For the best experience, open
https://m.punjabitribuneonline.com
on your mobile browser.
Advertisement

ਬੂਟਿਆਂ ਦਾ ਲੰਗਰ ਲਗਾ ਕੇ ਨਿਵੇਕਲੀ ਮੁਹਿੰਮ ਵਿੱਢੀ

07:29 AM Jun 24, 2024 IST
ਬੂਟਿਆਂ ਦਾ ਲੰਗਰ ਲਗਾ ਕੇ ਨਿਵੇਕਲੀ ਮੁਹਿੰਮ ਵਿੱਢੀ
ਕੈਂਪ ਦੌਰਾਨ ਪੌਦੇ ਹਾਸਲ ਕਰਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜੂਨ
ਇਥੇ ਖਾਲਸਾ ਸੇਵਾ ਸੁਸਾਇਟੀ ਵੱਲੋਂ ਬੂਟਿਆਂ ਦਾ ਲੰਗਰ ਲਗਾ ਕੇ ਵਾਤਾਵਰਨ ਸ਼ੁੱਧਤਾ ਅਤੇ ਧਰਤੀ ’ਤੇ ਹਰਿਆਵਲ ਲਿਆਉਣ ਲਈ ਨਿਵੇਕਲੀ ਮੁਹਿੰਮ ਵਿੱਢੀ ਹੈ। ਮੁਹਿੰਮ ਤਹਿਤ ਠੰਢੀ ਛਾਂ ਲੰਗਰ ਤੋਂ ਬੂਟੇ ਲੈ ਕੇ ਲਗਾਉਣ ਦੀ ਫੋਟੋ ਭੇਜਣ ਵਾਲਿਆਂ ਨੂੰ ਲੱਕੀ ਡਰਾਅ ਰਾਹੀਂ 10 ਜੁਲਾਈ ਨੂੰ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਹਰ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਦੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਵੀ ਦਿੱਤਾ ਗਿਆ।
ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਸੋਢੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਲੰਗਰ ਵਿੱਚ 3500 ਦੇ ਕਰੀਬ ਫਲਾਂ ਤੇ ਫੁੱਲਾਂ ਤੋਂ ਇਲਾਵਾ ਛਾਂਦਾਰ ਬੂਟੇ ਵੰਡੇ ਗਏ ਹਨ। ਇਸ ਮੌਕੇ ਕੇਵਲ ਬੂਟਿਆਂ ਨੂੰ ਵੰਡਣ ਤੱਕ ਹੀ ਸੀਮਿਤ ਨਹੀਂ ਰੱਖਿਆ ਗਿਆ ਬਲਕਿ ਬੂਟੇ ਲੈਣ ਵਾਲਿਆਂ ਦੀ ਰਜਿਸਟ੍ਰੇਸ਼ਨ ਸਮੇਤ ਉਨ੍ਹਾਂ ਦਾ ਨਾਮ-ਪਤਾ ਅਤੇ ਮੋਬਾਈਲ ਨੰਬਰ ਦਰਜ ਕੀਤੇ ਗਏ। ਰਜਿਸਟ੍ਰੇਸ਼ਨ ਕਰਨ ਉਪਰੰਤ ਇਕ ਪ੍ਰਣ ਦਿਵਾਇਆ ਗਿਆ ਕਿ ਉਹ ਆਪਣੇ ਪੌਦੇ ਨੂੰ ਬੱਚਿਆਂ ਵਾਂਗ ਪਾਲਣਗੇ ਅਤੇ ਸਾਂਭ-ਸੰਭਾਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਾਰਿਆਂ ਨੇ ਵਾਤਾਵਰਨ ਸ਼ੁੱਧਤਾ ਲਈ ਸੰਜੀਦਗੀ ਨਾ ਦਿਖਾਈ ਤਾਂ ਭੱਵਿਖ ਵਿੱਚ ਇਸ ਦੇ ਹੋਰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਮੰਤਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਲਾ-ਦੁਆਲਾ ਸਾਫ-ਸੁਥਰਾ ਤੇ ਹਰਿਆ-ਭਰਿਆ ਹੋਣ ਨਾਲ ਵਾਤਾਵਰਨ ਤਾਂ ਸ਼ੁੱਧ ਹੁੰਦਾ ਹੀ ਹੈ ਸਗੋ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਕਿਸਾਨਾਂ ਨੂੰ ਖੇਤਾਂ ਦੀਆਂ ਵੱਟਾਂ ਅਤੇ ਟਿਊਬਵੈੱਲ ਦੇ ਆਲੇ-ਦੁਆਲੇ ਘੱਟੋਂ-ਘੱਟ 3 ਬੂਟੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਤੇ ਸ਼ਹਿਰੀ ਵੀ ਮੌਜੂਦ ਸਨ।

Advertisement

Advertisement
Advertisement
Author Image

Advertisement