‘ਪੰਜਾਬ ਬਚਾਓ ਯਾਤਰਾ’ ਰਾਹੀਂ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦਾ ਯਤਨ
ਦਵਿੰਦਰ ਪਾਲ
ਚੰਡੀਗੜ੍ਹ, 1 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਪਾਰਟੀ ਦਾ ਖੁੱਸਿਆ ਆਧਾਰ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਰਾਹੀਂ ਸੰਸਦੀ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪਾਰਟੀ ਵੱਲੋਂ ਇਸ ਯਾਤਰਾ ਰਾਹੀਂ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਾਰਟੀ ਕੇਡਰਾਂ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਆਰੰਭਿਆ ਗਿਆ ਹੈ। ਭਾਜਪਾ ਨਾਲੋਂ ਸਿਆਸੀ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੋਟ ਬੈਂਕ 18 ਫੀਸਦ ਸੁੰਗੜ ਗਿਆ ਹੈ। ਵਿਧਾਨ ਸਭਾ ਵਿੱਚ ਵੀ ਪਾਰਟੀ ਦੇ ਸਿਰਫ਼ ਤਿੰਨ ਹੀ ਮੈਂਬਰ ਹਨ। ਇਸ ਵੇਲੇ ਅਕਾਲੀ ਦਲ ਦਾ ਬਸਪਾ ਨਾਲ ਸਿਆਸੀ ਗੱਠਜੋੜ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਸੰਬਰ ਮਹੀਨੇ ਵਿੱਚ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਤੋਂ ਭੁੱਲਾਂ ਦੀ ਮੁਆਫ਼ੀ ਮੰਗ ਕੇ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ। ਇਸ ਮਗਰੋਂ ਲਗਾਤਾਰ ਰੁੱਸੇ ਹੋਏ ਜਾਂ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਨੇ ਪਾਰਟੀ ’ਚ ਸ਼ਮੂਲੀਅਤ ਕੀਤੀ ਸੀ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਲਈ ਵੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਪਾਰਟੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀ ਦਲ ਵੱਲੋਂ ਅਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਮੁੜ ਸਿਆਸੀ ਗੱਠਜੋੜ ਬਾਰੇ ਵੀ ਵਿਚਾਰ ਕੀਤਾ ਜਾਣਾ ਹੈ। ਇਕ ਪੱਖ ਇਹ ਵੀ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਗੱਠਜੋੜ ਸਬੰਧੀ ਠੋਸ ਹੁੰਗਾਰਾ ਨਹੀਂ ਭਰਿਆ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਪੰਜ ਮੈਂਬਰੀ ਕਮੇਟੀ ਨੇ ਮੀਟਿੰਗਾਂ ਦਾ ਦੂਜਾ ਗੇੜ ਆਰੰਭਿਆ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਥਕ ਏਕਤਾ ਦਾ ਮਾਮਲਾ ਵਿਚਾਰਨ ਤੇ ਵਰਕਰਾਂ ਦੀ ਸਲਾਹ ਲੈਣ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਮੀਟਿੰਗਾਂ ਦਾ ਦੂਜਾ ਗੇੜ ਆਰੰਭ ਦਿੱਤਾ ਹੈ। ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਅੱਜ ਫ਼ਰੀਦਕੋਟ ਵਿੱਚ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਕੇ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਮਗਰੋਂ ਅੰਮ੍ਰਿਤਸਰ ਵਿੱਚ ਅੰਤਿਮ ਮੀਟਿੰਗ ਕੀਤੀ ਜਾਣੀ ਹੈ ਜਿਸ ਮਗਰੋਂ ਪੰਥਕ ਏਕਤਾ ਸਬੰਧੀ ਵਰਕਰਾਂ ਦੇ ਸੁਝਾਅ ਵਾਲੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਜਾਵੇਗੀ।
ਸੁਖਬੀਰ ਬਾਦਲ ਨੇ ‘ਪਰਿਵਾਰ ਬਚਾਓ’ ਯਾਤਰਾ ਆਰੰਭੀ ਹੈ: ਬੀਬੀ ਗੁਲਸ਼ਨ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੀ ਸਰਪ੍ਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਨੇ ਅੱਜ ਇੱਥੇ ਕਿਹਾ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਰੰਭੀ ਗਈ ‘ਪੰਜਾਬ ਬਚਾਓ ਯਾਤਰਾ’ ਸਿਰਫ਼ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਸਾਰਾ ਪਰਿਵਾਰ ਕੇਂਦਰ ਤੋਂ ਲੈ ਕੇ ਪੰਜਾਬ ਮੰਤਰੀ ਮੰਡਲ ਵਿੱਚ ਰਿਹਾ ਹੈ ਜਦੋਂ ਕਿ ਉਸ ਸਮੇਂ ਇਹ ਪੰਜਾਬ ਨੂੰ ਨਹੀਂ ਬਚਾਅ ਸਕੇ ਤਾਂ ਹੁਣ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤਾਂ ਉਹ ਕਿਸ ਮੂੰਹ ਨਾਲ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸ਼ੁਰੂ ਤੋਂ ਪੰਜਾਬ ਦੀ ਥਾਂ ਸਿਰਫ਼ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਹੈ ਅਤੇ ਮੰਤਰੀ ਮੰਡਲ ਤੋਂ ਲੈ ਕੇ ਹਰੇਕ ਉੱਚ ਸਿਆਸੀ ਅਹੁਦੇ ’ਤੇ ਆਪਣੇ ਪਰਿਵਾਰ ਨੂੰ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ‘ਪੰਜਾਬ ਬਚਾਓ ਯਾਤਰਾ’ ਨਹੀਂ, ਸਗੋਂ ‘ਪਰਿਵਾਰ ਬਚਾਓ ਯਾਤਰਾ’ ਹੈ।