For the best experience, open
https://m.punjabitribuneonline.com
on your mobile browser.
Advertisement

ਮਨੋਵਿਗਿਆਨਕ ਗੁੰਝਲਾਂ ਦਾ ਸਵੈ-ਜੀਵਨੀਮੂਲਕ ਬਿਰਤਾਂਤ

12:05 PM Dec 31, 2023 IST
ਮਨੋਵਿਗਿਆਨਕ ਗੁੰਝਲਾਂ ਦਾ ਸਵੈ ਜੀਵਨੀਮੂਲਕ ਬਿਰਤਾਂਤ
Advertisement

ਮਨਮੋਹਨ
ਪੁਸਤਕ ‘ਵੱਡੇ ਵੇਲੇ ਦਿਆ ਤਾਰਿਆ’ (ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ) ਅੰਗਰੇਜ਼ੀ ਦੇ ਲੇਖਕ ਅਮਨਦੀਪ ਸੰਧੂ ਦੇ ਰੂਪਾ ਪਬਲੀਕੇਸ਼ਨਜ਼ ਵੱਲੋਂ 2008 ’ਚ ਪ੍ਰਕਾਸ਼ਿਤ ਨਾਵਲ ‘Sepia Leaves’ ਦਾ ਡਾ. ਯਾਦਵਿੰਦਰ ਸਿੰਘ ਵੱਲੋਂ ਕੀਤਾ ਪੰਜਾਬੀ ਅਨੁਵਾਦ ਹੈ। ਰੁੜਕੇਲਾ (ਉੜੀਸਾ) ਦੇ ਜੰਮਪਲ ਅਮਨਦੀਪ ਸੰਧੂ ਨੇ ਹੈਦਰਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਦਬ ਵਿਚ ਮਾਸਟਰੀ ਡਿਗਰੀ ਹਾਸਲ ਕੀਤੀ ਹੈ। ਪੱਤਰਕਾਰ ਤੇ ਤਕਨੀਕੀ ਲੇਖਕ ਵਜੋਂ ਕੰਮ ਕਰਦਿਆਂ ਉਹਨੇ ਆਪਣੀ ਰਚਨਾਕਾਰੀ ਦਾ ਸਫ਼ਰ ਵੀ ਜਾਰੀ ਰੱਖਿਆ। ਉਹਦੀਆਂ ਪਹਿਲੀਆਂ ਦੋ ਕਿਤਾਬਾਂ ‘Sepia Leaves’ ਅਤੇ ‘Role of Honour’ (2012) ਸਵੈ-ਬਿਰਤਾਂਤ ਨੂੰ ਗਲਪ ’ਚ ਢਾਲਦੀਆਂ ਹਨ। ‘Punjab: Journey Through Fault Lines’ (2019) ਉਸ ਦੀ ਪਹਿਲੀ ਵਾਰਤਕ ਲਿਖਤ ਹੈ। ਮੈਂ ਇਸ ’ਤੇ ਲੇਖ ਵੀ ਲਿਖਿਆ ਸੀ ‘ਪੰਜਾਬ ਦੀਆਂ ਘੁਣਤਰੀ ਰੇਖਾਵਾਂ’। ਇਸ ਕਿਤਾਬ ਦਾ ਅਨੁਵਾਦ ‘ਪੰਜਾਬ: ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ’ ਵੀ ਡਾ. ਯਾਦਵਿੰਦਰ ਤੇ ਮੰਗਤ ਰਾਮ ਨੇ ਰਲ ਕੇ ਕੀਤਾ। ਪਿਛਲੇ ਕੁਝ ਵਰ੍ਹਿਆਂ ਤੋਂ ਅਮਨਦੀਪ ਦੀਆਂ ਲਿਖਤਾਂ ਪ੍ਰਿੰਟ ਅਤੇ ਡਿਜੀਟਲ ਮੀਡੀਆ ’ਤੇ ਮੰਜ਼ਰੇਆਮ ਹੁੰਦੀਆਂ ਰਹਿੰਦੀਆਂ ਹਨ ਅਤੇ ਕਈ ਸੰਗ੍ਰਹਿਆਂ ’ਚ ਸ਼ੁਮਾਰ ਵੀ ਹੁੰਦੀਆਂ ਹਨ। ਅੱਜਕੱਲ੍ਹ ਉਹ ਬੰਗਲੁਰੂ ਰਹਿ ਰਿਹਾ ਹੈ ਅਤੇ ਪੰਜਾਬ ਤੋਂ ਬਾਹਰ ਮੁਲਕ ਦੇ ਦੂਜੇ ਸੂਬਿਆਂ ’ਚ ਰਹਿ ਰਹੇ ਸਿੱਖਾਂ ਬਾਰੇ ਕਿਤਾਬ ਲਿਖਣ ’ਚ ਰੁੱਝਿਆ ਹੋਇਆ ਹੈ।
‘ਵੱਡੇ ਵੇਲੇ ਦਿਆ ਤਾਰਿਆ’ ਦਾ ਬਿਰਤਾਂਤ ਇਕ ਰਾਤ ਦੇ ਕਾਗ਼ਜ਼ੀ ਕੈਨਵਸ ’ਤੇ ਫੈਲਿਆ ਹੋਇਆ ਹੈ। ਬਿਰਤਾਂਤ ਦਾ ਮੁੱਖ ਕਿਰਦਾਰ ਅੱਪੂ ਆਪਣੇ ਪਿਤਾ (ਬਾਬਾ) ਦੀ ਮੌਤ ਹੋਣ ਮਗਰੋਂ ਸਾਰੀ ਰਾਤ ਆਪਣੀ ਸਕਿਜ਼ੋਫਰੇਨੀਆ ਜਿਹੇ ਰੋਗ ਨਾਲ ਗ੍ਰਸਤ ਮਾਂ ਨਾਲ ਅਗਲੇ ਦਿਨ ਸਸਕਾਰ ਤੱਕ ਆਪਣੇ ਜੀਵਨ ਦੀਆਂ ਸਿਮਰਤੀਆਂ ਰਾਹੀਂ ਲੰਘਦਿਆਂ ਗੁਜ਼ਾਰਦਾ ਹੈ। ਇਨ੍ਹਾਂ ਸਵੈ-ਜੀਵਨੀਮੂਲਕ ਸਿਮਰਤੀਆਂ ਦੀ ਲੜੀਵਾਰ ਦ੍ਰਿਸ਼ਾਵਲੀ ’ਚੋਂ ਸਾਕਾਰ ਹੁੰਦਾ ਹੈ ਕਿ 1970-80 ਦੇ ਦਹਾਕੇ ਦਾ ਐਮਰਜੈਂਸੀ ਦੇ ਸਮਿਆਂ ਦਾ ਭਾਰਤ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਨਵੇਂ ਭਾਰਤ ਦੇ ਨਿਰਮਾਣ ਦਾ ਸੁਪਨਾ ਲਿਆ ਸੀ। ਇਸ ਸੁਪਨੇ ਦਾ ਸ਼ਾਖ਼ਸਾਤ ਨਮੂਨਾ ਰੁੜਕੇਲਾ ਦਾ ਇਸਪਾਤ ਕਾਰਖਾਨਾ ਬਣਿਆ ਜੋ ਜਰਮਨੀ ਦੇ ਵਿੱਤੀ ਤੇ ਤਕਨੀਕੀ ਸਹਿਯੋਗ ਨਾਲ ਸਥਾਪਿਤ ਹੋਇਆ। ਇਸ ਬਿਰਤਾਂਤ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਇਸ ਸ਼ਹਿਰ ’ਚ ਜੰਮਿਆ ਪਲਿਆ ਪੰਜਾਬੀ ਬੱਚਾ ਅੱਪੂ ਆਪਣੀ ਮਾਂ ਦੀ ਮਾਨਸਿਕ ਬਿਮਾਰੀ ਕਾਰਨ ਤਿੜਕੇ ਪਰਿਵਾਰ ਨਾਲ ਬਰ ਮੇਚਣ ਦੀ ਜਾਚ ਸਿੱਖ ਰਿਹਾ ਹੈ।
ਮਾਂ ਦੇ ਮਾਨਸਿਕ ਰੋਗੀ ਹੋਣ ਦੀਆਂ ਅਲਾਮਤਾਂ ਅਤੇ ਹਰਕਤਾਂ ਨੂੰ ਮੁਲਕ ਅੰਦਰ ਫੈਲੇ ਪਾਗ਼ਲਪਣ ਅਤੇ ਉਨਮਾਦ ਨਾਲ ਸਮਰੂਪਤਾ ਤਲਾਸ਼ ਕਰਦਿਆਂ ਅੱਪੂ ਆਪਣੇ ਪਰਿਵਾਰ ਦੀ ਨਿੱਜਤਾ ਅਤੇ ਸਿਆਸੀ ਸਮਾਜਿਕ ਸਮਰੂਪਤਾ ਦਰਮਿਆਨ ‘ਵੱਡੇ ਵੇਲੇ ਦਿਆ ਤਾਰਿਆ’ ਦਾ ਬਿਰਤਾਂਤਕ ਸਪੇਸ-ਸਮਾਂ ਉਸਾਰਦਾ ਹੈ। ਇਸ ਬਿਰਤਾਂਤ ਦੀ ਸ਼ੁਰੂਆਤ ਗਰਮੀਆਂ ਦੀ ਸ਼ਾਮ ਨੂੰ ਬੰਗਲੌਰ ਜਾ ਕੇ ਵੱਸੇ ਅੱਪੂ ਦੇ ਬਾਬਾ ਦੀ ਮੌਤ ਨਾਲ ਹੁੰਦਾ ਹੈ ਅਤੇ ਅੱਪੂ ਉਸ ਵਰ੍ਹਿਆਂ ਲੰਮੀ ਰਾਤ ਦੀ ਤੰਦ ਨੂੰ ਆਪਣੀ ਜ਼ਿੰਦਗੀ ਦੀਆਂ ਸਿਮਰਤੀ ਦੇ ਤਾਣੇ ਪੇਟੇ ਨਾਲ ਜੋੜ ਕੇ ਮੁੜ ਵਾਚਣ-ਸਮਝਣ ਦਾ ਯਤਨ ਕਰਦਾ ਹੋਇਆ ਇਹ ਬਿਰਤਾਂਤਕ ਪੇਸ਼ਕਾਰੀ ਕਰਦਾ ਹੈ।
ਜੀਵਨ ਅੱਗੇ ਤੁਰਦਾ ਹੈ, ਪਰ ਇਸ ਦਾ ਅਨੁਭਵ ਪਿੱਛਲਖੁਰਾ ਹੈ। ਉਮਰ ਵਧਦਿਆਂ ਇਹ ਆਭਾਸ ਹੁੰਦਾ ਹੈ ਕਿ ਬੰਦਾ ਵੀ ਵਧ ਰਿਹਾ, ਪਰ ਉਹ ਵਧ ਨਹੀਂ ਬਲਕਿ ਘਟ ਰਿਹਾ ਹੁੰਦਾ ਹੈ। ਇਸ ਆਭਾਸੀ ਘਟਣ ਦੇ ਉਲਟ ਬੰਦਾ ਸਿਮਰਤੀਆਂ ’ਚ ਦਰਅਸਲ ਵਧ ਰਿਹਾ ਹੁੰਦਾ ਹੈ। ਇੰਝ ਇਹ ਤਰਕ ਸਹੀ ਪ੍ਰਤੀਤ ਹੁੰਦਾ ਹੈ ਕਿ ਬੰਦਾ ਹੱਡ ਮਾਸ ਤੇ ਲਹੂ ਦਾ ਨਹੀਂ ਸਗੋਂ ਸਿਮਰਤੀਆਂ ਦਾ ਸ਼ਾਸ਼ਵਤ ਸਰੂਪ ਹੈ। ਇਸ ਗੱਲ ਦੀ ਤਸ਼ਰੀਹ ਨੋਬੇਲ ਪੁਰਸਕਾਰ ਜੇਤੂ ਨਾਵਲਕਾਰ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਆਪਣੀ ਕਿਤਾਬ ‘ਇਨ ਮੈਮੋਆਇਰਜ਼’ ’ਚ ਕਰਦਾ ਹੈ ਕਿ ਜੀਵਨ ਉਹ ਨਹੀਂ ਜੋ ਜੀਵਿਆ ਹੁੰਦਾ ਹੈ ਬਲਕਿ ਉਹ ਹੈ ਜੋ ਸਾਡੀਆਂ ਸਿਮਰਤੀਆਂ ’ਚ ਪਿਆ ਹੁੰਦਾ ਹੈ। ਸਿਮਰਤੀਆਂ ਆਤਮਾ ਦੀ ਆਵਾਜ਼ ਹਨ। ਸਿਮਰਤੀਆਂ ਜਦੋਂ ਤੱਕ ਬੰਦੇ ਨੂੰ ਮੱਥ ਦਿੰਦੀਆਂ ਹਨ ਤਾਂ ਆਤਮ ਹੋ ਨਬਿੜਦੀਆਂ ਨੇ। ਆਤਮ ਕਾਰਨ ਹੀ ਯਾਦ ਕਰਨ ’ਤੇ ਤਾਂ ਬੀਤਿਆ ਸੁੱਖ ਵੀ ਦੁੱਖ ਤੇ ਪੀੜ ਦਾ ਸਰੋਤ ਬਣ ਜਾਂਦਾ ਹੈ। ਲੁਡਵਿੰਗ ਵਿਟਜਨਸਟੀਨ ਲਿਖਦਾ ਹੈ ਕਿ ਹਰ ਮਨੁੱਖ ਦਾ ਆਪਣਾ ਅੰਦਰੂਨ ਹੁੰਦਾ ਅਤੇ ਇਹ ਦੋ ਤਰ੍ਹਾਂ ਦਾ ਹੁੰਦਾ ਹੈ; ਸੁਭਾਵਿਕ ਜੀਵਨ ਅਨੁਭੂਤੀਆਂ ਨਾਲ ਭਰਿਆ ਤੇ ਦੂਜਾ ਉਨ੍ਹਾਂ ਦਾ ਸਿਰਜਣਾਤਮਕ ਪ੍ਰਗਟਾਵਾ। ਸਿਮਰਤੀਆਂ ਅਨੁਭੂਤੀਆਂ ਦਾ ਪ੍ਰਗਟਾਵੀ ਕੋਸ਼ ਹੁੰਦੀਆਂ ਹਨ। ਬ੍ਰਾਜ਼ੀਲੀ ਨਾਵਲਕਾਰ ਪਾਓਲੋ ਕੋਇਲੋ ਕਹਿੰਦਾ ਹੈ ਕਿ ਉਸ ਨੂੰ ਆਪਣੀ ਆਤਮਾ ਦੇ ਜ਼ਖ਼ਮਾਂ ’ਤੇ ਮਾਣ ਹੈ ਜੋ ਮੈਨੂੰ ਯਾਦ ਦਿਵਾਉਂਦੇ ਨੇ ਕਿ ਮੈਂ ਕਿੰਨੀ ਤੀਬਰ ਜ਼ਿੰਦਗੀ ਜੀਵੀ ਹੈ।
‘ਵੱਡੇ ਵੇਲੇ ਦਿਆ ਤਾਰਿਆ’ ਬਿਰਤਾਂਤ ’ਚ ਵਰਤਮਾਨ ਦੀ ਪਾਠਾਤਮਕ ਪੇਸ਼ਕਾਰੀ ਲਾਲ ਸਿਆਹੀ ’ਚ ਕੀਤੀ ਹੈ ਅਤੇ ਸਿਮਰਤੀਆਂ ਦੇ ਪਾਠ ਨੂੰ ਕਾਲੀ ਸਿਆਹੀ ’ਚ ਸਾਕਾਰ ਕੀਤਾ ਗਿਆ ਹੈ। ਸਿਮਰਤੀਆਂ ਦੇ ਇਸ ਸਾਕਾਰੀਕਰਨ ’ਚ ਅੱਪੂ ਸਹਿਜੇ ਹੀ ਦੱਸ ਜਾਂਦਾ ਹੈ ਕਿ ਮਾਂ ਦੀ ਮਾਨਸਿਕ ਦੋਫਾੜਤਾ ਨੇ ਇਸ ਪਰਿਵਾਰ ਦੀ ਮਾਨਸਿਕਤਾ ਨੂੰ ਕਿਵੇਂ ਤੋੜਿਆ ਅਤੇ ਮੁੜ-ਨਿਰਮਿਤ ਕੀਤਾ ਹੈ। ਇਸ ਸਾਰੇ ਪ੍ਰਕਰਣ ਦੀ ਵਜ਼ਾਹਤ ਸ਼ਾਹ ਹੁਸੈਨ ਦੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਹੁੰਦੀ ਹੈ:
ਮੈਂ ਭੀ ਝੋਕ ਰਾਂਝਣ ਦੀ ਜਾਣਾ ਨਾਲਿ ਮੇਰੇ ਕੋਈ ਚੱਲੇ।
ਪੈਰੀਆਂ ਪਾਉਂਦੀ ਮਿੰਨਤਾਂ ਕਰਦੀ ਜਾਣਾ ਤਾਂ ਪਇਆ ਇਕੱਲੇ।
ਅਮਨਦੀਪ ਨੇ ਇਸ ਨਾਵਲ ਦਾ ਸਮਰਪਣ ਮੰਮਾ ਬਾਬਾ ਨਮਿਤ ਕੀਤਾ ਹੈ ਜਿਨ੍ਹਾਂ ਉਸ ਨੂੰ ਉਡਾਣ ਦਿੱਤੀ। ਇਸ ਉਡਾਣ ਦਾ ਬਿਰਤਾਂਤ ਨੌਂ ਖੰਡਾਂ ’ਚ ਫੈਲਿਆ ਹੈ। ਪਹਿਲੇ ਖੰਡ ਦਾ ਆਰੰਭ ਹੁੰਦਾ ਹੈ ਭਾਈ ਵੀਰ ਸਿੰਘ ਦੀ ਕਾਵਿ ਸਤਰ ‘ਸੰਝ ਹੋਈ ਪਰਛਾਵੇਂ ਛੁਪ ਗਏ’ ਨਾਲ। ਇਹ ਅੱਪੂ ਦੇ ਬਾਬਾ ਦੀ ਬੜੀ ਹੀ ਦੁੱਖਾਂ ਭਰੀ ਜ਼ਿੰਦਗੀ ਦੇ ਅੰਤ ਦਾ ਰੂਪਾਤਮਕ ਪ੍ਰਗਟਾਵਾ ਹੈ। ਇਸ ਮੌਤ ਦੀ ਸੂਚਨਾ ਮਾਨਸਿਕ ਰੋਗਣ ਮਾਂ ਨੂੰ ਦੇਣਾ ਇਕ ਵੱਡੀ ਪ੍ਰੀਖਿਆ ਦੀ ਘੜੀ ਹੈ। ਬਾਬਾ ਦੇ ਬਹੁਤ ਸਾਰੇ ਦੁੱਖਾਂ ਦਾ ਕਾਰਨ ਵੀ ਮਾਂ ਹੈ। ਮਾਂ ਦਾ ਰੋਗੀ ਹੋਣਾ ਹੈ। ਰੋਗੀ ਹੋਣ ਦਾ ਕਾਰਨ ਸ਼ੱਕੀ ਹੋਣਾ ਹੈ। ਸ਼ੱਕੀ ਹੋਣ ਦਾ ਕਾਰਨ ਵਿਆਹ ਦਾ ਬਰਮੇਚ ਨਾ ਹੋਣਾ ਹੈ। ਮਾਂ ਨੂੰ ਸ਼ੱਕ ਹੈ ਕਿ ਉਸ ਦਾ ਪਤੀ ਉਸ ਨਾਲ ਵਫ਼ਾਦਾਰ ਨਹੀਂ। ਉਸ ਦਾ ਸਬੰਧ ਮੰਡੋ ਨੌਕਰਰਾਣੀ ਨਾਲ ਹੈ। ਬਾਬਾ ਦਾ ਆਦਿਵਾਸੀ ਨੌਕਰਰਾਣੀ ਰੱਖਣਾ ਬੱਚੇ ਅੱਪੂ ਨੂੰ ਪਾਲਣ ਅਤੇ ਘਰ ਚਲਾਉਣ ਲਈ ਜ਼ਰੂਰੀ ਮਜਬੂਰੀ ਹੈ ਕਿਉਂਕਿ ਮਾਂ ਮਾਨਸਿਕ ਰੋਗਣ ਹੋਣ ਕਾਰਨ ਘਰ ਗ੍ਰਹਿਸਤੀ ਨਹੀਂ ਚਲਾ ਸਕਦੀ। ਇਹ ਬਹੁਤ ਸਾਰੇ ਕਾਰਨ ਆਉਣ ਵਾਲੇ ਬਿਰਤਾਂਤ ’ਚ ਹੌਲੀ ਹੌਲੀ ਖੁੱਲ੍ਹਣੇ ਸ਼ੁਰੂ ਹੁੰਦੇ ਹਨ।
‘ਵੱਡੇ ਵੱਲੇ ਦਿਆ ਤਾਰਿਆ’ ਦਾ ਬਿਰਤਾਂਤ ਇੰਝ ਰਫ਼ਤਾ ਰਫ਼ਤਾ ਸਿਮਰਤੀਆਂ ਦੇ ਖੁੱਲ੍ਹਣ ਨਾਲ ਉਸਰਣ ਲੱਗਦਾ ਹੈ ਜਿਸ ਦੇ ਇਸ ਪੜਾਅ ਦਾ ਸਿਰਲੇਖ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਭਿੰਨੀ ਰੈਨੜੀਐ ਚਾਮਕਿਨ ਤਾਰੇ। ਇਸ ’ਚ ਜ਼ਿੰਦਗੀ ਦੀ ਰਾਤ ਦੇ ਆਸਮਾਨ ’ਤੇ ਕੁਝ ਹੋਰ ਸਖ਼ਤ ਸਿਮਰਤੀਆਂ ਨੂੰ ਚਮਕਦੇ ਤਾਰਿਆਂ ਦੇ ਰੂਪਕ ਰਾਹੀਂ ਸਾਕਾਰ ਕੀਤਾ ਗਿਆ ਹੈ। ਇਸ ਵਿਚ ਪਹਿਲੀ ਵਾਰ ਮਾਂ ਦੀ ਭੈਣ ਗੁੱਡੀ ਮਾਸੀ ਦੀ ਚਿੱਠੀ ਰਾਹੀਂ ਮਾਂ ਦੀ ਬਿਮਾਰੀ ‘ਸ਼ੀਜ਼ੋਫਰੇਨੀਆ’ ਦਾ ਪ੍ਰਸੰਗ ਖੁੱਲ੍ਹਦਾ ਹੈ। ਬੱਚੇ ਅੱਪੂ ਵਾਸਤੇ ਇਹ ਸ਼ਬਦ ਐਲੀਫੈਂਟ ਤੇ ਡਾਇਨਾਸੌਰ ਤੋਂ ਵੀ ਡਰਾਉਣਾ ਤੇ ਔਖਾ ਹੈ। ਮੰਮਾ ਦੇ ਰੋਗਣ ਹੋਣ ਦੇ ਦੋ ਮੁੱਖ ਕਾਰਨ ਹਨ। ਪਹਿਲਾ ਕਿ ਉਹ ਵੱਡੇ ਅਤੇ ਅਮੀਰ ਜ਼ਿਮੀਦਾਰ ਘਰਾਣੇ ’ਚੋਂ ਹੈ। ਮੰਮਾ ਦਾ ਪਿਉ ਬ੍ਰਿਟਿਸ਼ ਫ਼ੌਜ ਦਾ ਸੇਵਾਮੁਕਤ ਸੂਬੇਦਾਰ ਹੈ ਜਿਸ ਨੂੰ ਜੰਗ ’ਚ ਬਹਾਦਰੀ ਦਿਖਾਉਣ ਵਜੋਂ ਇਨਾਮ ਵਜੋਂ ਮੁਰੱਬੇ ਮਿਲੇ ਹੋਏ ਸਨ। ਦੂਜਾ ਕਾਰਨ ਹੈ ਕਿ ਮੰਮਾ ਨੂੰ ਬਾਬਾ ਦਾ ਸਟੇਟਸ ਆਪਣੇ ਹਾਣ ਤੋਂ ਬਹੁਤ ਨੀਵਾਂ ਲੱਗਦਾ ਹੈ। ਮੰਮਾ ਦਾ ਆਪ ਬਹੁਤ ਪੜ੍ਹੀ ਲਿਖੀ ਹੋਣ ਕਾਰਨ ਕਿਸੇ ਅਫ਼ਸਰ ਨਾਲ ਨਾ ਵਿਆਹੇ ਜਾਣ ਦਾ ਦੁੱਖ ਹੈ ਜੋ ਕਿ ਸਮੇਂ ਨਾਲ ਮਾਨਸਿਕ ਰੋਗ ਦਾ ਕਾਰਨ ਬਣ ਗਿਆ ਹੈ।
‘ਵੱਡੇ ਵੇਲੇ ਦਿਆ ਤਾਰਿਆ’ ਦਾ ਬਿਰਤਾਂਤ ਇੰਝ ਕਈ ਮਰਹਲਿਆਂ ’ਤੇ ਸਿਮਰਤੀਆਂ ਦੇ ਪਿੱਛਲਖੁਰੇ ਅਤੇ ਅੱਗੜਤੁਰੇ ਜੁਗਤੀ ਢੰਗ ਨਾਲ ਇਨ੍ਹਾਂ ਕਾਵਿ ਸਤਰਾਂ ਦੇ ਸਿਰਲੇਖਾਂ ਜਿਵੇਂ ‘ਅੱਧੀ ਰਾਤ ਪਹਿਰ ਦਾ ਤੜਕਾ’ (ਐੱਸ ਐੱਸ ਮੀਸ਼ਾ), ‘ਵੱਡੇ ਵੇਲੇ ਦਿਆ ਤਾਰਿਆ’ (ਪ੍ਰੋ. ਮੋਹਨ ਸਿੰਘ), ‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ’ (ਗੁਰੂ ਅਮਰਦਾਸ ਜੀ), ‘ਚਿੜੀ ਚਹੁਕੀ ਪਹੁ ਫੁਟੀ’ (ਗੁਰੂ ਅਰਜਨ ਦੇਵ ਜੀ) ਅਤੇ ‘ਕਾਲਖਾਂ ’ਚ ਤਾਰਿਆਂ ਦੀ ਡੁੱਬ ਗਈ ਸਵੇਰ’ (ਡਾ. ਹਰਿਭਜਨ ਸਿੰਘ) ਆਦਿ ਨਾਲ ਸਹਿਜ ਭਾਅ ਤੁਰ ਕੇ ਪਾਠਕ ਨੂੰ ਅੱਪੂ, ਬਾਬਾ, ਮੰਮਾ, ਨਾਨਾ, ਮਾਸੀ, ਮੰਡੋ, ਅੰਤਰਯਾਮੀ, ਡਾ. ਨੰਦਾ, ਸੁਬਰਮਨੀਅਮ, ਜੱਗੀ ਚਾਚਾ ਅਤੇ ਅੰਕਲ ਸੋਢੀ ਜਿਹੇ ਕਈ ਪਾਤਰਾਂ ਨਾਲ ਜੁੜੇ ਜੀਵਨੀਮੂਲਕ ਕਥਾ ਪ੍ਰਸੰਗਾਂ ਨਾਲ ਨਿਰੰਤਰ ਜੋੜੀ ਰੱਖਦਾ ਹੈ। ਇਸ ਬਿਰਤਾਂਤ ’ਚ ਸਿਮਰਤੀਆਂ ਦੇ ਪੁਨਰਸਿਰਜਣ ਤੋਂ ਇਲਾਵਾ ਸਮਾਜਿਕ ਯਥਾਰਥ ਜਿਵੇਂ ਰਾਜਨੀਤੀ ਅਤੇ ਵਿਚਾਰਧਾਰਾਵਾਂ ਦੇ ਭੇੜਾਂ ਦੀ ਸਮ-ਸਾਮਿਅਕਤਾ ਨੂੰ ਵੀ ਪੜ੍ਹਨ ਦਾ ਯਤਨ ਦਿਖਾਈ ਦਿੰਦਾ ਹੈ। ਜਰਮਨ ਸੰਕਲਪ ‘ਜੈਤਗੀਸਤ’ ਭਾਵ ‘ਸਮੇਂ ਦੀ ਆਤਮਾ’ (The Spirit of Time) ਇਸ ’ਤੇ ਐਨ ਢੁੱਕਵਾਂ ਬੈਠਦਾ ਹੈ।
‘ਵੱਡੇ ਵੇਲੇ ਦਿਆ ਤਾਰਿਆ’ ਦਾ ਬਿਰਤਾਂਤ ਸਿਰਫ਼ ਨਿੱਜਤਾ ਦਾ ਪਰਤੌ ਨਹੀਂ ਸਗੋਂ ਇਹ ਸਿਮਰਤੀਆਂ ਦੇ ਜਸ਼ਨ ਵਾਂਗ ਹਰ ਵਰਤਾਰੇ ’ਚੋਂ ਝਲਕਦਾ ਹੈ। ਇਸ ਨੂੰ ਮਿਖਾਇਲ ਬਾਖ਼ਤਿਨ ਆਪਣੀ ਕਿਤਾਬ ‘ਪ੍ਰੋਬਲਮਜ਼ ਆਫ ਦੋਸਤੋਵਸਕੀ ਪੋਇਟਿਕਸ’ ’ਚ ਇਸ ਨੂੰ ‘ਉਤਸਵ’ (Carnivalesque) ਕਹਿੰਦਾ ਹੈ। ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਸੁਣਦੀਆਂ, ਪਣਪਦੀਆਂ ਤੇ ਇਕ ਦੂਜੇ ਨਾਲ ਸੰਵਾਦ ’ਚ ਰਹਿੰਦੀਆਂ ਹਨ। ਉਤਸਵ ਇਕ ਅਜਿਹੀ ਦਹਿਲੀਜ਼ ਜਾਂ ਦੁਆਰ ਸਥਿਤੀ ਹੈ ਜਿੱਥੇ ਨਿਰੰਤਰ ਪਰੰਪਰਕ ਰੀਤਾਂ ਟੁੱਟਦੀਆਂ ਤੇ ਪੁੱਠਾ ਗੇੜਾ ਖਾਂਦੀਆਂ ਹਨ। ਇਸੇ ਕਰਕੇ ਹੀ ਸੰਵਾਦ ਸੰਭਵ ਹੁੰਦਾ ਹੈ।
‘ਵੱਡੇ ਵੇਲੇ ਦਿਆ ਤਾਰਿਆ’ ਦੇ ਆਖ਼ਰੀ ਦੋ ਪੜਾਅ ਬੜੇ ਮਾਰਮਿਕ ਅਤੇ ਦਿਲ ਵਿੰਨ੍ਹਵੇਂ ਬਿਰਤਾਂਤਕ ਪ੍ਰਗਟਾਵੇ ਤੋਂ ਬਾਅਦ ਇਸ ਜੀਵਨ ਯਥਾਰਥ ’ਚੋਂ ਕੁਝ ਸ਼ਾਸ਼ਵਤ ਸੱਚਾਂ ਨੂੰ ਬਿਆਨ ਕੀਤਾ ਗਿਆ ਹੈ। ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਸਤਰਾਂ ‘ਅੱਜ ਦਿਨ ਚੜ੍ਹਿਆ’ ਨਾਲ ਆਰੰਭ ਹੁੰਦੇ ਇਸ ਭਾਗ ਵਿਚ ਇਹ ਸਿੱਟਾ ਕੱਢਿਆ ਗਿਆ ਹੈ:
- ਸ਼ੀਜ਼ੋਫਰੇਨੀਆ ਬਿਮਾਰੀ ਰਸਾਇਣਾਂ ਦਾ ਤਵਾਜ਼ਨ ਵਿਗੜਣ ਕਾਰਨ ਹੁੰਦੀ ਹੈ। ਇਹੋ ਜਿਹਾ ਕੋਈ ਖ਼ਾਸ ਮੌਕਾ ਮੇਲ ਜਾਂ ਸਬੱਬ ਨਹੀਂ, ਜਿਸ ’ਤੇ ਇਸ ਬਿਮਾਰੀ ਦਾ ਸਾਰਾ ਠੀਕਰਾ ਭੰਨਿਆ ਜਾ ਸਕੇ। ਹਾਂ! ਖ਼ੁਸ਼ਨੁਮਾ ਬਚਪਨ, ਮਾਂ ਦੀ ਮੌਤ ਤੋਂ ਬਾਅਦ ਪਿਉ ਨਾਲ ਦੋਸਤਾਨਾ ਰਿਸ਼ਤਾ ਅਤੇ ਹੰਢਣਸਾਰ ਵਿਆਹ ਮਦਦਗਾਰ ਜ਼ਰੂਰ ਹੋ ਸਕਦੇ ਹਨ। ਇਹ ਬਿਮਾਰੀ ਵਿਰਸੇ ਵਿਚੋਂ ਵੀ ਮਿਲੀ ਹੋ ਸਕਦੀ ਹੈ। ਲਿਹਾਜ਼ਾ, ਮੁਮਕਿਨ ਹੈ ਕਿ ਮੁਲਕ ਦੀ ਰਖਵਾਲੀ ਲਈ ਤਮਗਾ ਜਿੱਤਣ ਵਾਲਾ ਬਹਾਦਰ ਸਿਪਾਹੀ, ਨੰਗੀ ਅੱਖ ਨਾਲ ਦਿਖਾਈ ਨਾ ਦੇਣ ਵਾਲ ਮਾਮੂਲੀ ਜੀਨ ਤੋਂ ਮਾਤ ਖਾ ਜਾਵੇ ਤੇ ਉਹਦਾ ਪਰਿਵਾਰ ਸਾਰੀ ਉਮਰ ਸੰਤਾਪ ਭੋਗਦਾ ਰਹੇ। ਡਾਕਟਰਾਂ ਨੇ ਬੇਸ਼ੱਕ ਆਪਣੀ ਸੂਝ ਮੁਤਾਬਿਕ ਸਹੀ ਦਵਾਈਆਂ ਹੀ ਦਿੱਤੀਆਂ ਹੋਣਗੀਆਂ, ਪਰ ਮੰਮਾ ਦੀ ਬਿਮਾਰੀ ਅੱਗੇ ਕਿਸੇ ਦਵਾਈ ਦੀ ਕੋਈ ਪੇਸ਼ ਨਾ ਚੱਲੀ।
- ਸ਼ੱਕ ਦੀ ਲਾਇਲਾਜ ਬਿਮਾਰੀ ਸਾਨੂੰ (ਮੰਮਾ, ਬਾਬਾ) ਨੂੰ ਅੰਦਰੋਂ ਅੰਦਰੀ ਖੋਖਲਾ ਕਰਦੀ ਰਹੀ। ਇਹ ਬਿਮਾਰੀ ਚਮੜੀ ਦੇ ਹੇਠਾਂ ਛਿਪ ਕੇ ਪਲਦੀ ਰਹਿੰਦੀ ਹੈ ਤੇ ਹੌਲੀ ਹੌਲੀ ਸਾਨੂੰ ਘੁਣ ਵਾਂਗ ਖਾਣ ਲੱਗਦੀ ਹੈ। ਸ਼ੱਕ ਦਾ ਪੰਛੀ ਅਕਲ ਦੇ ਰੁੱਖ ’ਤੇ ਆਲ੍ਹਣਾ ਪਾ ਲੈਂਦਾ ਹੈ ਤੇ ਸਾਡੇ ਤਜਰਬੇ ਨੂੰ ਠੂੰਗਾਂ ਮਾਰਦਾ ਰਹਿੰਦਾ ਹੈ। ਇਹ ਉਮਰ ਭਰ ਨਾਲ ਰਹੇ ਜੋਟੀਦਾਰਾਂ ਦੀਆਂ ਜੜ੍ਹਾਂ ਟੁੱਕਦਾ ਰਹਿੰਦਾ ਹੈ ਤੇ ਸਾਨੂੰ ਗਹਿਰਾਈ ਨਾਲ ਲੋਕਾਂ ਤੇ ਵਰਤਾਰਿਆਂ ਬਾਰੇ ਸਮਝ ਬਣਾਉਣ ਤੋਂ ਹੋੜੀ ਰੱਖਦਾ ਹੈ। ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕਦੋਂ ਇਸ ਦੇ ਰੰਗ ਵਿਚ ਰੰਗੇ ਗਏ। ਵਕਤ ਪਾ ਕੇ ਇਹ ਅਹਿਮ ਨਹੀਂ ਰਹਿੰਦਾ ਕਿ ਅਸੀਂ ਕੌਣ ਹਾਂ? ਸਾਡੇ ਬਾਰੇ ਬਣਿਆ ਨਜ਼ਰੀਆ ਹੀ ਸਾਡੀ ਪਛਾਣ ਹੋ ਨਬਿੜਦਾ ਹੈ ਤੇ ਅਸੀਂ ਆਪ ਵੀ ਹੌਲੀ ਹੌਲੀ ਦੁਨੀਆ ਦੇ ਬਣਾਏ ਇਨ੍ਹਾਂ ਚੌਖਟਿਆਂ ਵਿਚ ਢਲਣ ਲੱਗਦੇ ਹਾਂ। ਇਸ ਮਰਜ਼ ਤੋਂ ਆਪਣਾ ਬਚਾਅ ਅਸੀਂ ਆਪ ਹੀ ਕਰ ਸਕਦੇ ਹਾਂ; ਕੋਈ ਹੋਰ ਨਹੀਂ। ਵੈਸੇ ਕੋਈ ਵਿਰਲਾ ਟਾਵਾਂ ਹੀ ਸ਼ੱਕ ਦੀ ਚਿੜੀ ਨੂੰ ਕਾਬੂ ਕਰ ਕੇ ਇਹਦੀਆਂ ਠੂੰਗਾਂ ਤੋਂ ਬਚ ਸਕਦਾ ਹੈ। ਨਹੀਂ ਤਾਂ ਬਹੁਤੇ ਲੋਕ ਸਾਰੀ ਉਮਰ ਇਸ ਦਲਦਲ ਵਿਚ ਹੀ ਧਸੇ ਰਹਿੰਦੇ ਹਨ।
ਆਖ਼ਰੀ ਭਾਗ ਐੱਸ ਐੱਸ ਮੀਸ਼ਾ ਦੀ ਕਾਵਿ ਸਤਰ ‘ਸ਼ਾਮ ਦੀ ਨਾ ਸਵੇਰ ਦੀ ਗੱਲ ਹੈ’ ਨਾਲ ਸ਼ੁਰੂ ਹੁੰਦਾ ਹੈ ਜਿਸ ਵਿਚ ਮਾਨਸਿਕ ਰੋਗਣ ਮੰਮਾ ਦੀ ਬਿਮਾਰ ਜ਼ਿੰਦਗੀ ਦਾ ਅੰਤ ਬਿਰਤਾਂਤਿਆ ਗਿਆ ਹੈ। ਮੰਮਾ ਦੇ ਸਸਕਾਰ ਵੇਲੇ ਅੱਪੂ ਸਾਰੀ ਦੇਹ ਦੇ ਸਵਾਹ ਹੋਣ ਤੱਕ ਦੋ ਢਾਈ ਘੰਟੇ ਚਿਖਾ ਕੋਲ ਖੜ੍ਹਾ ਰਹਿੰਦਾ ਹੈ ਤਾਂ ਜਦ ਮਾਂ ਦੀ ਖੋਪੜੀ ਵੀ ਮੱਚ ਜਾਂਦੀ ਹੈ ਤਾਂ ਅੱਪੂ ਆਪਣੇ ਕਹਿੰਦਾ ਹੈ, ‘‘ਉਹ ਖੋਪੜੀ ਜਿਸ ਨੇ ਮੰਮਾ ਤੇ ਸਾਨੂੰ ਸਾਰੀ ਉਮਰ ਵਖ਼ਤ ਪਾਈ ਰੱਖਿਆ, ਆਖ਼ਰ ਉਹਨੇ ਵੀ ਮੰਮਾ ਦਾ ਖਹਿੜਾ ਛੱਡ ਦਿੱਤਾ।’’
‘ਵੱਡੇ ਵੇਲੇ ਦਿਆ ਤਾਰਿਆ’ ’ਚ ਬਿਖਮ ਹਾਲਾਤ ਵਿਚ ਜਿਉਂਦੇ ਰਹਿਣ ਦੀ ਸਾਕਾਰਾਤਮਕ ਅਕੀਦੇ ਵਾਲੀ ਸੋਚ ਵਿਚੋਂ ਪੈਦਾ ਹੋਏ ਸੰਘਰਸ਼ ਦੀਆਂ ਸਿਮਰਤੀਆਂ ਨੂੰ ਦਿਲ ਨੂੰ ਧੂਹ ਪਾਉਣ ਵਾਲੇ ਇਸ ਜੀਵਨੀਮੂਲਕ ਬਿਰਤਾਂਤ ਦਾ ਅੰਤ ਕੇਂਦਰੀ ਕਿਰਦਾਰ ਅੱਪੂ ਦੇ ਇਨ੍ਹਾਂ ਸ਼ਬਦਾਂ ਨਾਲ ਹੁੰਦਾ ਹੈ, ‘‘ਮੰਮਾ ਆਖ਼ਰ ਸੁੱਖ-ਸ਼ਾਂਤੀ ਵਾਲੇ ਸਫ਼ਰ ’ਤੇ ਜਾ ਰਹੀ ਹੈ... ਮੰਮਾ ਮੈਨੂੰ ਮਾਣ ਹੈ ਕਿ ਮੈਂ ਤੁਹਾਡਾ ਪੁੱਤ ਹਾਂ। ਮੈਂ ਤੁਹਾਡੇ ਜਿਹਾ ਹੌਸਲਾ ਕਿਸੇ ’ਚ ਨਹੀਂ ਦੇਖਿਆ... ਮੈਂ ਤੁਹਾਡੇ ਕੋਲੋਂ ਬੜਾ ਕੁਝ ਸਿੱਖਿਆ। ਅਸੀਂ ਬੇਹੱਦ ਖ਼ੂਬਸੂਰਤ ਜ਼ਿੰਦਗੀ ਬਿਤਾਈ ਮੰਮਾ... ਤੇ ਸਾਨੂੰ ਇਹ ਖ਼ੁਸ਼ੀਆਂ ਦੇਣ ਖ਼ਾਤਰ ਬਾਬਾ ਨੇ ਦਿਨ ਰਾਤ ਇਕ ਕਰੀ ਰੱਖਿਆ।’’
‘ਵੱਡੇ ਵੇਲੇ ਦਿਆ ਤਾਰਿਆ’ ਦੇ ਬਿਰਤਾਂਤ ਦਾ ਦਾਰਸ਼ਨਿਕ ਦ੍ਰਿਸ਼ਟੀਕੋਣ ਇਸਦੇ ਅੰਤਲੇ ਸੰਵਾਦ ਵਿਚੋਂ ਪ੍ਰਤੀਬਿੰਬਤ ਹੁੰਦਾ ਹੈ, ‘‘ਮੰਮਾ ਦੇ ਫੁੱਲ ਤਾਰਨ ਲਈ ਮੈਂ ਤੇ ਮਾਸੀ ਹਰਿਦੁਆਰ ਉਸੇ ਥਾਂ ’ਤੇ ਗਏ. ਜਿੱਥੇ ਮੈਂ ਬਾਬਾ ਦੇ ਫੁੱਲ ਤਾਰੇ ਸਨ। ਮੈਂ ਮਨ ਹੀ ਮਨ ਮੰਮਾ ਦਾ ਪਸੰਦੀਦਾ ਗੀਤ ਗੁਣਗਣਾਇਆ- ਜੀਨਾ ਯਹਾਂ ਮਰਨਾ ਯਹਾਂ...! ਬਾਬਾ ਵਾਰੀ ਮੈਂ ਮਧੂਸ਼ਾਲਾ ਦੀਆਂ ਸਤਰਾਂ ਗਾਈਆਂ ਸਨ। ਫੁੱਲ ਤਾਰ ਕੇ ਮੈਂ ਗੰਗਾ ਦੇ ਪਾਣੀਆਂ ਨੂੰ ਨਿਹਾਰਨ ਲੱਗਾ। ਮੈਨੂੰ ਚਾਂਦੀ ਰੰਗੀਆਂ ਦੋ ਮੱਛੀਆਂ ਪਾਣੀ ’ਚ ਅਠਖੇਲੀਆਂ ਕਰਦੀਆਂ ਦਿਸੀਆਂ। ਮੈਂ ਨਹੀਂ ਜਾਣਦਾ ਕਿ ਇਹ ਕੁਦਰਤ ਦਾ ਕੋਈ ਸੁਨੇਹਾ ਸੀ ਜਾਂ...!’’
‘Sepia Leaves’ ਦਾ ‘ਵੱਡੇ ਵੇਲੇ ਦਿਆ ਤਾਰਿਆ’ ਵਜੋਂ ਅਨੁਵਾਦ ਕਰਦਿਆਂ ਡਾ. ਯਾਦਵਿੰਦਰ ਨੇ ਇਸ ਪਾਠ ਦਾ ਕੇਵਲ ਸ਼ਾਬਦਿਕ ਅਨੁਵਾਦ ਨਹੀਂ ਸਗੋਂ ਪੁਨਰ-ਸਿਰਜਣ ਕੀਤਾ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਪੜ੍ਹਾਉਂਦਾ ਹੈ। ਉਸ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਜ਼ੁਬਾਨਾਂ ’ਤੇ ਮੁਸ਼ਤਰਕਾ ਆਬੂਰ ਹਾਸਲ ਹੈ। ਇਸੇ ਕਰਕੇ ਇਹ ਅੰਗਰੇਜ਼ੀ ਦਾ ਨਾਵਲ ਹੋਣ ਦੇ ਬਾਵਜੂਦ ਪਾਠਕ ਨੂੰ ਪੰਜਾਬੀ ’ਚ ਲਿਖਿਆ ਨਾਵਲ ਹੀ ਮਹਿਸੂਸ ਹੁੰਦਾ ਹੈ। ਜਰਮਨ ਦਾਰਸ਼ਨਿਕ ਤੇ ਚਿੰਤਕ ਵਾਲਟਰ ਬੈਂਜਾਮਿਨ ਆਪਣੇ ਲੇਖ ਵਿਚ ਅਨੁਵਾਦ ਬਾਰੇ ਇਕ ਸੰਪੂਰਨ ਵਿਚਾਰ ਦਿੰਦਾ ਹੋਇਆ ਕਹਿੰਦਾ ਹੈ ਕਿ ਸਭ ਤੋਂ ਮਾੜਾ ਅਨੁਵਾਦ ਉਹ ਹੁੰਦਾ ਹੈ ਜਿਸ ਬਾਰੇ ਕਿਹਾ ਜਾ ਸਕਦਾ ਹੋਵੇ ਕਿ ਇਹ ਤਾਂ ਅਸਲ ਲਿਖਤ ਜਿਹਾ ਹੀ ਲੱਗਦਾ ਹੈ। ਜਿਸ ਭਾਸ਼ਾ ’ਚ ਅਨੁਵਾਦ ਕੀਤਾ ਜਾਂਦਾ ਹੈ, ਜੇ ਦੂਸਰੀ ਭਾਸ਼ਾ ਦੀ ‘ਜਾਗ ਲੱਗਣ’ ਨਾਲ ਉਸ ’ਚ ਅਜਨਬੀਕਰਣ ਨਹੀਂ ਹੁੰਦਾ ਤੇ ਉਹ ਨਵੇਂ ਜੀਵਨ ਨਾਲ ਸੰਰਚਿਤ ਨਹੀਂ ਹੁੰਦੀ ਤਾਂ ਉਹ ਅਸਫ਼ਲ ਅਨੁਵਾਦ ਹੁੰਦਾ ਹੈ।
ਸੰਪਰਕ: 82839-48811

Advertisement

Advertisement
Author Image

sanam grng

View all posts

Advertisement
Advertisement
×