ਲੁਧਿਆਣਾ ਕੇਂਦਰੀ ਜੇਲ੍ਹ ਦੇ ਪਖਾਨੇ ਵਿੱਚ ਸੁਰੰਗ ਪੁੱਟਣ ਦੀ ਕੋਸ਼ਿਸ਼
ਗਗਨਦੀਪ ਅਰੋੜਾ
ਲੁਧਿਆਣਾ, 5 ਫਰਵਰੀ
ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਾਂਗ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਹਵਾਲਾਤੀਆਂ ਨੇ ਵੀ ਪਖਾਨੇ ਵਿੱਚ ਸੁਰੰਗ ਪੱਟ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਰੁਟੀਨ ਜਾਂਚ ਦੌਰਾਨ ਸਾਹਮਣੇ ਆਇਆ ਕਿ ਜੇਲ੍ਹ ਦੇ ਪਖਾਨੇ ਵਿੱਚ ਇੱਟਾਂ ਪੱਟੀਆਂ ਹੋਈਆਂ ਸਨ ਤੇ ਇੱਕ ਸੁਰੰਗ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਪ੍ਰੇਮ ਚੰਦ ਉਰਫ਼ ਮਿਥੁਨ ਅਤੇ ਸਰਬ ਉਰਫ਼ ਬਕਰੂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀਆਂ ਬੈਰਕਾਂ ਬਦਲ ਦਿੱਤੀਆਂ ਹਨ। ਪੁਲੀਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਮਿਥੁਨ ਖ਼ਿਲਾਫ਼ ਗੁਰਦਾਸਪੁਰ ਤੇ ਸਰਬ ਖ਼ਿਲਾਫ਼ ਐੱਸਬੀਐੱਸ ਨਗਰ ਦੇ ਥਾਣੇ ’ਚ ਚੋਰੀ ਦਾ ਕੇਸ ਦਰਜ ਹੈ ਤੇ ਜ਼ਮਾਨਤ ਨਾ ਮਿਲਣ ਕਰਕੇ ਦੋਵੇਂ ਲੰਬੇ ਸਮੇਂ ਤੋਂ ਲੁਧਿਆਣਾ ਕੇਂਦਰੀ ਜੇਲ੍ਹ ਦੇ ਐੱਨਬੀ ਵਾਰਡ ਦੀ ਬੈਰਕ ਨੰਬਰ 5 ਵਿੱਚ ਬੰਦ ਸਨ। ਦੋਵਾਂ ਨੇ ਰਲ ਕੇ ਪਖਾਨੇ ਵਿੱਚੋਂ ਵੱਡੀ ਗਿਣਤੀ ਇੱਟਾਂ ਪੁੱਟ ਲਈਆਂ ਸਨ ਤੇ ਜੇਕਰ ਛੇਤੀ ਇਸ ਬਾਰੇ ਪਤਾ ਨਾ ਲੱਗਦਾ ਤਾਂ ਉਹ ਸੁਰੰਗ ਪੁੱਟ ਕੇ ਫਰਾਰ ਹੋ ਸਕਦੇ ਸਨ। ਚੌਕੀ ਤਾਜਪੁਰ ਦੇ ਇੰਚਾਰਜ ਏਐੱਸਆਈ ਜਨਕ ਰਾਜ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।