For the best experience, open
https://m.punjabitribuneonline.com
on your mobile browser.
Advertisement

ਸਿੱਖ ਵਿਰਾਸਤ ਦਾ ਨਿਵੇਕਲਾ ਬਿਰਤਾਂਤ

09:13 AM Jul 30, 2023 IST
ਸਿੱਖ ਵਿਰਾਸਤ ਦਾ ਨਿਵੇਕਲਾ ਬਿਰਤਾਂਤ
Advertisement

ਡਾ. ਗੁਰਮੀਤ ਸਿੰਘ ਸਿੱਧੂ

Advertisement

ਪੁਸਤਕ ਪੜਚੋਲ

ਡਾ. ਬਲਕਾਰ ਸਿੰਘ ਸਿੱਖ ਅਧਿਐਨ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਨਾਂ ਹੈ। ਗੁਰੂ ਗ੍ਰੰਥ ਸਾਹਿਬ ਅਧਿਐਨ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਨਾਲ ਸਬੰਧਿਤ ਵਿਸ਼ਿਆਂ ਉਪਰ ਲਗਾਤਾਰ ਲਿਖ ਰਿਹਾ ਹੈ। ਅੱਧੀ ਸਦੀ ਦੀ ਲਿਖਣ ਪ੍ਰਕਿਰਿਆ ਦੇ ਅਨੁਭਵ ਵਿੱਚੋਂ ਡਾ. ਬਲਕਾਰ ਸਿੰਘ ਦੀ ਪੁਸਤਕ ‘ਸਿੱਖ ਪੁਰਖਿਆਂ ਦਾ ਵਿਰਾਸਤੀ ਪ੍ਰਸੰਗ’ (ਕੀਮਤ: 550 ਰੁਪਏ; ਸਿੰਘ ਬ੍ਰਦਰਜ਼ ਅੰਮ੍ਰਿਤਸਰ) ਪ੍ਰਕਾਸ਼ਿਤ ਹੋਈ ਹੈ। ਇਸ ਸਮੇਂ ਦੌਰਾਨ ਵੱਖ-ਵੱਖ ਸੈਮੀਨਾਰਾਂ, ਕਾਨਫਰੰਸਾਂ, ਗੋਸ਼ਟੀਆਂ ਅਤੇ ਸੋਵੀਨਰਾਂ ਲਈ ਸਿੱਖ ਇਤਿਹਾਸ ਦੀਆਂ ਮਹਾਨ ਹਸਤੀਆਂ ਬਾਰੇ ਉਨ੍ਹਾਂ ਦੇ ਲਿਖੇ ਲੇਖਾਂ ਨੂੰ ਥੋੜ੍ਹੀ ਬਹੁਤ ਸੁਧਾਈ ਕਰ ਕੇ ਪੁਸਤਕ ਰੂਪ ਦਿੱਤਾ ਗਿਆ ਹੈ। ਇਸ ਪੁਸਤਕ ਵਿੱਚ ਪੰਜ ਸਦੀਆਂ ਦੇ ਇਤਿਹਾਸ ਨਾਲ ਸਬੰਧਿਤ ਸਿੱਖ ਪੁਰਖਿਆਂ ਦੇ ਪ੍ਰਸੰਗ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਦਾ ਇੱਕ ਗੁਣ ਇਹ ਵੀ ਹੈ ਕਿ ਇਨ੍ਹਾਂ ਪ੍ਰਸੰਗਾਂ ਦੇ ਵਿਭਿੰਨ ਪਾਸਾਰਾਂ ਨੂੰ ਲੇਖਕ ਨੇ ਆਪਣੀ ਵਿਧੀ ਨਾਲ ਸਮਝਣ ਦਾ ਯਤਨ ਕੀਤਾ ਹੈ। ਗੁਰੂਘਰ ਦੇ ਸੇਵਕਾਂ, ਲਿਖਾਰੀਆਂ, ਕਵੀਆਂ, ਯੋਧਿਆਂ, ਸ਼ਹੀਦਾਂ, ਦਾਨੀਆਂ, ਨਾਇਕਾਂ, ਵਿਦਵਾਨਾਂ ਤੇ ਰਾਜਨੀਤੀਵਾਨਾਂ ਦੇ ਸਿੱਖ ਇਤਿਹਾਸ, ਅਕਾਦਿਮਕਤਾ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਤਰਤੀਬਵਾਰ ਬਿਆਨ ਕੀਤਾ ਹੈ।
ਸਿੱਖ ਵਿਰਾਸਤ ਦੇ ਪੰਜ ਸਦੀਆਂ ਦੇ ਦੌਰ ਨੂੰ ਇੱਕ ਪੁਸਤਕ ਵਿੱਚ ਸਮੇਟਣਾ ਔਖਾ ਕਾਰਜ ਹੈ। ਇਹ ਇਤਿਹਾਸ ਦੀ ਪੁਸਤਕ ਨਹੀਂ ਅਤੇ ਨਾ ਇਸ ਦੀ ਬਣਤਰ ਅਜਿਹੀ ਹੈ ਕਿ ਇਸ ਨੂੰ ਇਤਿਹਾਸ ਕਿਹਾ ਜਾਵੇ। ਇਤਿਹਾਸ ਤੋਂ ਅਗਾਂਹ ਨਵੇਂ ਅਨੁਸ਼ਾਸਨਾਂ ਵਿੱਚ ਕਾਰਜ ਸਾਹਮਣੇ ਨਹੀਂ ਆ ਰਹੇ। ਇਸ ਪ੍ਰਸੰਗ ਵਿੱਚ ਸਿੱਖ ਵਿਰਾਸਤ ਨੂੰ ਪਰਿਭਾਸ਼ਿਤ ਕਰਨ ਦੀ ਲੋੜ ਹੈ। ਅਕਸਰ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਰਲਗੱਡ ਕਰ ਲਿਆ ਜਾਂਦਾ ਹੈ। ਪ੍ਰੋ. ਹਰਬੰਸ ਸਿੰਘ ਨੇ ਆਪਣੀ ਇਤਿਹਾਸਕ ਪੁਸਤਕ ਨੂੰ ਸਿੱਖ ਹੈਰੀਟਜ ਦੇ ਨਾਂ ’ਤੇ ਪ੍ਰਕਾਸ਼ਿਤ ਕਰਵਾਇਆ ਸੀ, ਉਸੇ ਤਰ੍ਹਾਂ ਡਾ. ਬਲਕਾਰ ਸਿੰਘ ਨੇ ਆਪਣੇ ਵਿਕਲੋਤਰੇ ਲੇਖਾਂ ਨੂੰ ਵਿਰਾਸਤੀ ਪ੍ਰਸੰਗ ਕਿਹਾ ਹੈ। ਬੇਸ਼ੱਕ, ਲੇਖਕ ਨੇ ਇਸ ਪੁਸਤਕ ਵਿੱਚ ਇਤਿਹਾਸ ਨਾਲੋਂ ਅਧਿਆਤਮਿਕ/ਸਿਧਾਂਤਕ ਸੁਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੇ ਕੁੱਲ 19 ਪਾਠ ਹਨ ਜਿਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਗੁਰੂ ਕਾਲ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਦੂਸਰਾ ਗੁਰੂ ਕਾਲ ਤੋਂ ਬਾਅਦ ਸਿੱਖ ਸੱਤਾ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ ਚੋਣਵੇਂ ਸਿੱਖ ਸੂਰਬੀਰ ਅਤੇ ਤੀਸਰੇ ਹਿੱਸੇ ਵਿੱਚ ਸਿੱਖ ਵਿਦਵਾਨ ਅਤੇ ਕਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਇਸ ਪੁਸਤਕ ਦਾ ਇੱਕ ਅਧਿਆਇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਹੈ ਜੋ ਇਨ੍ਹਾਂ ਤਿੰਨਾਂ ਵੰਨਗੀਆਂ ਨਾਲੋਂ ਵੱਖਰਾ ਹੈ।
ਗੁਰਮਤਿ ਪਰੰਪਰਾ/ਵਿਰਾਸਤ ਦੇ ਪਹਿਲੇ ਪੁਰਖ ਵਜੋਂ ਬਾਬਾ ਬੁੱਢਾ ਜੀ ਨੂੰ ਮੰਨ ਲਿਆ ਗਿਆ ਹੈ। ਬਾਬਾ ਬੁੱਢਾ ਜੀ ਦੀ ਅਧਿਆਤਮਿਕ ਸੂਝ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਪਛਾਣਿਆ ਸੀ। ਗੁਰੂ ਪਰੰਪਰਾ ਨਾਲ ਜੁੜੇ ਇਸ ਮਹਾਂਪੁਰਖ ਦੇ ਜੀਵਨ ਨੂੰ ਗੁਰਮਤਿ ਪਰਿਪੇਖ ਵਿੱਚ ਸਮਝਣ ਲਈ ਲੇਖਕ ਨੇ ਗੁਰਬਾਣੀ ਦਾ ਆਸਰਾ ਲਿਆ ਹੈ। ਲੇਖਕ ਦੀ ਧਾਰਨਾ ਹੈ ਕਿ ਬਾਬਾ ਜੀ ਨੂੰ ਸਮਝਣ ਲਈ ਇਤਿਹਾਸ ਬਹੁਤ ਘੱਟ ਸਹਾਇਤਾ ਕਰਦਾ ਹੈ। ਬਾਬਾ ਬੁੱਢਾ ਜੀ ਨੂੰ ਅਸੀਂ ਸਿੱਖ ਵਿਰਾਸਤ ਦੇ ਪਹਿਰੇਦਾਰ ਵੀ ਕਹਿ ਸਕਦੇ ਹਾਂ। ਗੁਰੂ ਜੋਤਿ ਨਾਲ ਸਿੱਧਾ ਰਿਸ਼ਤਾ ਬਣਾਉਣ ਵਾਲੇ ਬਾਬਾ ਜੀ ਨੂੰ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਹਾਸਲ ਹੈ। ਬਾਬਾ ਬੁੱਢਾ ਜੀ ਤੋਂ ਅਗਲੇ ਵਿਰਾਸਤੀ ਪੁਰਖ ਭਾਈ ਮਨੀ ਸਿੰਘ ਨੂੰ ਮੰਨਿਆ ਗਿਆ, ਜਦੋਂਕਿ ਭਾਈ ਗੁਰਦਾਸ ਜੀ ਨੂੰ ਤੀਜੇ ਨੰਬਰ ’ਤੇ ਰੱਖਿਆ ਗਿਆ ਹੈ। ਇਸ ਤੋਂ ਅਗਾਂਹ ਤਿੰਨ ਹੋਰ ਸ਼ਖ਼ਸੀਅਤਾਂ ਭਾਈ ਕਨ੍ਹਈਆ ਜੀ, ਭਾਈ ਨੰਦ ਲਾਲ ਜੀ ਅਤੇ ਭਾਈ ਮੋਤੀ ਰਾਮ ਮਹਿਰਾ ਜੀ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੇ ਸਿੱਖ ਵਿਰਾਸਤ ਦੇ ਖੁੱਲ੍ਹੇਪਣ, ਸੁਤੰਤਰਤਾ, ਸੇਵਾ ਅਤੇ ਗੁਰੂ ਪ੍ਰੇਮ ਨੂੰ ਜੀਵਨ ਵਿਹਾਰ ਵਿੱਚ ਲਾਗੂ ਕਰਕੇ ਜਗਤ ਨੂੰ ਦੱਸਿਆ ਹੈ ਕਿ ਗੁਰੂ ਸਿਧਾਂਤ ਨੂੰ ਜੀਵਨ ਦਾ ਹਿੱਸਾ ਕਿਵੇਂ ਬਣਾਇਆ ਜਾ ਸਕਦਾ ਹੈ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ-ਮਾਤ੍ਰਤਵ ਦਾ ਸਿੱਖ-ਬਿੰਬ ਕਿਹਾ ਹੈ। ਸਿੱਖ ਵਿਰਾਸਤ ਮੁਤਾਬਿਕ ਖ਼ਾਲਸੇ ਦੇ ਸਿਰਜਕ ਗੁਰੂ ਗੋਬਿੰਦ ਸਿੰਘ ਨੂੰ ਖ਼ਾਲਸੇ ਦਾ ਪਿਤਾ ਅਤੇ ਮਾਤਾ ਸਾਹਿਬ ਕੌਰ ਨੂੰ ਖ਼ਾਲਸੇ ਦੀ ਮਾਤਾ ਮੰਨਿਆ ਜਾਂਦਾ ਹੈ। ਸਿੱਖ ਸਿਧਾਂਤ ਵਿੱਚ ਨਰ ਅਤੇ ਨਾਰੀ ’ਚ ਕੋਈ ਭੇਦ ਨਹੀਂ ਅਤੇ ਗੁਰੂ ਆਪ ਹਰ ਕਿਸਮ ਦੇ ਭੇਦ ਤੋਂ ਉਪਰ ਹੈ। ਇਸ ਪਰੰਪਰਾ ਵਿੱਚ ਮਾਤਾ ਸਾਹਿਬ ਕੌਰ ਜੀ ਦਾ ਮਾਤ੍ਰਤਵ ਸਿੱਖ ਵਿਰਾਸਤ ਦੀ ਅਮੀਰੀ ਦੀ ਪਵਿੱਤਰ ਗਵਾਹੀ ਹੈ।
ਦੂਸਰੀ ਵੰਨਗੀ ਦੇ ਪਹਿਲੇ ਦੋ ਲੇਖ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਹਨ ਜੋ ਗੁਰੂ ਕਾਲ ਅਤੇ ਉਤਰ ਗੁਰੂ ਕਾਲ ਵਿੱਚ ਕੜੀ ਹਨ। ਇਸ ਕਾਲ ਵਿਚ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਸੰਗ ਬਹੁਤ ਮਹੱਤਵ ਰੱਖਦੇ ਹਨ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਬਾਬਾ ਦੀਪ ਸਿੰਘ ਜੀ ਦੁਆਰਾ ਲੜੀ ਜੰਗ ਅਤੇ ਉਨ੍ਹਾਂ ਦੀ ਸ਼ਹਾਦਤ ਸਿੱਖ ਵਿਰਾਸਤ ਤੇ ਸਿਮਰਤੀ ਦਾ ਅਹਿਮ ਅੰਗ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਬੈਰਾਗੀ ਤੋਂ ਸਿੰਘ ਸਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਗੁਰੂ ਅਤੇ ਪੰਥ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਇਹ ਦੋਵਾਂ ਦੀਆਂ ਸ਼ਹਾਦਤਾਂ ਨੇ ਸਿੱਖਾਂ ਦੇ ਹਿਰਦੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਪੰਥ ਨੂੰ ਸੰਗਠਿਤ ਕਰਨ ਅਤੇ ਖ਼ਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਸਿੱਖ ਵਿਰਾਸਤ ਨੂੰ ਅਮੀਰ ਬਣਾਉਣ ਵਾਲਾ ਹੈ। ਇਸੇ ਲੜੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਅਕਾਲੀ ਰੋਲ ਮਾਡਲ ਅਕਾਲੀ ਫੂਲਾ ਸਿੰਘ ਹਨ।
ਤੀਸਰੀ ਵੰਨਗੀ ਦੇ ਲੇਖਾਂ ਵਿੱਚ ਮਹਾਂਕਵੀ ਸੰਤੋਖ ਸਿੰਘ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਰਣਧੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਅਤੇ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਪ੍ਰਸੰਗ ਹਨ। ਇਨ੍ਹਾਂ ਪ੍ਰਸੰਗਾਂ ਦਾ ਸਿੱਖ ਅਧਿਐਨ ਦੇ ਵਿਦਿਆਰਥੀਆਂ ਅਤੇ ਸਿੱਖ ਇਤਿਹਾਸ ਵਿੱਚ ਰੁਚੀ ਰੱਖਣ ਵਾਲਿਆਂ ਲਈ ਕਾਫ਼ੀ ਅਕਾਦਮਿਕ ਮਹੱਤਵ ਹੋਵੇਗਾ। ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਵਿਦੇਸ਼ੀ ਹਮਲਾਵਰਾਂ ਨਾਲ ਜੰਗ ਦੇ ਮੈਦਾਨ ਵਿੱਚ ਜੂਝਣਾ ਪਿਆ ਹੈ। ਜੰਗ ਵਿੱਚੋਂ ਜੇਤੂ ਰਹੇ ਯੋਧਿਆਂ ਦਾ ਯੋਗਦਾਨ ਸਿਧਾਂਤ ਅਤੇ ਅਧਿਆਤਮਿਕਤਾ ਦੇ ਸੁਮੇਲ ਵਿੱਚੋਂ ਉਪਜਿਆ ਹੈ। ਅਕਾਦਮਿਕ ਅਤੇ ਅਧਿਆਤਮਿਕ ਸੂਝ ਦੀ ਕਮੀ ਕਾਰਨ ਇਹ ਇਤਿਹਾਸ ਬਿਰਤਾਂਤ ਤੱਕ ਸਿਮਟ ਕੇ ਰਹਿ ਗਿਆ ਹੈ। ਅਜੋਕੇ ਸਮੇਂ ਦੇ ਸਿੱਖ ਆਪਣੇ ਇਤਿਹਾਸ ਉਪਰ ਮਾਣ ਕਰਦੇ ਹਨ। ਇਸ ਮਾਣ ਨੂੰ ਲੇਖਕ ਨੇ ਸੱਤਾ ਨਾਲ ਜੋੜ ਕੇ ਵੇਖਿਆ ਹੈ।
ਸਿੱਖ ਵਿਰਾਸਤ ਬਾਰੇ ਲੇਖਕ ਦੀ ਆਪਣੀ ਨਿੱਜੀ ਰਾਇ ਹੈ ਜਿਸ ਨੂੰ ਕੇਂਦਰ ਵਿੱਚ ਰੱਖ ਕੇ ਇਹ ਪ੍ਰਸੰਗ ਲਿਖੇ ਗਏ ਹਨ। ਲੇਖਕ ਦੀ ਨਿੱਜੀ ਰਾਇ ਜਾਂ ਧਾਰਨਾ ਬਾਰੇ ਪਾਠਕ ਆਪ ਫ਼ੈਸਲਾ ਕਰ ਸਕਦੇ ਹਨ। ਇਸ ਵਿੱਚ ਲੇਖਕ ਨੇ ਵਿਰਾਸਤੀ ਪ੍ਰਸੰਗਾਂ ਨੂੰ ਸਮਝਣ ਲਈ ਅਧਿਆਤਮਿਕ ਅੰਤਰ-ਦ੍ਰਿਸ਼ਟੀ ਤੋਂ ਸਮਝ ਬਣਾਉਣ ਲਈ ਨਵਾਂ ਉਪਰਾਲਾ ਕੀਤਾ ਹੈ।
ਈ-ਮੇਲ: gsspatiala@gmail.com

Advertisement
Author Image

sukhwinder singh

View all posts

Advertisement
Advertisement
×