For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਨਾਲ ਚਿੰਤਾ ਦਾ ਮਾਹੌਲ

07:36 AM Feb 03, 2024 IST
ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਨਾਲ ਚਿੰਤਾ ਦਾ ਮਾਹੌਲ
Advertisement

ਨਵੀਂ ਦਿੱਲੀ, 2 ਫਰਵਰੀ
ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਉਪਰੋਥੱਲੀ ਮੌਤ ਨਾਲ ਵਿਦੇਸ਼ ’ਚ ਪੜ੍ਹਨ ਗਏ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਮੰਗ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਸਿਨਸਿਨਾਟੀ ਦੇ ਲਿੰਡਨਰ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨਿਗਰੀ ਦੀ ਵੀਰਵਾਰ ਨੂੰ ਮੌਤ ਹੋਈ ਹੈ। ਬੀਤੇ ਇਕ ਮਹੀਨੇ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਰਡਿਊ ਯੂਨੀਵਰਸਿਟੀ ਦੇ ਨੀਲ ਅਚਾਰਿਆ, ਜੌਰਜੀਆ ’ਚ ਐੱਮਬੀਏ ਵਿਦਿਆਰਥੀ ਵਿਵੇਕ ਸੈਣੀ ਅਤੇ ਇਲੀਨੌਇਸ ਯੂਨੀਵਰਸਿਟੀ ਦੇ ਅਕੁਲ ਬੀ ਧਵਨ ਦੀ ਮੌਤ ਹੋ ਚੁੱਕੀ ਹੈ। ਸ਼੍ਰੇਅਸ ਦੀ ਮੌਤ ਮਗਰੋਂ ਨਿਊਯਾਰਕ ’ਚ ਭਾਰਤੀ ਕੌਂਸੁਲੇਟ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਭਾਰਤੀ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਸਬੰਧੀ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਦੇਬਾਸ਼ੀਸ਼ ਸਰਕਾਰ ਨੇ ‘ਐਕਸ’ ’ਤੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਐਡਵਾਇਜ਼ਰੀ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਦੇਹ ਨੂੰ ਸਿਰਫ਼ ਭਾਰਤ ਪਹੁੰਚਾਉਣਾ ਹੀ ਵਿਦੇਸ਼ ਮੰਤਰਾਲੇ ਦਾ ਇਕੱਲਾ ਕੰਮ ਨਹੀਂ ਹੈ। ਭਾਰਤੀਆਂ ਲਈ ਅਮਰੀਕਾ ਸਭ ਤੋਂ ਵਧ ਅਸੁਰੱਖਿਅਤ ਮੁਲਕ ਕਰਾਰ ਦਿੰਦਿਆਂ ਸੋਨਮ ਮਹਾਜਨ ਨੇ ਲਿਖਿਆ ਕਿ ਭਾਰਤ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕਰਨੀ ਚਾਹੀਦੀ ਹੈ। ‘ਐਕਸ’ ’ਤੇ ਹੀ ਰਾਕੇਸ਼ ਬਖ਼ਸ਼ੀ ਨੇ ਲਿਖਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਫੌਰੀ ਕੋਈ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਭਾਰਤੀ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। -ਆਈਏਐੱਨਐੱਸ

Advertisement

ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਸਾਡੀ ਤਰਜੀਹ: ਜੈਸ਼ੰਕਰ

ਚੰਡੀਗੜ੍ਹ (ਟਨਸ): ਓਹਾਈਓ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਨਾਲ ਪਿਛਲੇ ਇਕ ਮਹੀਨੇ ਦੌਰਾਨ ਅਮਰੀਕਾ ’ਚ ਚਾਰ ਨੌਜਵਾਨਾਂ ਦੀ ਮੌਤ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਵੱਖ ਵੱਖ ਕਾਰਨਾਂ ਕਰਕੇ 34 ਮੁਲਕਾਂ ’ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕ ਸਭਾ ’ਚ ਲਿਖਤੀ ਜਵਾਬ ਦੌਰਾਨ ਕਿਹਾ ਕਿ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਸਿਹਤ ਵਿਗੜਨ ਸਮੇਤ ਹੋਰ ਕਾਰਨਾਂ ਕਰਕੇ ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ’ਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਟੀਡੀਪੀ ਦੇ ਜਯਦੇਵ ਗਾਲਾ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਗੱਲ ਆਖੀ। ਟੀਡੀਪੀ ਆਗੂ ਨੇ ਪੁੱਛਿਆ ਸੀ ਕਿ ਸਰਕਾਰ ਨੇ ਵਿਦੇਸ਼ੀ ਮੁਲਕਾਂ ’ਚ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਲਈ ਕੀ ਕਦਮ ਚੁੱਕੇ ਹਨ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੈਨੇਡਾ ’ਚ 91, ਯੂਕੇ ’ਚ 48, ਆਸਟਰੇਲੀਆ ’ਚ 35, ਰੂਸ ’ਚ 40, ਅਮਰੀਕਾ ’ਚ 36, ਯੂਕਰੇਨ ’ਚ 21, ਸਾਈਪ੍ਰਸ ’ਚ 14, ਜਰਮਨੀ ’ਚ 20, ਇਟਲੀ ’ਚ 10 ਅਤੇ ਚੀਨ, ਕਿਰਗੀਜ਼ਸਤਾਨ ਤੇ ਕਤਰ ’ਚ 9-9 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ।

Advertisement
Author Image

joginder kumar

View all posts

Advertisement
Advertisement
×