ਮਾਹਮਦਪੁਰ ਦੇ ਸਰਪੰਚ ਵੱਲੋਂ ਪਿੰਡ ’ਚੋਂ ਧੜੇਬੰਦੀ ਖ਼ਤਮ ਕਰਨ ਦਾ ਉਪਰਾਲਾ
ਬੀਰਬਲ ਰਿਸ਼ੀ
ਸ਼ੇਰਪੁਰ, 21 ਅਕਤੂਬਰ
ਪਿੰਡ ਮਾਹਮਦਪੁਰ ਦੇ ਨਵੇਂ ਚੁਣੇ ਸਰਪੰਚ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਪਿੰਡ ਨੂੰ ਧੜੇਬੰਦੀ ਤੇ ਨਸ਼ਿਆਂ ਤੋਂ ਮੁਕਤ ਕਰਨ ਲਈ ਵਿਰੋਧੀ ਧਿਰ ਦੇ ਸਾਥੀਆਂ ਨੂੰ ਇਕੱਠ ਵਿੱਚ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ ਤੇ ਸਹਿਯੋਗ ਦੀ ਅਪੀਲ ਕੀਤੀ। ਯਾਦ ਰਹੇ ਕਿ ਇਸ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲੀ ਆਉਂਦੀ ਤਿੱਖੀ ਧੜੇਬੰਦੀ ਕਾਰਨ ਕਈ ਵਾਰ ਖੂਨੀ ਟਕਰਾਅ ਹੋ ਚੁੱਕੇ ਹਨ ਤੇ ਕੁੱਝ ਪਰਿਵਾਰ ਇਸ ਧੜੇਬੰਦੀ ਦੇ ਚਲਦਿਆਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਕਰਵਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਅੱਜ ਪਿੰਡ ਦੇ ਇੱਕ ਧਾਰਮਿਕ ਸਥਾਨ ’ਤੇ ਪਿੰਡ ਦੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਸਰਪੰਚ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਵਿੱਚ ਧੜੇਬੰਦੀ ਨੂੰ ਖ਼ਤਮ ਕਰਨਾ ਅਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਉਨ੍ਹਾਂ ਦੇ ਤਰਜ਼ੀਹੀ ਕੰਮ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਪਿੰਡ ਵਿੱਚ ਵਿਰੋਧੀ ਧੜੇ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ। ਇਸ ਸਬੰਧੀ ਸਰਪੰਚ ਸ੍ਰੀ ਸੰਧੂ ਨੇ ਦੱਸਿਆ ਕਿ ਅੱਜ ਸੈਂਕੜੇ ਲੋਕਾਂ ਦੇ ਇਕੱਠ ਦੌਰਾਨ ਕਈ ਕੱਟੜ ਵਿਰੋਧੀ ਰਹੇ ਸਾਥੀਆਂ ਨੇ ਅੱਜ ਦੇ ਇਕੱਠ ਵਿੱਚ ਸ਼ਿਰਕਤ ਕਰ ਕੇ ਉਸ ਦੇ ਉਤਸ਼ਾਹ ਨੂੰ ਬਲ ਬਖ਼ਸਿਆ ਪਰ ਜਿਹੜੇ ਕੁੱਝ ਸਾਥੀ ਹਾਲੇ ਵੀ ਨਹੀਂ ਆਏ ਉਨ੍ਹਾਂ ਵੱਲ ਹੱਥ ਵਧਾਉਣ ਦੇ ਹੋਰ ਵੀ ਯਤਨ ਜਾਰੀ ਰੱਖਣਗੇ।
ਇਸ ਵਾਰ ਸਰਪੰਚ ਦੇ ਵਿਰੁੱਧ ਚੋਣ ਲੜਨ ਵਾਲੇ ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ ਨੇ ਕਿਹਾ ਕਿ ਮੌਜੂਦਾ ਸਰਪੰਚ ਦੀ ਅਪੀਲ ਦੇ ਮੱਦੇਨਜ਼ਰ ਉਨ੍ਹਾਂ ਦੀ ਪੰਚੀ ਦੀ ਚੋਣ ਜਿੱਤੀ ਪਤਨੀ ਬਲਜੀਤ ਕੌਰ ਹੁਣ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਥਾਂ ਪੰਚਾਇਤ ਨਾਲ ਚੱਲੇਗੀ। ਪਿੰਡ ਦੇ ਵਡੇਰੇ ਹਿੱਤਾਂ ਲਈ ਅਜਿਹੇ ਨਿਵੇਕਲੇ ਯਤਨ ਹੋਰਨਾਂ ਪਿੰਡਾਂ ਲਈ ਵੀ ਰਾਹ ਦਸੇਰਾ ਤੇ ਪ੍ਰੇਰਨਾ ਸਰੋਤ ਹਨ।