ਜਨਤਕ ਲਾਂਘਾ ਬੰਦ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਜੁਲਾਈ
ਇੱਥੇ ਸੁਭਾਸ਼ ਗੇਟ ਦੇ ਸਾਹਮਣੇ ਦਹਾਕਿਆਂ ਪੁਰਾਣਾ ਜਨਤਕ ਰਾਹ ਬੰਦ ਕਰਨ ਦੀ ਕੋਸ਼ਿਸ਼ ਅੱਜ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਦੀ ਅਗਵਾਈ ਹੇਠ ਕੁਝ ਕੌਂਸਲਰਾਂ ਅਤੇ ਬਲਾਕ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੋਪਾਲ ਸ਼ਰਮਾ ਨੇ ਨਾਕਾਮ ਕਰ ਦਿੱਤੀ। ਇਨ੍ਹਾਂ ਆਗੂਆਂ ਨੇ ਜਨਤਕ ਲਾਂਘਾ ਬੰਦ ਕਰਨ ਲਈ ਉੱਥੇ ਲਾਏ ਪੰਜ ਸੀਮਿੰਟ ਦੇ ਖੰਭੇ ਪੁੱਟ ਦਿੱਤੇ ਤੇ ਇਨ੍ਹਾਂ ਖੰਭਿਆਂ ’ਤੇ ਲਾਇਆ ਬੈਨਰ ਵੀ ਲਾਹ ਕੇ ਸੁੱਟ ਦਿੱਤਾ। ਇਸ ਬੈਨਰ ’ਤੇ ਕੂੜਾ ਸੁੱਟਣ ਦੀ ਮਨਾਹੀ ਵਾਲੀ ਚਿਤਾਵਨੀ ਲਿਖੀ ਹੋਈ ਸੀ। ਇਸ ਲਈ ਬਾ-ਹੁਕਮ ਉਪ ਮੰਡਲ ਮੈਜਿਸਟਰੇਟ ਵੀ ਉਕਰਿਆ ਸੀ। ਹੈਰਾਨੀ ਉਦੋਂ ਹੋਈ ਜਦੋਂ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੇ ਅਜਿਹਾ ਕੋਈ ਵੀ ਹੁਕਮ ਜਾਰੀ ਕਰਨ ਤੋਂ ਇਨਕਾਰ ਕੀਤਾ। ਉਲਟਾ ਉਨ੍ਹਾਂ ਮਾਮਲੇ ’ਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਦੀ ਜਵਾਬਤਲਬੀ ਕੀਤੀ। ਈਓ ਰੰਧਾਵਾ ਦਾ ਕਹਿਣਾ ਸੀ ਕਿ ਇਹ ਕੰਮ ਸੈਨੇਟਰੀ ਇੰਸਪੈਕਟਰ ਸ਼ਾਮ ਭੱਟ ਦਾ ਹੈ ਜਿਸ ਨੂੰ ਨੋਟਿਸ ਕੱਢਿਆ ਹੈ। ਦੂਜੇ ਪਾਸੇ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਇਹ ਕਾਰਵਾਈ ਕੁਝ ਲੋਕਾਂ ਨੇ ਆਪਣੇ ਪੱਧਰ ’ਤੇ ਕੀਤੀ ਹੈ। ਇਸ ਭੰਬਲਭੂਸੇ ਦਰਮਿਆਨ ਕਾਂਗਰਸੀ ਕੌਂਸਲਰ ਰਵਿੰਦਰਪਾਲ ਰਾਜੂ ਨੂੰ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ, ਜੋ ਬੰਦ ਕੀਤੇ ਰਸਤੇ ਦੇ ਨਾਲ ਰਹਿੰਦੇ ਹਨ, ਨੇ ਮਾਮਲੇ ਤੋਂ ਜਾਣੂ ਕਰਵਾਇਆ। ਪੁੱਛ-ਪੜਤਾਲ ਮਗਰੋਂ ਜਦੋਂ ਕਿਸੇ ਅਧਿਕਾਰੀ ਨੇ ਕੋਈ ਲੜ-ਸਿਰਾ ਨਾ ਫੜਾਇਆ ਤਾਂ ਕਾਮਰੇਡ ਰਾਜੂ, ਸਾਬਕਾ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਕੌਂਸਲਰ ਅਮਨ ਕਪੂਰ ਬੌਬੀ, ਗੋਪਾਲ ਸ਼ਰਮਾ ਤੇ ਹੋਰਨਾਂ ਨਾਲ ਮੌਕੇ ’ਤੇ ਪਹੁੰਚੇ। ਉਸ ਸਮੇਂ ਮੌਕੇ ’ਤੇ ਨਗਰ ਕੌਂਸਲ ਦੇ ਕੁਝ ਕਰਮਚਾਰੀ ਵੀ ਅਗਾਊਂ ਮੌਜੂਦ ਸਨ। ਕਾਮਰੇਡ ਰਾਜੂ ਨੇ ਅਗਵਾਈ ਕਰਕੇ ਇਹ ਖੰਭੇ ਪੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ ਸਾਥੀਆਂ ਨਾਲ ਇਹ ਖੰਭੇ ਪੁੱਟ ਕੇ ਬੰਦ ਕੀਤਾ ਲਾਂਘਾ ਖੋਲ੍ਹ ਦਿੱਤਾ। ਉਨ੍ਹਾਂ ਇਸ ਨੂੰ ਸੌ ਸਾਲ ਪੁਰਾਣਾ ਸਰਕਾਰੀ ਰਸਤਾ ਦੱਸਿਆ ਅਤੇ ਕਿਹਾ ਕਿ ਇੱਥੇ ਨਗਰ ਕੌਂਸਲ ਨੇ ਇੰਟਰਲਾਕ ਟਾਈਲਾਂ ਵੀ ਲਾਈਆਂ ਹਨ। ਮੌਕੇ ‘ਤੇ ਹਾਜ਼ਰ ਨੇੜਲੇ ਲੋਕਾਂ ਨੇ ਵੀ ਹੋਰ ਤੱਥ ਉਜਾਗਰ ਕਰਦਿਆਂ ਕੁਝ ਨਾਂ ਲੈ ਕੇ ਕਈ ਦੋਸ਼ ਲਾਏ। ਇਸ ਮੌਕੇ ਅਸ਼ਵਨੀ ਕੁਮਾਰ, ਵਿੱਕੀ ਟੰਡਨ, ਕੇਵਲ ਕ੍ਰਿਸ਼ਨ, ਸ਼ਾਨ, ਪ੍ਰੇਮ ਸਿੰਘ, ਸ਼ਾਨ, ਸੋਨੂੰ ਸਿੰਘ ਮੌਜੂਦ ਸਨ।