ਨਾਲੀ ਕਾਰਨ ਹੋਏ ਝਗੜੇ ’ਚ ਸਾਬਕਾ ਫ਼ੌਜੀ ਦੀ ਹੱਤਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਦਸੰਬਰ
ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਢੈਪਈ ਵਿੱਚ ਨਾਲੀ ਤੋਂ ਸ਼ੁਰੂ ਹੋਏ ਝਗੜੇ ਵਿੱਚ ਗੁਆਂਢੀ ਵੱਲੋਂ ਸਾਬਕਾ ਪੁਲੀਸ ਮੁਲਾਜ਼ਮ ਸ਼ਿੰਗਾਰਾ ਸਿੰਘ (70) ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਥਾਣੇਦਾਰ ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਵਾਪਰੀ ਹੈ। ਸ਼ਿੰਗਾਰਾ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਕਿ ਗੁਆਂਢੀ ਜਗਦੀਪ ਸਿੰਘ (ਸਾਬਕਾ ਫ਼ੌਜੀ) ਨੇ ਝਗੜੇ ਦੌਰਾਨ ਲੋਹੇ ਦੀ ਰਾਡ ਸ਼ਿੰਗਾਰਾ ਸਿੰਘ ਦੇ ਸਿਰ ਵਿੱਚ ਮਾਰੀ। ਗੰਭੀਰ ਜ਼ਖ਼ਮੀ ਸ਼ਿੰਗਾਰਾ ਸਿੰਘ ਨੂੰ ਪਰਿਵਾਰਕ ਮੈਂਬਰਾਂ ਨੇ ਪੱਖੋਵਾਲ ਦੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਨਦੀਪ ਸਿੰਘ ਉਪ ਪੁਲੀਸ ਕਪਤਾਨ ਦਾਖਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਜਗਦੀਪ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਝਗੜੇ ਦੌਰਾਨ ਥਾਣੇਦਾਰ ਬਲਵਿੰਦਰ ਸਿੰਘ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਦੇ ਪਰਿਵਾਰ ਵੱਲੋਂ 16 ਦਸੰਬਰ ਨੂੰ ਇਕ ਮਾਮਲੇ ਬਾਰੇ ਲਿਖਤੀ ਸ਼ਿਕਾਇਤ ਮਿਲੀ ਸੀ, ਜਿਸ ਦੀ ਪੜਤਾਲ ਲਈ ਥਾਣੇਦਾਰ ਬਲਵਿੰਦਰ ਸਿੰਘ ਮੌਕਾ ਦੇਖਣ ਗਏ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਿੰਗਾਰਾ ਸਿੰਘ ਫ਼ੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਪੁਲੀਸ ਵਿੱਚ ਭਰਤੀ ਹੋ ਗਿਆ ਸੀ। ਹੁਣ ਉਹ ਪੁਲੀਸ ਵਿੱਚੋਂ ਵੀ ਸੇਵਾਮੁਕਤ ਹੋ ਚੁੱਕਾ ਸੀ। ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਅਨੁਸਾਰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਹਾਲ ਦੀ ਘੜੀ ਸਰਕਾਰੀ ਹਸਪਤਾਲ ਪੱਖੋਵਾਲ ਵਿੱਚ ਪਈ ਹੈ, ਜੋ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜੀ ਜਾਵੇਗੀ।