For the best experience, open
https://m.punjabitribuneonline.com
on your mobile browser.
Advertisement

ਪੰਜਾਬੀਆਂ ਦੀਆਂ ਕੁਰਬਾਨੀਆਂ ਜਿਹੀ ਮਿਸਾਲ ਕਿਤੇ ਨਹੀਂ ਮਿਲਦੀ: ਕਟਾਰੀਆ

10:44 AM Aug 17, 2024 IST
ਪੰਜਾਬੀਆਂ ਦੀਆਂ ਕੁਰਬਾਨੀਆਂ ਜਿਹੀ ਮਿਸਾਲ ਕਿਤੇ ਨਹੀਂ ਮਿਲਦੀ  ਕਟਾਰੀਆ
ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਸਲਾਮੀ ਲੈਂਦੇ ਹੋਏ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 16 ਅਗਸਤ
ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਥਿਆਰਬੰਦ ਬਲਾਂ ਦੇ ਸਾਰੇ ਮੈਂਬਰਾਂ ਦੀ ਯਾਦ ਵਿੱਚ ਬੋਗਨਵਿਲੀਆ ਗਾਰਡਨ ਸਥਿਤ ਜੰਗੀ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਅਜਿਹਾ ਅਨੋਖਾ ਯੋਗਦਾਨ ਪਾਇਆ ਹੈ ਜੋ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦਾ।
ਸਮਾਗਮ ਦੀ ਸ਼ੁਰੂਆਤ ਪਰੇਡ ਗਰਾਊਂਡ ਤੋਂ ਹੋਈ, ਜਿੱਥੇ ਪ੍ਰਸ਼ਾਸਕ ਨੇ ਕੌਮੀ ਝੰਡਾ ਲਹਿਰਾਇਆ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਆਜ਼ਾਦੀ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਪੁਲੀਸ ਅਤੇ ਐੱਨਸੀਸੀ ਕੈਡਿਟਾਂ ਦੀਆਂ ਵੱਖ-ਵੱਖ ਟੁਕੜੀਆਂ ਨੇ ਮਾਰਚ ਪਾਸਟ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਸਮੂਹ ਭਾਰਤੀਆਂ ਅਤੇ ਖਾਸ ਕਰ ਚੰਡੀਗੜ੍ਹ ਅਤੇ ਪੰਜਾਬ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇਸ਼ ਲਈ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਸ਼ਾਸਕ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ, ਚੁਣੇ ਹੋਏ ਨੁਮਾਇੰਦਿਆਂ, ਸਿਵਲ ਅਤੇ ਪੁਲੀਸ ਅਧਿਕਾਰੀਆਂ, ਸਾਬਕਾ ਸੈਨਿਕਾਂ, ਨੌਜਵਾਨਾਂ, ਡਾਕਟਰਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਐੱਨਜੀਓਜ਼, ਸਵੈ-ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਨਸ਼ਿਆਂ ਵਿਰੁੱਧ ਮੁਹਿੰਮ, ਹਰਿਆ-ਭਰਿਆ ਅਤੇ ਸਾਫ਼-ਸੁਥਰਾ ਵਾਤਾਵਰਨ ਬਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਚੰਡੀਗੜ੍ਹ ਪ੍ਰਸ਼ਾਸਨ ਦੇ 25 ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜਨਤਕ ਸੇਵਾਵਾਂ, ਕਲਾ ਅਤੇ ਸੱਭਿਆਚਾਰ, ਸਮਾਜਿਕ ਸੇਵਾਵਾਂ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਪ੍ਰਸ਼ੰਸਾ-ਪੱਤਰ ਅਤੇ ਚੰਡੀਗੜ੍ਹ ਪੁਲੀਸ ਦੇ 22 ਮੁਲਾਜ਼ਮਾਂ ਨੂੰ ਪ੍ਰਸ਼ੰਸਾ-ਪੱਤਰ ਵੀ ਪ੍ਰਦਾਨ ਕੀਤੇ। ਚੰਡੀਗੜ੍ਹ ਦੇ ਦੋ ਪੁਲੀਸ ਇੰਸਪੈਕਟਰਾਂ ਨੂੰ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਡੀਜੀਪੀ ਚੰਡੀਗੜ੍ਹ ਸੁਰਿੰਦਰ ਸਿੰਘ ਯਾਦਵ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲੀਸ ਦੇ ਹੋਰ ਮੈਂਬਰ ਹਾਜ਼ਰ ਸਨ।
ਪੰਚਕੂਲਾ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਇੱਥੇ ਪਰੇਡ ਗਰਾਊਂਡ ਵਿੱਚ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਤਿਰੰਗਾ ਲਹਿਰਾਇਆ। ਉਨ੍ਹਾਂ ਪੁਲੀਸ, ਹੋਮ ਗਾਰਡ ਅਤੇ ਐੱਨਸੀਸੀ ਦੇ ਜਵਾਨਾਂ ਤੋਂ ਸਲਾਮੀ ਵੀ ਲਈ। ਇਸੇ ਤਰ੍ਹਾਂ ਪੰਚਕੂਲਾ ਦੇ ਸੈਕਟਰ-12 ਭਾਰਤ ਸਕੂਲ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ।

Advertisement

ਯੂਟੀ ’ਚ ਰੱਖੜੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਸੇਵਾ

ਚੰਡੀਗੜ੍ਹ (ਪੱਤਰ ਪ੍ਰੇਰਕ): ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਰੱਖੜੀ ਦੇ ਤਿਉਹਾਰ ਮੌਕੇ ਟ੍ਰਾਈਸਿਟੀ ਵਿੱਚ ਔਰਤਾਂ ਲਈ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਦਿੱਤੇ ਹੁਕਮਾਂ ਮੁਤਾਬਕ 19 ਅਗਸਤ (ਸੋਮਵਾਰ) ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਟ੍ਰਾਈਸਿਟੀ ਖੇਤਰ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਵਿੱਚ ਚੱਲਣ ਵਾਲੀਆਂ ਏਸੀ ਅਤੇ ਨਾਨ-ਏਸੀ ਲੋਕਲ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

Advertisement

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਟਰਾਂਸਪੋਰਟ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਅਸੀਮ ਗੋਇਲ ਨੇ ਝੰਡਾ ਲਹਿਰਾਇਆ ਤੇ ਪਰੇਡ ਦੀ ਸਲਾਮੀ ਲਈ। ਇਸ ਤੋਂ ਪਹਿਲਾਂ ਉਨ੍ਹਾਂ ਪੁਲੀਸ ਲਾਈਨ ਕੰਪਲੈਕਸ ਵਿੱਚ ਸਥਿਤ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿੱਚ ਉਨ੍ਹਾਂ ਨੇ ਜੰਗੀ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ। ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਰਕਾਰੀ ਰੇਲਵੇ ਪੁਲੀਸ ਅੰਬਾਲਾ ਦੀ ਟੁਕੜੀ ਪਹਿਲੇ, ਜ਼ਿਲ੍ਹਾ ਪੁਲੀਸ ਮਹਿਲਾ ਦਸਤਾ ਦੂਜੇ ਅਤੇ ਪੁਲੀਸ ਡੀਏਵੀ ਸਕੂਲ ਬੈਂਡ ਤੀਜੇ ਸਥਾਨ ’ਤੇ ਰਹੇ। ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪੰਜਾਬ ਯੂਨੀਵਰਸਿਟੀ ’ਚ ਉਪ ਕੁਲਪਤੀ ਨੇ ਲਹਿਰਾਇਆ ਤਿਰੰਗਾ

ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਪ ਕੁਲਪਤੀ ਪ੍ਰੋ. ਰੇਣੂ ਵਿੱਗ ਵੱਲੋਂ ਪੀਯੂ ਪਰੇਡ ਗਰਾਊਂਡ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਰੇਣੂ ਵਿੱਗ ਨੇ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ, ਟਾਈਮਜ਼ ਹਾਇਰ ਐਜੂਕੇਸ਼ਨ, ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ-2024 ਅਤੇ ਐੱਨਆਈਆਰਐੱਫ ਵਿੱਚ ਪੰਜਾਬ ਯੂਨੀਵਰਸਿਟੀ ਦੇ ਬਿਹਤਰ ਰੈਂਕ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਯੂਜੀਸੀ ਵੱਲੋਂ ਪੀਯੂ ਨੂੰ ਯੂਨੀਵਰਸਿਟੀ ਸ਼੍ਰੇਣੀ-1 ਦਾ ਦਰਜਾ ਵੀ ਸਾਂਝਾ ਕੀਤਾ ਅਤੇ ਹੋਰ ਕਈ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਪੀਯੂ ਸੁਰੱਖਿਆ ਗਾਰਡਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਅਤੇ ਅੰਕੁਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ-ਪਾਸਟ ਕੀਤਾ ਗਿਆ ਜਿਸ ਦਾ ਨਿਰੀਖਣ ਵੀਸੀ ਵੱਲੋਂ ਕੀਤਾ ਗਿਆ। ਹਿੰਦੀ ਵਿਭਾਗ ਦੇ ਚੇਅਰਪਰਸਨ ਪ੍ਰੋ. ਗੁਰਮੀਤ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਪੰਜਾਬ ਯੂਨੀਵਰਸਿਟੀ ’ਚ ਉਪ ਕੁਲਪਤੀ ਨੇ ਲਹਿਰਾਇਆ ਤਿਰੰਗਾ

ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਮਾਰਚ ਪਾਸਟ ਦਾ ਨਿਰੀਖਣ ਕਰਦੇ ਹੋਏ।

ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਪ ਕੁਲਪਤੀ ਪ੍ਰੋ. ਰੇਣੂ ਵਿੱਗ ਵੱਲੋਂ ਪੀਯੂ ਪਰੇਡ ਗਰਾਊਂਡ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਰੇਣੂ ਵਿੱਗ ਨੇ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ, ਟਾਈਮਜ਼ ਹਾਇਰ ਐਜੂਕੇਸ਼ਨ, ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ-2024 ਅਤੇ ਐੱਨਆਈਆਰਐੱਫ ਵਿੱਚ ਪੰਜਾਬ ਯੂਨੀਵਰਸਿਟੀ ਦੇ ਬਿਹਤਰ ਰੈਂਕ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਯੂਜੀਸੀ ਵੱਲੋਂ ਪੀਯੂ ਨੂੰ ਯੂਨੀਵਰਸਿਟੀ ਸ਼੍ਰੇਣੀ-1 ਦਾ ਦਰਜਾ ਵੀ ਸਾਂਝਾ ਕੀਤਾ ਅਤੇ ਹੋਰ ਕਈ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਪੀਯੂ ਸੁਰੱਖਿਆ ਗਾਰਡਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਅਤੇ ਅੰਕੁਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ-ਪਾਸਟ ਕੀਤਾ ਗਿਆ ਜਿਸ ਦਾ ਨਿਰੀਖਣ ਵੀਸੀ ਵੱਲੋਂ ਕੀਤਾ ਗਿਆ। ਹਿੰਦੀ ਵਿਭਾਗ ਦੇ ਚੇਅਰਪਰਸਨ ਪ੍ਰੋ. ਗੁਰਮੀਤ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਚੰਡੀਗੜ੍ਹ ਨਿਗਮ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਨਿਗਮ ਕਰਮਚਾਰੀ ਦਾ ਸਨਮਾਨ ਕਰਦੇ ਹੋਏ ਮੇਅਰ ਕੁਲਦੀਪ ਕੁਮਾਰ।

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਥੇ ਸੈਕਟਰ-17 ਸਥਿਤ ਨਗਰ ਨਿਗਮ ਭਵਨ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੇਅਰ ਕੁਲਦੀਪ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮੇਅਰ ਕੁਲਦੀਪ ਕੁਮਾਰ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਗਮ ਕਰਮਚਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨ ਕੀਤਾ। ਮੇਅਰ ਨੇ ਨਗਰ ਨਿਗਮ ਦੀਆਂ ਪਹਿਲਕਦਮੀਆਂ/ਪ੍ਰਾਜੈਕਟਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸਫ਼ਾਈ ਸੇਵਕਾਂ, ਸਫ਼ਾਈ ਸੈਨਿਕਾਂ, ਮਾਲੀਆਂ ਮਲਸੀਆਂ, ਮਜ਼ਦੂਰਾਂ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਗਮ ਦਾ ਹਰ ਕੌਂਸਲਰ, ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਸ਼ਹਿਰ ਵਿੱਚ ਮੁੱਢਲੇ ਕੰਮਾਂ ਲਈ ਸੇਵਾ ਕਰਨ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਦੇ ਖੇਤਰ ਵਿੱਚ ਵੀ ਸ਼ਾਨਦਾਰ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨਗਰ ਨਿਗਮ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Advertisement
Author Image

sukhwinder singh

View all posts

Advertisement