ਪ੍ਰਧਾਨ ਮੰਤਰੀ ਦੀ ਆਵਾਜ਼ ਦਬਾਉਣ ਦੀ ਕੀਤੀ ਗਈ ਸੀ ਕੋਸ਼ਿਸ਼: ਮੋਦੀ
ਨਵੀਂ ਦਿੱਲੀ, 22 ਜੁਲਾਈ
ਸੰਸਦ ਕਿਸੇ ‘ਦਲ’ ਨਹੀਂ ਸਗੋਂ ‘ਦੇਸ਼’ ਲਈ ਹੋਣ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ’ਤੇ ਹਮਲਾ ਕੀਤਾ ਅਤੇ ਕਿਹਾ ਕਿ ਕੁਝ ਪਾਰਟੀਆਂ ਨਾਂਹ-ਪੱਖੀ ਸਿਆਸਤ ਕਰ ਰਹੀਆਂ ਹਨ ਅਤੇ ਉਨ੍ਹਾਂ ਆਪਣੀਆਂ ਸਿਆਸੀ ਨਾਕਾਮੀਆਂ ਛੁਪਾਉਣ ਲਈ ਸੰਸਦ ਦੀ ਦੁਰਵਰਤੋਂ ਕੀਤੀ ਹੈ। ਸੰਸਦ ਦੇ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਨਾਲ ਦੇਸ਼ ਦੇ ਅਗਲੇ ਪੰਜ ਸਾਲ ਦੇ ਸਫ਼ਰ ਦੀ ਦਿਸ਼ਾ ਤੈਅ ਹੋਵੇਗੀ ਅਤੇ ਇਹ 2047 ’ਚ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨ ਦੀ ਨੀਂਹ ਰੱਖੇਗਾ।
ਮੋਦੀ ਨੇ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ ’ਚ ਆਪਣਾ ਫ਼ੈਸਲਾ ਦੇ ਦਿੱਤਾ ਹੈ ਅਤੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਗਲੇ ਪੰਜ ਸਾਲ ਦੇਸ਼ ਲਈ ਇਕੱਠੇ ਮਿਲ ਕੇ ਲੜਨਾ ਚਾਹੀਦਾ ਹੈ। ‘ਜਨਵਰੀ 2029 ’ਚ ਜਦੋਂ ਚੋਣ ਵਰ੍ਹਾ ਹੋਵੇਗਾ ਤਾਂ ਤੁਸੀ ਸੰਸਦ ਦੀ ਵਰਤੋਂ ਕਰਕੇ ਚੋਣ ਮੈਦਾਨ ’ਚ ਜਾ ਸਕਦੇ ਹੋ। ਤੁਸੀਂ ਉਨ੍ਹਾਂ ਛੇ ਮਹੀਨਿਆਂ ’ਚ ਸਿਆਸਤ ਖੇਡ ਸਕਦੇ ਹੋ ਪਰ ਉਸ ਸਮੇਂ ਤੱਕ ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਕੰਮ ਕਰੋ।’ ਮੋਦੀ ਨੇ ਕਿਹਾ ਕਿ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰ ਦੀ ਆਵਾਜ਼ ਘੁੱਟਣ ਲਈ ਗ਼ੈਰਜਮਹੂਰੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ 140 ਕਰੋੜ ਭਾਰਤੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੀਬ ਢਾਈ ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਜਿਹੀਆਂ ਗੱਲਾਂ ਲਈ ਸੰਸਦੀ ਮਰਿਆਦਾ ’ਚ ਕੋਈ ਥਾਂ ਨਹੀਂ ਹੈ। ਉਨ੍ਹਾਂ ਆਸ ਜਤਾਈ ਕਿ ਸਾਰੇ ਸੰਸਦ ਮੈਂਬਰ ਚਰਚਾ ’ਚ ਆਪਣਾ ਯੋਗਦਾਨ ਪਾਉਣਗੇ। -ਪੀਟੀਆਈ