ਐੱਸਕੇਐੱਮ ਦੇ ਸੱਦੇ ’ਤੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਅਕਤੂਬਰ
ਯੂਪੀ ਦੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ’ਚ ਇਨਸਾਫ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉਤੇ ਨਵੇਂ ਬੱਸ ਸਟੈਂਡ ’ਤੇ ਮੋਦੀ ਸਰਕਾਰ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਇਤਿਹਾਸਕ ਕਿਸਾਨ ਮੋਰਚਾ ਲਗਾਇਆ ਗਿਆ, ਜਿਸ ਦੌਰਾਨ ਕੇਂਦਰੀ ਕੈਬਨਿਟ ਮੰਤਰੀ ਦੇ ਪੁੱਤਰ ਨੇ ਲਖੀਮਪੁਰ ਖੀਰੀ ਵਿਖੇ ਕਥਿਤ ਤੌਰ ’ਤੇ ਜੀਪ ਨਾਲ ਦਰੜਕੇ ਕਿਸਾਨ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਵੀ ਮੋਦੀ ਸਰਕਾਰ ਵੱਲੋਂ ਕਾਤਲਾਂ ਦਾ ਬਚਾਅ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਕੁਲਦੀਪ ਸਿੰਘ ਬਖੋਪੀਰ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ ਅਤੇ ਗੁਰਦੇਵ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਹਾਜ਼ਰ ਸਨ।
ਇਸੇ ਤਰ੍ਹਾਂ ਭਾਕਿਯੂ ਡਕੌਂਦਾ ਵੱਲੋਂ ਮਾਝੀ, ਭੜੋ, ਬਲਿਆਲ, ਭੱਟੀਵਾਲ ਖੁਰਦ, ਭਵਾਨੀਗੜ੍ਹ, ਬਾਲਦ ਕਲਾਂ ਸਮੇਤ ਕਾਫ਼ੀ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨ ਆਗੂ ਗੁਰਮੀਤ ਸਿੰਘ ਭੱਟੀਵਾਲ,ਕਰਮ ਸਿੰਘ ਬਲਿਆਲ, ਰਣਧੀਰ ਸਿੰਘ ਭੱਟੀਵਾਲ, ਚਮਕੌਰ ਸਿੰਘ ਗੋਰਾ ਨੇ ਮੋਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਪਰਦਾਫਾਸ਼ ਕੀਤਾ।