ਬੋਲੀ ਅਤੇ ਸੱਭਿਆਚਾਰ ਦੇ ਵਖਰੇਵੇਂ ’ਤੇ ਸਾਂਝ ਦਾ ਪੁਲ ਉਸਾਰਨ ਦਾ ਉਪਰਾਲਾ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਵੱਲੋਂ ਇੱਥੋਂ ਦੀ ਸਿਲਵਰ ਸਪਰਿੰਗ ਸੀਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਜੈਨੇਸਜ਼ ਸੈਂਟਰ ਵਿੱਚ ਸਾਂਝੀ ਮੀਟਿੰਗ ਕੀਤੀ ਗਈ। ਪੰਜਾਬੀ ਅਤੇ ਅੰਗਰੇਜ਼ੀ ਬੋਲੀ ਦੀ ਰੁਕਾਵਟ ਨੂੰ ਇੰਟਰਪ੍ਰੈਟਰਾਂ ਦੀ ਮਦਦ ਨਾਲ ਸੌਖਾ ਕੀਤਾ ਗਿਆ।
ਪਿਛਲੇ ਕਾਫ਼ੀ ਸਮੇਂ ਤੋਂ ਕੈਲਗਰੀ ਸ਼ਹਿਰ ਦੀ ਕੌਂਸਲ ਦੀ ਓਲਡਰ ਅਡਲਟਸ ਐਡਵਾਇਜ਼ਰੀ ਕਮੇਟੀ ਦੇ ਵਾਈਸ ਪ੍ਰੈਜੀਡੈਂਟ ਡੈਵਿਡ ਫਿਲਪਸ ਅਤੇ ਇਸੇ ਕਮੇਟੀ ਦੀ ਨਾਰਥ ਈਸਟ ਕਮਿਊਨਿਟੀ ਦੀ ਰਹਿਨੁਮਾਈ ਕਰਦੀ ਗੁਰਚਰਨ ਥਿੰਦ ਵੱਲੋਂ ਵੱਖ ਵੱਖ ਬੋਲੀਆਂ, ਸੱਭਿਆਚਾਰ ਅਤੇ ਆਸਥਾ ਵਾਲੇ ਲੋਕਾਂ ਦਰਮਿਆਨ ‘ਫੀਅਰ ਆਫ ਅਨ-ਨੋਅਨ’ ਦੀ ਹੋਂਦ ਨੂੰ ਦੂਰ ਕਰਨ ’ਤੇ ਵਿਚਾਰ ਹੁੰਦੀ ਰਹੀ ਸੀ। ਆਖਰ ਲੰਮੇ ਸਮੇਂ ਦੇ ਵਿਚਾਰ ਵਟਾਂਦਰੇ ਬਾਅਦ ਉਪਰੋਕਤ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।
ਇਸ ਮੀਟਿੰਗ ਵਿੱਚ 12 ਮੈਂਬਰ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੇ ਅਤੇ 12 ਮੈਂਬਰ ਸਿਲਵਰ ਸਪਰਿੰਗ ਸੀਨੀਅਰਜ਼ ਐਸੋਸੀਏਸ਼ਨ ਦੇ ਸ਼ਾਮਲ ਹੋਏ। ਸਿਲਵਰ ਸਪਰਿੰਗ ਐਸੋਸੀਏਸ਼ਨ ਦੀ ਰਹਿਨੁਮਾਈ ਕਰ ਰਹੇ ਕੈਰਨ ਕਰਨਬੌਰ ਅਤੇ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਗੁਰਚਰਨ ਥਿੰਦ ਨੇ ਦੋਵਾਂ ਧਿਰਾਂ ਦਾ ਸੁਆਗਤ ਕੀਤਾ। ਫਿਰ ਦੋਵਾਂ ਧਿਰਾਂ ਨੇ ਸਲਾਈਡ ਸ਼ੋਅ ਨਾਲ ਜਾਣ-ਪਛਾਣ ਦੀ ਸ਼ੁਰੂਆਤ ਕੀਤੀ। ਸਲਾਈਡ ਸ਼ੋਅ ਵਿੱਚ ਦੁਨੀਆ, ਕੈਨੇਡਾ, ਅਲਬਰਟਾ, ਭਾਰਤ ਤੇ ਪੰਜਾਬ ਦੇ ਨਕਸ਼ਿਆਂ ਨਾਲ ਹਰੇਕ ਨੇ ਆਪਣੇ ਜਨਮ ਸਥਾਨ ਦੀ ਅਤੇ ਆਪਣੀਆਂ ਫੋਟੋਆਂ ਨਾਲ ਆਪਣੇ ਪਰਿਵਾਰਕ ਤੇ ਸੱਭਿਆਚਾਰਕ ਪਿਛੋਕੜ ਦੀ ਜਾਣ-ਪਛਾਣ ਕਰਵਾਈ। ਇਸ ਤਰ੍ਹਾਂ ਤਸਵੀਰਾਂ ਦੇ ਜ਼ਰੀਏ ਜਾਣਕਾਰੀ ਦਾ ਅਦਾਨ ਪ੍ਰਦਾਨ ਬਹੁਤ ਹੀ ਗਿਆਨ-ਪੂਰਵਕ ਅਤੇ ਪ੍ਰਭਾਵਸ਼ਾਲੀ ਰਿਹਾ। ਸਲਾਈਡ ਸ਼ੋਅ ਦੀ ਤਿਆਰੀ ਡੈਵਿਡ ਫਿਲਪਸ ਨੇ ਬੜੀ ਮਿਹਨਤ ਅਤੇ ਲਗਨ ਨਾਲ ਕੀਤੀ ਸੀ।
ਜਾਣ-ਪਛਾਣ ਤੋਂ ਬਾਅਦ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਪਰੋਸੇ ਗਏ ਦੁਪਹਿਰ ਦੇ ਖਾਣੇ ਦਾ ਇਕੱਠੇ ਹੋ ਕੇ ਆਨੰਦ ਮਾਣਿਆ ਗਿਆ। ਹਰ ਮੇਜ਼ ਉੱਪਰ ਦੋਵਾਂ ਐਸੋਸੀਏਸ਼ਨਾਂ ਦੇ ਤਿੰਨ ਤਿੰਨ ਮੈਂਬਰ ਅਤੇ ਇੱਕ ਇੰਟਰਪ੍ਰੈਟਰ ਬਿਠਾਏ ਗਏ ਅਤੇ ਵਿਚਾਰ-ਵਟਾਂਦਰੇ ਲਈ ਤਿੰਨ ਪ੍ਰਸ਼ਨ ਦਿੱਤੇ ਗਏ।
ਅੰਤ ਵਿੱਚ ਡੈਵਿਡ ਫਿਲਪਸ, ਕੈਰਨ ਅਤੇ ਗੁਰਚਰਨ ਥਿੰਦ ਵੱਲੋਂ ਆਪਣੇ ਵਿਚਾਰ ਪੇਸ਼ ਕਰਕੇ ਮੀਟਿੰਗ ਨੂੰ ਸਮੇਟਿਆ ਗਿਆ। ਕੈਰਨ ਕਰਨਬੌਰ ਨੇ ਆਪਣੀ ਸਭਾ ਵੱਲੋਂ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੂੰ ਉਨ੍ਹਾਂ ਵੱਲ ਆਉਣ ਦਾ ਸੱਦਾ ਦਿੱਤਾ ਗਿਆ ਅਤੇ ਨੇੜ ਭਵਿੱਖ ਵਿੱਚ ਇੱਕ ਹੋਰ ਸਾਂਝੀ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਤਰ੍ਹਾਂ ਸਾਂਝ ਦਾ ਪੁਲ ਉਸਾਰ ਬੋਲੀ ਦੀ ਰੁਕਾਵਟ ਅਤੇ ਸੱਭਿਆਚਾਰਕ ਤੇ ਧਾਰਮਿਕ ਵਖਰੇਵੇਂ ਪਾਰ ਕਰਨ ਦਾ ਉਪਰਾਲਾ ਸਫਲਤਾ ਪੂਰਵਕ ਸੰਪੰਨ ਹੋਇਆ।
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ