ ਲੜੀ ਵਿੱਚ ਜੋੜਦੀ ਹੈ। ਮੁਨੀਰ ਨਿਆਜ਼ੀ ਦੀ ਸ਼ਾਇਰੀ ਦਾ ਆਧਾਰ ਬੱਜਰ ਵਿਗਿਆਨਕ ਮਾਨਤਾਵਾਂ ਨਹੀਂ ਸਗੋਂ ਇਸ ਦਾ ਸਬੰਧ ਕਾਵਿਕਤਾ ਦੇ ਹੋਣ ਤੇ ਵਾਪਰਨ ਨਾਲ ਹੈ। ਉਸਦੀ ਸ਼ਾਇਰੀ ਦੀ ‘ਮੈਂ’ ਇੱਕ ਕਵੀ ਅਤੇ ਵਿਅਕਤੀ ਵਜੋਂ ਆਪਣੀ ਹੋਂਦ ਨੂੰ ਮਹਿਸੂਸ ਕਰਨ ਅਤੇ ਸਮਝਣ ਦੀ ਕੋਸ਼ਿਸ਼ ਹੈ।
ਮੁਨੀਰ ਨਿਆਜ਼ੀ ਦਾ ਜਨਮ ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਖਾਨਪੁਰ ਕਸਬੇ ਵਿੱਚ ਇੱਕ ਪਖ਼ਤੂਨ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਮੁਹੰਮਦ ਫਤਿਹ ਖਾਨ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ। ਨਾਨਕੇ, ਦਾਦਕੇ ਪਰਿਵਾਰ ਦੇ ਕਈ ਬੰਦੇ ਫ਼ੌਜ ਦੀ ਸੇਵਾ ਵਿੱਚ ਸਨ। ਉਸ ਦੀ ਮਾਂ ਨੂੰ ਪੜ੍ਹਨ ਦਾ ਸ਼ੌਕ ਸੀ। ਮੁਨੀਰ ਨੂੰ ਸਾਹਿਤਕ ਮੱਸ ਮਾਂ ਤੋਂ ਹੀ ਹਾਸਿਲ ਹੋਈ। ਅੱਲ੍ਹੜ ਉਮਰੇ ਜਦੋਂ ਵੀ ਮੁਨੀਰ ਕਿਸੇ ਚੀਜ਼ ਤੋਂ ਅਚੰਭਿਤ ਹੁੰਦਾ ਤਾਂ ਉਹ ਉਸ ਨੂੰ ਕਵਿਤਾ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ। ਮੁਨੀਰ ਨੇ ਆਪਣੀ ਮੁਢਲੀ ਸਿੱਖਿਆ ਮਿੰਟਗੁਮਰੀ ਵਿੱਚ ਪ੍ਰਾਪਤ ਕੀਤੀ ਅਤੇ ਉੱਥੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਕੇ ਜਲ ਸੈਨਾ ਵਿੱਚ ਮਲਾਹ ਵਜੋਂ ਭਰਤੀ ਹੋ ਗਿਆ। ਆਪਣੀ ਨੌਕਰੀ ਦੇ ਦਿਨਾਂ ਦੌਰਾਨ ਉਹ ਬੰਬਈ ਦੇ ਸਾਹਿਲਾਂ ਉੱਪਰ ਇਕੱਲਾ ਬਹਿ ਕੇ ਅਦਬੀ ਦੁਨੀਆ ਵਿੱਚ ਛਪੀਆਂ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਅਤੇ ਮੀਰਾ ਜੀ ਦੀਆਂ ਕਵਿਤਾਵਾਂ ਪੜ੍ਹਿਆ ਕਰਦਾ ਸੀ। ਉਨ੍ਹੀਂ ਦਿਨੀਂ ਉਸ ਦੀ ਸਾਹਿਤਕ ਰੁਚੀ ਵਧੀ ਅਤੇ ਉਸ ਨੇ ਜਲ ਸੈਨਾ ਤੋਂ ਅਸਤੀਫ਼ਾ ਦੇ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਨਾਲ ਹੀ ਅਦਬੀ ਖੇਤਰ ਵਿੱਚ ਬਾਕਾਇਦਾ ਸਰਗਰਮ ਹੋਇਆ। ਉਸਨੇ ਦਿਆਲ ਸਿੰਘ ਕਾਲਜ, ਲਾਹੌਰ ਤੋਂ ਬੀ.ਐੱਸਸੀ. ਨਾਲ ਗ੍ਰੈਜੂਏਸ਼ਨ ਕੀਤੀ। ਇਸ ਸਮੇਂ ਦੌਰਾਨ ਕੁਝ ਅੰਗਰੇਜ਼ੀ ਕਵਿਤਾਵਾਂ ਵੀ ਲਿਖੀਆਂ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਸ਼ ਦੀ ਵੰਡ ਹੋ ਗਈ ਅਤੇ ਉਸ ਦਾ ਪੂਰਾ ਪਰਿਵਾਰ ਪਾਕਿਸਤਾਨ ਚਲਾ ਗਿਆ। ਇੱਥੇ ਉਨ੍ਹਾਂ ਨੇ ਸਾਹੀਵਾਲ ਵਿੱਚ ਇੱਕ ਪ੍ਰਕਾਸ਼ਨ ਘਰ ਸਥਾਪਿਤ ਕੀਤਾ ਜੋ ਛੇਤੀ ਹੀ ਘਾਟੇ ਕਾਰਨ ਬੰਦ ਹੋ ਗਿਆ। ਮੁਨੀਰ ਲਾਹੌਰ ਚਲਾ ਗਿਆ ਤੇ ਉਸਨੇ ਮਜੀਦ ਅਮਜਦ ਨਾਲ ਮਿਲ ਕੇ ਸਤ-ਰੰਗ ਨਾਂ ਦਾ ਰਸਾਲਾ ਕੱਢਿਆ। 1960 ਦੇ ਦਹਾਕੇ ਵਿੱਚ ਉਸਨੇ ਫਿਲਮਾਂ ਲਈ ਗੀਤ ਲਿਖੇ, ਜੋ ਬਹੁਤ ਮਸ਼ਹੂਰ ਹੋਏ। ਇਨ੍ਹਾਂ ਵਿੱਚੋਂ 1962 ਦੀ ਫਿਲਮ ‘ਸ਼ਹੀਦ’ ਲਈ ਨਸੀਮ ਬਾਨੋ ਦਾ ਗੀਤ ‘ਉਸ ਬੇਵਫਾ ਕਾ ਸ਼ਹਿਰ ਹੈ ਔਰ ਹਮ ਹੈਂ ਦੋਸਤੋ’ ਸਾਰੇ ਮੁਲਕ ਦੀ ਜ਼ਬਾਨ ’ਤੇ ਚੜ੍ਹ ਗਿਆ।
ਮੁਨੀਰ ਆਪਣੀ ਆਕਰਸ਼ਕ ਦਿੱਖ ਕਾਰਨ ਔਰਤਾਂ ਵਿੱਚ ਬਹੁਤ ਮਸ਼ਹੂਰ ਸੀ। ਕਲਾਸੀਕਲ ਕਵੀਆਂ ਵਿੱਚ ਮੀਰ, ਗ਼ਾਲਿਬ ਅਤੇ ਸਿਰਾਜ ਔਰੰਗਾਬਾਦੀ ਉਸਦੇ ਚਹੇਤੇ ਸਨ। ਉਸ ਦੀ ਬੇਬਾਕੀ ਸਿਰ ਚੜ੍ਹ ਕੇ ਬੋਲਦੀ ਸੀ। ਮੁਨੀਰ ਨਿਆਜ਼ੀ ਉਨ੍ਹਾਂ ਸ਼ਾਇਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੋ ਵੱਖ-ਵੱਖ ਭਾਸ਼ਾਵਾਂ, ਉਰਦੂ ਅਤੇ ਪੰਜਾਬੀ ਵਿੱਚ ਇਕਸਾਰ ਭਰਪੂਰ ਰਚਨਾ ਕੀਤੀ। ਇਸੇ ਤਰ੍ਹਾਂ ਮੁਨੀਰ ਨੇ ਗ਼ਜ਼ਲ ਅਤੇ ਨਜ਼ਮ ਦੋਵਾਂ ਵਿਧਾਵਾਂ ਵਿੱਚ ਆਪਣੀ ਸ਼ਾਇਰੀ ਦਾ ਮਿਆਰ ਪੇਸ਼ ਕੀਤਾ। ਉਸਨੇ ਗੀਤ ਅਤੇ ਕੁਝ ਵਾਰਤਕ ਕਵਿਤਾਵਾਂ ਵੀ ਲਿਖੀਆਂ। ਮੁਨੀਰ ਆਪਣੇ ਤੋਂ ਇਲਾਵਾ ਹਰ ਕਿਸੇ ਲਈ ਤਿੱਖੇ ਵਿਚਾਰ ਰੱਖਦਾ ਸੀ। ਉਮਰ ਦੇ ਆਖ਼ਰੀ ਸਾਲਾਂ ਵਿੱਚ ਉਸਨੂੰ ਸਾਹ ਦੀ ਬਿਮਾਰੀ ਹੋ ਗਈ ਅਤੇ 26 ਦਸੰਬਰ 2006 ਨੂੰ ਉਸਦੀ ਮੌਤ ਹੋ ਗਈ।
ਮੁਨੀਰ ਨਿਆਜ਼ੀ ਉਨ੍ਹਾਂ ਕਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਉਸ ਮਾਹੌਲ ਨਾਲ ਆਪਣੀ ਪਛਾਣ ਨੂੰ ਮਜ਼ਬੂਤ ਕੀਤਾ ਜੋ ਉਸ ਦੀ ਸ਼ਾਇਰੀ ਨਾਲ ਆਪਣੇ ਆਪ ਬਣ ਗਿਆ ਸੀ। ਇਸ ਵਾਯੂਮੰਡਲ ਵਿੱਚ ਇੱਕ ਰਹੱਸ ਵੀ ਹੈ ਅਤੇ ਇੱਕ ਮਿਸ਼ਰਤ ਰੌਸ਼ਨੀ ਵੀ ਹੈ ਜੋ ਪ੍ਰਤੀਕਾਂ ਅਤੇ ਅਲੰਕਾਰਾਂ ਦੁਆਰਾ ਰਹੱਸ ਨੂੰ ਖੋਲ੍ਹਦੀ ਹੋਈ ਪਾਠਕ ਤੱਕ ਵਿਲੱਖਣ ਅਰਥਾਂ ਦਾ ਸੰਚਾਰ ਕਰਦੀ ਹੈ। ਮੁਨੀਰ ਨਿਆਜ਼ੀ ਸ਼ਾਇਰੀ ਵਿੱਚ ਸੁਹਜ ਸਿਰਜਣਾ ਦਾ ਮਾਹਰ ਸੀ। ਉਹ ਸ਼ਾਇਰੀ ਦੀਆਂ ਕਈ ਸ਼ੈਲੀਆਂ ਨਾਲ ਪ੍ਰਯੋਗ ਕਰਨ ਵਾਲਾ ਸ਼ਾਇਰ ਸੀ ਅਤੇ ਸ਼ਬਦਾਂ ਦੀ ਬਾਜ਼ੀਗਰੀ ਲਈ ਜਾਣਿਆ ਜਾਂਦਾ ਹੈ। ਪ੍ਰਭਾਵਸ਼ਾਲੀ ਬਿੰਬਕਾਰੀ ਰਾਹੀਂ ਉਸ ਨੇ ਇਤਿਹਾਸ, ਮਿਥਿਹਾਸ, ਯਾਦਾਂ ਆਦਿ ਕੁਝ ਅਜਿਹੇ ਵਿਸ਼ੇ ਲਏ ਜਿਨ੍ਹਾਂ ਦਾ ਜ਼ਿਕਰ ਉਸ ਦੀਆਂ ਕਵਿਤਾਵਾਂ ਵਿੱਚ ਅਕਸਰ ਮਿਲਦਾ ਹੈ। ਉਹ ਸਾਂਝੀ ਭਾਰਤੀ ਰਹਿਤਲ ਦਾ ਕਵੀ ਸੀ। ਇਸ ਲਈ ਉਸਨੇ ਕ੍ਰਿਸ਼ਨ ਭਗਤੀ ਦੀਆਂ ਕਾਵਿਕ ਤਰਕੀਬਾਂ ਨੂੰ ਪਹਿਲ ਦੇ ਆਧਾਰ ’ਤੇ ਵਰਤਿਆ।
ਉਸਦੀ ਸ਼ਾਇਰੀ ਦਾ ਮਸ਼ਹੂਰ ਸੰਗ੍ਰਹਿ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਕੁਝ ਸਾਲ ਪਹਿਲਾਂ ਹਿੰਦੀ ਅੱਖਰਾਂ ਵਿੱਚ ਛਪਿਆ ਸੀ। ਪੰਜਾਬੀ ਵਿੱਚ ਇਸ ਕਿਤਾਬ ਨੂੰ ਅਨੂਪਇੰਦਰ ਸਿੰਘ ਅਨੂਪ ਨੇ ਲਿਪੀ ਪਰਤਾ ਕੇ ਪੇਸ਼ ਕੀਤਾ ਹੈ। ਕਿਤਾਬ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ। ਕਿਤਾਬ ਹਰ ਸ਼ਾਇਰੀ ਪ੍ਰੇਮੀ ਲਈ ਪੜ੍ਹਨ ਯੋਗ ਹੈ।
ਸੰਪਰਕ: 94654-64502