For the best experience, open
https://m.punjabitribuneonline.com
on your mobile browser.
Advertisement

‘ਬੈਂਕ ਖਾਤੇ ਜਾਮ ਕਰਨੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼’

07:11 AM Mar 22, 2024 IST
‘ਬੈਂਕ ਖਾਤੇ ਜਾਮ ਕਰਨੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼’
ਦਿੱਲੀ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (ਵਿਚਾਲੇ), ਸੋਨੀਆ ਗਾਂਧੀ ਤੇ ਰਾਹੁਲ ਗਾਂਧੀ। -ਫੋਟੋ: ਮਾਨਸ ਰੰਜਨ ਭੂਈ
Advertisement

ਨਵੀਂ ਦਿੱਲੀ, 21 ਮਾਰਚ
ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਵਿੱਤੀ ਸਰੋਤਾਂ ਨੂੰ ਲੈ ਕੇ ਬਣੀ ਬੇਯਕੀਨੀ ’ਤੇ ਝਾਤ ਪੁਆਉਂਦਿਆਂ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ਆਮਦਨ ਕਰ ਵਿਭਾਗ ਵੱਲੋਂ ਜਾਮ ਕੀਤੇ ਆਪਣੇ ਬੈਂਕ ਖਾਤਿਆਂ ਤੱਕ ਫੌਰੀ ਰਸਾਈ ਦੀ ਮੰਗ ਕੀਤੀ ਹੈ ਤਾਂ ਕਿ ਚੋਣਾਂ ਦੌਰਾਨ ਸਾਰੀਆਂ ਸਬੰਧਤ ਧਿਰਾਂ ਲਈ ਇਕਸਾਰ ਮੌਕਾ ਯਕੀਨੀ ਬਣੇ। ਪਾਰਟੀ ਆਗੂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ‘ਸੋਚੇ ਸਮਝੇ ਯਤਨਾਂ’ ਦਾ ਦੋਸ਼ ਲਾਇਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਚੋਣ ਬਾਂਡਾਂ ਜ਼ਰੀਏ ਭਾਜਪਾ ਨੂੰ ਵੱਡਾ ਫਾਇਦਾ ਪਹੁੰਚਾਇਆ ਗਿਆ ਹੈ, ਉਥੇ ਦੂਜੇ ਪਾਸੇ ਪ੍ਰਮੁੱਖ ਵਿਰੋਧੀ ਪਾਰਟੀ ਦੇ ਵਿੱਤੀ ਸੋਮਿਆਂ ਉੱਤੇ ‘ਮਿੱਥ ਕੇ ਹਮਲੇ’ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਸੱਚਮੁੱਚ ਅਸਧਾਰਨ ਹੈ। ਆਗੂਆਂ ਨੇ ਕਿਹਾ ਕਿ ਪਾਰਟੀ ਦੇ ਬੈਂਕ ਖਾਤੇ ਜਾਮ ਕਰਨ ਦੀ ਪੇਸ਼ਕਦਮੀ ਨੇ ਨਾ ਸਿਰਫ਼ ਕਾਂਗਰਸ ਬਲਕਿ ਭਾਰਤ ਵਿਚ ਜਮਹੂਰੀਅਤ ਨੂੰ ਅਸਰਅੰਦਾਜ਼ ਕੀਤਾ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ‘‘ਅਸੀਂ ਕੋਈ ਚੋਣ ਪ੍ਰਚਾਰ ਦਾ ਕੰਮ ਨਹੀਂ ਕਰ ਸਕਦੇ....ਚੋਣਾਂ ਲੜਨ ਦੀ ਸਾਡੀ ਸਮਰੱਥਾ ਨੂੰ ਸੱਟ ਮਾਰੀ ਗਈ ਹੈ।’’ ਗਾਂਧੀ ਨੇ ਕਿਹਾ, ‘‘ਸਾਡੇ ਸਾਰੇ ਬੈਂਕ ਖਾਤੇ ਜਾਮ ਹਨ। ਅਸੀਂ ਚੋਣ ਪ੍ਰਚਾਰ ਦਾ ਕੰਮ ਨਹੀਂ ਕਰ ਸਕਦੇ, ਅਸੀਂ ਆਪਣੇ ਵਰਕਰਾਂ ਤੇ ਉਮੀਦਵਾਰਾਂ ਦੀ ਹਮਾਇਤ ਨਹੀਂ ਕਰ ਸਕਦੇ, ਸਾਡੇ ਆਗੂ ਦੇਸ਼ ਦੇ ਇਕ ਹਿੱਸੇ ਤੋਂ ਦੂਜੇ ਵਿਚ ਹਵਾਈ ਸਫ਼ਰ ਨਹੀਂ ਕਰ ਸਕਦੇ...ਉਹ ਰੇਲਵੇ ਦਾ ਸਫ਼ਰ ਨਹੀਂ ਕਰ ਸਕਦੇ ਤੇ ਇਹ ਸਭ ਕੁਝ ਚੋਣ ਪ੍ਰਚਾਰ ਤੋਂ ਦੋ ਮਹੀਨੇ ਪਹਿਲਾਂ ਹੋ ਰਿਹਾ ਹੈ।’’
ਸੂਤਰਾਂ ਨੇ ਕਿਹਾ ਕਿ ਪਾਰਟੀ ਦੇ 11 ਖਾਤਿਆਂ ਵਿਚੋਂ ਅੱਠ ਜਾਮ ਹਨ। ਗਾਂਧੀ ਨੇ ਕਿਹਾ ਇਥੇ ਦਿਲਚਸਪ ਗੱਲ ਹੈ ਕਿ ਦੇਸ਼ ਵਿਚ ਅਜਿਹੀਆਂ ਸੰਸਥਾਵਾਂ ਹਨ ਜਿਨ੍ਹਾਂ ਦਾ ਕੰਮ ਦੇਸ਼ ਦੇ ਜਮਹੂਰੀ ਚੌਖਟੇ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ, ਅਦਾਲਤਾਂ ਹਨ...ਚੋਣ ਕਮਿਸ਼ਨ ਹੈ...ਪਰ ਕੁਝ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਦਾ 20 ਫੀਸਦ ਕਾਂਗਰਸ ਲਈ ਵੋਟ ਕਰਦਾ ਹੈ, ਪਰ ਕਾਂਗਰਸ ਦੋ ਰੁਪਏ ਦੀ ਅਦਾਇਗੀ ਵੀ ਨਹੀਂ ਕਰ ਸਕਦੀ।
ਗਾਂਧੀ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਇਕ ਮਹੀਨਾ ਗੁਆ ਚੁੱਕੇ ਹਾਂ। ਸਾਨੂੰ ਇਸ਼ਤਿਹਾਰਬਾਜ਼ੀ ਲਈ ਸਲਾਟ ਨਹੀਂ ਮਿਲ ਰਹੇ। ਅਸੀਂ ਅਖ਼ਬਾਰਾਂ ਵਿਚ ਇਸ਼ਤਿਹਾਰ ਨਹੀਂ ਦੇ ਸਕਦੇ, ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, ‘‘ਇਹ ਸਭ ਕੁਝ ਸਾਨੂੰ ਚੋਣਾਂ ਵਿਚ ਕਮਜ਼ੋਰ ਕਰਨ ਲਈ ਕੀਤਾ ਗਿਆ ਹੈ। ਜੇਕਰ ਸਾਡੇ ਬੈਂਕ ਖਾਤਿਆਂ ’ਤੇ ਲੱਗੀ ਪਾਬੰਦੀ ਅੱਜ ਹਟਾ ਵੀ ਲਈ ਜਾਵੇ ਤਾਂ ਭਾਰਤੀ ਜਮਹੂਰੀਅਤ ਦਾ ਵੱਡਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ।’’ ਖਾਤੇ ਜਾਮ ਕਰਨ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਾਂਗਰਸ ਖਿਲਾਫ਼ ਕੀਤੀ ‘ਅਪਰਾਧਿਕ ਕਾਰਵਾਈ’ ਕਰਾਰ ਦਿੰਦਿਆਂ ਰਾਹੁਲ ਨੇ ਕਿਹਾ, ‘‘ਭਾਰਤ ਵਿਚ ਅੱਜ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਇਹ ਵਿਚਾਰ ਕਿ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ, ਪੂਰੀ ਤਰ੍ਹਾਂ ਝੂਠ ਹੈ।’’ ਗਾਂਧੀ ਨੇ ਕਿਹਾ ਕਿ ਇਹ ਕਾਂਗਰਸ ਦੇ ਬੈਂਕ ਖਾਤੇ ਜਾਮ ਨਹੀਂ ਕੀਤੇ ਗਏ ਬਲਕਿ ਇਹ ਭਾਰਤੀ ਜਮਹੂਰੀਅਤ ਨੂੰ ਜਾਮ ਕਰਨਾ ਹੈ।
ਸੋਨੀਆ ਗਾਂਧੀ ਨੇ ਕਿਹਾ ਕਿ ਜਿਸ ਮੁੱਦੇ ਦੀ ਅੱਜ ਗੱਲ ਕੀਤੀ ਗਈ ਹੈ ਉਹ ‘ਬਹੁਤ, ਬਹੁਤ ਗੰਭੀਰ ਹੈ’’ ਤੇ ਇਸ ਦਾ ਅਸਰ ਨਾ ਸਿਰਫ ਕਾਂਗਰਸ ਬਲਕਿ ‘ਸਾਡੀ ਜਮਹੂਰੀਅਤ ’ਤੇ ਵੀ ਪਏਗਾ। ਉਨ੍ਹਾਂ ਕਿਹਾ, ‘‘ਭਾਰਤੀ ਨੈਸ਼ਨਲ ਕਾਂਗਰਸ ਨੂੰ ਵਿੱਤੀ ਤੌਰ ’ਤੇ ਕਮਜ਼ੋਰ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਗਿਣੇ ਮਿਥੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਕੋਲੋਂ ਇਕੱਤਰ ਕੀਤੇ ਫੰਡ ਜਾਮ ਕੀਤੇ ਜਾ ਰਹੇ ਹਨ ਤੇ ਸਾਡੇ ਖਾਤਿਆਂ ਵਿਚੋਂ ਪੈਸਾ ਜਬਰੀ ਖੋਹਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਸਭ ਤੋਂ ਵੱਧ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਅਸੀਂ ਆਪਣੀ ਚੋਣ ਮੁਹਿੰਮ ਨੂੰ ਅਸਰਦਾਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।’’
ਇਸ ਦੌਰਾਨ ਪ੍ਰੈੱਸ ਕਾਨਫਰੰਸ ਵਿਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਖ਼ਜ਼ਾਨਚੀ ਅਜੈ ਮਾਕਨ ਵੀ ਮੌਜੂਦ ਸਨ। ਮਾਕਨ ਨੇ ਕਿਹਾ, ‘‘ਭਾਜਪਾ ਨੇ ਸਾਡੇ ਬੈਂਕ ਖਾਤੇ ਜਾਮ ਕਰਕੇ ਕਾਂਗਰਸ ਪਾਰਟੀ ਨੂੰ ਆਮ ਲੋਕਾਂ ਵੱਲੋਂ ਦਿੱਤੇ ਚੰਦੇ ਦੀ ਲੁੱਟ ਕੀਤੀ। ਧੱਕੇ ਨਾਲ ਇਨ੍ਹਾਂ ਖਾਤਿਆਂ ਵਿਚੋਂ 115.32 ਕਰੋੜ ਰੁਪਏ ਕਢਵਾ ਲਏ।’’ ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਕਾਂਗਰਸ ਆਮ ਚੋਣਾਂ ਨਾ ਲੜ ਸਕੇ। ਦਿੱਲੀ ਹਾਈ ਕੋਰਟ ਨੇ ਕਾਂਗਰਸ ਪਾਰਟੀ ਤੋਂ 100 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਟੈਕਸ ਦੀ ਵਸੂਲੀ ਲਈ ਆਮਦਨ ਕਰ ਵਿਭਾਗ ਵੱਲੋਂ ਜਾਰੀ ਨੋਟਿਸ ’ਤੇ ਰੋਕ ਲਾਉਣ ਦੇ ਇਨਕਾਰ ਕਰਦੇ ਆਮਦਨ ਕਰ ਐਪੀਲੇਟ ਟ੍ਰਿਬਿਊਨਲ ਦੇ ਹੁਕਮਾਂ ਵਿਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਸੀ। -ਪੀਟੀਆਈ

Advertisement

ਖੜਗੇ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਅਪੀਲ

ਮਲਿਕਾਰਜੁਨ ਖੜਗੇ ਨੇ ਸੰਵਿਧਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਦੇਸ਼ ਵਿਚ ਨਿਰਪੱਖ ਚੋਣਾਂ ਚਾਹੁੰਦੇ ਹਨ ਤਾਂ ਉਹ ਬਿਨਾਂ ਕਿਸੇ ਪਾਬੰਦੀ ਦੇ ਉਨ੍ਹਾਂ ਦੀ ਪਾਰਟੀ ਦੀ ਬੈਂਕ ਖਾਤਿਆਂ ਤੱਕ ਰਸਾਈ ਯਕੀਨੀ ਬਣਾਉਣ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਆਮਦਨ ਕਰ ਦਾਅਵਿਆਂ ਦਾ ਅਖੀਰ ਨੂੰ ਕੋਰਟ ਦੇ ਫੈਸਲੇ ਮੁਤਾਬਕ ਨਿਪਟਾਰਾ ਹੋ ਜਾਵੇਗਾ। ਸਿਆਸੀ ਪਾਰਟੀਆਂ ਟੈਕਸ ਦੀ ਅਦਾਇਗੀ ਨਹੀਂ ਕਰਦੀਆਂ, ਭਾਜਪਾ ਨੇ ਕਦੇ ਟੈਕਸ ਅਦਾ ਨਹੀਂ ਕੀਤਾ, ਇਸ ਦੇ ਬਾਵਜੂਦ ਜੇਕਰ ਸਾਨੂੰ ਇਸ ਬਾਰੇ ਸਵਾਲ ਕੀਤੇ ਜਾਂਦੇ ਹਨ, ਤਾਂ ਅਸੀਂ ਕੋਰਟ ਦੇ ਆਖਰੀ ਫੈਸਲੇ ਦੀ ਉਡੀਕ ਕਰਾਂਗੇ।’’ ਖੜਗੇ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਚੋਣ ਬਾਂਡਾਂ ਜ਼ਰੀਏ ਮੋਟੇ ਫੰਡ ਇਕੱਤਰ ਕੀਤੇ ਜਦੋਂਕਿ ਕਾਂਗਰਸ ਦੇ ਖਾਤੇ ਜਾਮ ਕਰਕੇ ਚੋਣਾਂ ਲੜਨ ਵਿਚ ਅੜਿੱਕੇ ਡਾਹੇ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਸੱਤਾ ਵਿਚ ਹਨ ਉਨ੍ਹਾਂ ਦਾ ਸਾਡੀਆਂ ਸੰਵਿਧਾਨਕ ਸੰਸਥਾਵਾਂ ’ਤੇ ਸਿੱਧਾ ਜਾਂ ਅਸਿੱਧਾ ਕੰਟਰੋਲ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਸਾਡੇ ਸੋਮਿਆਂ ’ਤੇ ਇਜਾਰੇਦਾਰੀ ਹੋਣੀ ਚਾਹੀਦੀ ਹੈ।’’ ਖੜਗੇ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਦਖਲ ਮਗਰੋਂ ਚੋਣ ਬਾਂਡਾਂ ਬਾਰੇ ਸਾਹਮਣੇ ਆਏ ਤੱਥ ਬਹੁਤ ਚਿੰਤਾਜਨਕ ਹਨ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਦੇਸ਼ ਨੇ ਪਿਛਲੇ 70 ਸਾਲਾਂ ਵਿਚ ਨਿਰਪੱਖ ਚੋਣਾਂ ਤੇ ਸਿਹਤਮੰਦ ਜਮਹੂਰੀਅਤ ਦੀ ਜਿਹੜੀ ਦਿੱਖ ਬਣਾਈ ਹੈ, ਉਸ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।’’

Advertisement
Author Image

sukhwinder singh

View all posts

Advertisement
Advertisement
×