ਕੁਰਾਲੀ ਨੇੜਲੇ ਪਿੰਡ ਦੁਸਾਰਨਾ ਵਿੱਚ ਸਹਿਮ ਦਾ ਮਾਹੌਲ
ਮਿਹਰ ਸਿੰਘ
ਕੁਰਾਲੀ, 20 ਅਗਸਤ
ਇਥੋਂ ਲੰਘਦੀ ਸੀਸਵਾਂ ਨਦੀ ਪਿੰਡ ਦੁਸਾਰਨਾ ਵਾਸੀਆਂ ਲਈ ਖੌਅ ਬਣਦੀ ਜਾ ਰਹੀ ਹੈ। ਪਿੰਡ ਦੀ ਲਿੰਕ ਸੜਕ ਦੇ ਨਾਲ ਲਗਦੀਆਂ ਮਿੱਟੀ ਦੀਆਂ ਵੱਡੀਆਂ ਢਿੱਗਾਂ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਸੜਕ ਰੁੜਨ ਦਾ ਖ਼ਤਰਾ ਬਣਿਆ ਹੋਇਆ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਗੁਹਾਰ ਲਗਾ ਕੇ ਰਹੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਕੁਰਾਲੀ-ਸੀਸਵਾਂ ਮਾਰਗ ਉੱਤੇ ਪੈਂਦੀ ਸੀਸਵਾਂ ਨਦੀ ਜੋ ਕਿ ਸ਼ਹਿਰ ਨੇੜਲੇ ਪਿੰਡ ਦੁਸਾਰਨਾ ਨੂੰ ਖਹਿ ਕੇ ਲੰਘਦੀ ਹੈ, ਦੇ ਪਾਣੀ ਦੇ ਤੇਜ਼ ਵਹਾਅ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਸੜਕ ਵਾਲੇ ਪਾਸੇ ਨੂੰ ਖੋਰਾ ਲਗਾਇਆ ਹੋਇਆ ਹੈ। ਲੰਘੀ ਰਾਤ ਅਤੇ ਅੱਜ ਪਹਾੜੀ ਖੇਤਰ ਵਿੱਚ ਹੋਈ ਬਾਰਸ਼ ਤੋਂ ਬਾਅਦ ਨਦੀ ਵਿੱਚ ਆਏ ਤੇਜ਼ ਪਾਣੀ ਨੇ ਇੱਕ ਵਾਰ ਫਿਰ ਸੜਕ ਦੇ ਨਾਲ ਲਗਦੇ ਹਿੱਸੇ ਨੂੰ ਵੱਡਾ ਖੋਰਾ ਲਗਾਇਆ ਹੈ ਅਤੇ ਨਦੀ ਦਾ ਪਾਣੀ ਮਿੱਟੀ ਵਹਾਅ ਕੇ ਲੈ ਗਿਆ।
ਪਿੰਡ ਵਾਸੀਆਂ ਰਣਜੀਤ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਮਲਕੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਦੌਰਾਨ ਪਹਾੜੀ ਖੇਤਰ ਵਿਚੋਂ ਨਦੀ ਵਿੱਚ ਆਇਆ ਪਾਣੀ ਪਿੰਡ ਨੂੰ ਜਾਣ ਵਾਲੀ ਸੜਕ ਦੇ ਨਾਲ ਲਗਦੇ ਬਰਮ ਰੂਪੀ ਨਦੀ ਦੀਆਂ ਢਿੱਗਾਂ ਨੂੰ ਵਹਾਅ ਕੇ ਲੈ ਗਿਆ। ਮਿੱਟੀ ਰੁੜ ਜਾਣ ਕਾਰਨ ਪੈ ਰਿਹਾ ਇਹ ਪਾੜ ਪਿੰਡ ਨੂੰ ਜਾਣ ਵਾਲੀ ਇਸ ਲਿੰਕ ਸੜਕ ਤੋਂ ਕੁਝ ਕੁ ਇੰਚਾਂ ਦੀ ਦੂਰੀ ’ਤੇ ਰਹਿ ਗਿਆ ਹੈ। ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਨਦੀ ਵਿੱਚ ਆਇਆ ਤੇਜ਼ ਪਾਣੀ ਸੜਕ ਨੂੰ ਵਹਾਉਣ ਦੇ ਨਾਲ ਨਾਲ ਪਿੰਡ ਨੂੰ ਵੀ ਮਾਰ ਕਰ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਕਾਰਨ ਨਦੀ ਪਿੰਡ ਲਈ ਖ਼ਤਰਾ ਬਣ ਗਈ ਹੈ।
ਪਿੰਡ ਦੀ ਸਰਪੰਚ ਬੇਅੰਤ ਕੌਰ, ਪੰਚ ਹਰਦੇਵ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਲਿਖਤੀ ਤੌਰ ’ਤੇ ਪ੍ਰਸ਼ਾਸ਼ਨ ਅਤੇ ਸਬੰਧਤ ਵਿਭਾਗਾਂ ਨੂੰ ਜਾਣੂ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਕਈ ਵਾਰ ਮੌਕਾ ਦੇਖਿਆ ਪਰ ਠੋਸ ਕਾਰਵਾਈ ਨਹੀਂ ਹੋਈ। ਇਸੇ ਦੌਰਾਨ ਨਦੀ ਦੇ ਪਾਣੀ ਦੇ ਵਹਾਅ ਦਾ ਰੁਖ ਮੋੜਨ ਲਈ ਪਿੰਡ ਦੇ ਨੌਜਵਾਨ ਖੁਦ ਨਦੀ ਦੇ ਪਾਣੀ ਵਿੱਚ ਉਤਰ ਕੇ ਪੱਥਰ ਲਗਾਉਣ ਵਿੱਚ ਜੁਟੇ ਹੋਏ ਹਨ। ਨੌਜਵਾਨਾਂ ਵਲੋਂ ਆਪਣੀਆਂ ਜਾਨਾਂ ਜ਼ੋਖ਼ਿਮ ਵਿੱਚ ਪਾ ਕੇ ਖੁਦ ਹੀ ਪਿੰਡ ਨੂੰ ਬਚਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ।
ਵਿਧਾਇਕ ਕੰਵਰ ਸੰਧੂ ਵੱਲੋਂ ਸਥਿਤੀ ਦਾ ਜਾਇਜ਼ਾ
ਹਲਕਾ ਵਿਧਾਇਕ ਕੰਵਰ ਸੰਧੂ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸੰਧੂ ਨੇ ਐੱਸਡੀਐੱਮ ਖਰੜ ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਛੇਤੀ ਹੀ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਐੱਸਡੀਐਮ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਮੰਸਿਆ ਸਬੰਧੀ ਡਰੇਨੇਜ਼ ਵਿਭਾਗ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।