For the best experience, open
https://m.punjabitribuneonline.com
on your mobile browser.
Advertisement

ਚੋਣਾਂ ਤੋਂ ਪਹਿਲਾਂ ਪਾਕਿਸਤਾਨ ’ਚ ਅਸਮੰਜਸ ਦਾ ਮਾਹੌਲ

06:09 AM Nov 02, 2023 IST
ਚੋਣਾਂ ਤੋਂ ਪਹਿਲਾਂ ਪਾਕਿਸਤਾਨ ’ਚ ਅਸਮੰਜਸ ਦਾ ਮਾਹੌਲ
Advertisement

ਜੀ ਪਾਰਥਾਸਾਰਥੀ

ਹਾਲ ਹੀ ਵਿਚ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਇਕ ਮੈਚ ਵਿਚ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਹੱਥੋਂ ਕਰਾਰੀ ਹਾਰ ਹੋਈ ਸੀ ਜਿਸ ਨਾਲ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆਂ ਦੇ ਦਿਲ ਟੁੱਟ ਗਏ ਸਨ। ਪਾਕਿਸਤਾਨੀਆਂ ਨੂੰ ਕੌਮਾਂਤਰੀ ਕ੍ਰਿਕਟ ਵਿਚ ਆਪਣੇ ਬਿਹਤਰੀਨ ਕ੍ਰਿਕਟਰਾਂ ਦੇ ਰਿਕਾਰਡ ’ਤੇ ਹਮੇਸ਼ਾਂ ਬਹੁਤ ਮਾਣ ਰਿਹਾ ਹੈ। ਕ੍ਰਿਕਟ ਹੀ ਨਹੀਂ ਸਗੋਂ ਆਰਥਿਕ ਮੁਹਾਜ਼ ’ਤੇ ਵੀ ਪਾਕਿਸਤਾਨ ਨੂੰ ਮਣਾਂਮੂੰਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੱਛੇ ਜਿਹੇ ਇਸ ਦੀ ਸਾਲਾਨਾ ਵਿਕਾਸ ਦਰ ਮਨਫ਼ੀ 0.5 ਫ਼ੀਸਦ ਦਰਜ ਕੀਤੀ ਗਈ ਸੀ ਜਦਕਿ ਮਹਿੰਗਾਈ ਦਰ 29.6 ਫ਼ੀਸਦ ਚੱਲ ਰਹੀ ਹੈ। ਚਲੰਤ ਵਿਆਜ ਦਰਾਂ 22 ਫ਼ੀਸਦ ਹੋਣ ਦਾ ਅਨੁਮਾਨ ਹੈ ਜਿਸ ਕਰ ਕੇ ਦੇਸ਼ ਅੰਦਰ ਕਾਰੋਬਾਰੀ ਸਰਗਰਮੀ ਲਗਭਗ ਠੱਪ ਹੋ ਗਈ ਹੈ। ਕੁਝ ਕੁ ਹਫ਼ਤੇ ਪਹਿਲਾਂ ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਐਲਾਨ ਕੀਤਾ ਸੀ ਕਿ ਵਿਦੇਸ਼ੀ ਮੁਦਰਾ ਭੰਡਾਰ 4.19 ਅਰਬ ਡਾਲਰ ਰਹਿ ਗਏ ਸਨ ਜਿਨ੍ਹਾਂ ਨਾਲ ਮਸਾਂ ਇਕ ਮਹੀਨੇ ਦੀਆਂ ਦਰਾਮਦਾਂ ਦਾ ਬਿੱਲ ਤਾਰਿਆ ਜਾ ਸਕਦਾ ਹੈ। ਇਹ ਨਾ ਕੇਵਲ ਅਰਥਸ਼ਾਸਤਰੀਆਂ ਲਈ ਸਗੋਂ ਆਮ ਲੋਕਾਂ ਲਈ ਵੀ ਡਰਾਉਣਾ ਸੁਪਨਾ ਬਣਿਆ ਹੋਇਆ ਹੈ। ਪਿਛਲੇ ਸਾਲ ਭਾਰੀ ਮੀਂਹਾਂ ਅਤੇ ਜਬਰਦਸਤ ਹੜ੍ਹਾਂ ਕਾਰਨ ਕਰੀਬ 3.3 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਤਿ ਹੋਏ ਸਨ। ਇਕ ਅਨੁਮਾਨ ਮੁਤਾਬਕ ਹੜ੍ਹਾਂ ਵਿਚ ਦਸ ਹਜ਼ਾਰ ਮੌਤਾਂ ਅਤੇ ਕਰੀਬ 10 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਸੀ।
ਪਾਕਿਸਤਾਨ ਨੂੰ ਇਹ ਆਰਥਿਕ ਝਟਕੇ ਅਜਿਹੇ ਸਮੇਂ ਲੱਗੇ ਸਨ ਜਦੋਂ ਦੇਸ਼ ਅੰਦਰ ਇਮਰਾਨ ਖ਼ਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਸਿਆਸੀ ਸਰਗਰਮੀਆਂ ਜ਼ੋਰਾਂ ’ਤੇ ਚੱਲ ਰਹੀਆਂ ਸਨ ਅਤੇ ਉਨ੍ਹਾਂ ਦੀ ਥਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਹੇਠ ਨਵੀਂ ਸਰਕਾਰ ਕਾਇਮ ਹੋਈ ਸੀ। ਉਂਝ, ਉਨ੍ਹਾਂ ਨੂੰ ਵੀ ਆਰਥਿਕ ਅਫ਼ਰਾ-ਤਫ਼ਰੀ ਅਤੇ ਵਧ ਰਹੇ ਸਿਆਸੀ ਧਰੁਵੀਕਰਨ ਨਾਲ ਸਿੱਝਣਾ ਪਿਆ। ਸ਼ਾਹਬਾਜ਼ ਸ਼ਰੀਫ਼ ਨੂੰ ਵਿੱਤੀ ਸੰਕਟ ਨਾਲ ਸਿੱਝਣ ਲਈ ਆਈਐੱਮਐੱਫ ਦੀਆਂ ਸਖ਼ਤ ਸ਼ਰਤਾਂ ਮੰਨਣੀਆਂ ਪਈਆਂ ਅਤੇ ਪਾਕਿਸਤਾਨ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਉਂਝ, ਆਈਐੱਮਐੱਫ ਤੋਂ ਹਰੀ ਝੰਡੀ ਮਿਲਣ ਮਗਰੋਂ ਕੌਮਾਂਤਰੀ ਇਮਦਾਦ ਦੇ ਰਾਹ ਖੁੱਲ੍ਹ ਗਏ। ਇਸ ਦੇ ਬਾਵਜੂਦ ਪਾਕਿਸਤਾਨ ਕੌਮਾਂਤਰੀ ਤੌਰ ’ਤੇ ਆਰਥਿਕ ਨਾਕਾਮੀ ਦੀ ਸੂਰਤ ਬਣਿਆ ਹੋਇਆ ਹੈ ਅਤੇ ਇਹ ਆਈਐੱਮਐੱਫ ਦੇ ਰਾਹਤ ਪੈਕੇਜਾਂ ਅਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਿਹੇ ਕਈ ਮਿੱਤਰ ਦੇਸ਼ਾਂ ਤੋਂ ਸਮੇਂ ਸਮੇਂ ’ਤੇ ਮਿਲਦੀ ਵਿੱਤੀ ਇਮਦਾਦ ਦਾ ਮੁਹਤਾਜ ਹੋ ਕੇ ਰਹਿ ਗਿਆ ਹੈ।
ਇਸ ਦੌਰਾਨ, ਜਨਰਲ ਆਸਿਮ ਮੁਨੀਰ ਨੇ ਪਾਕਿਸਤਾਨ ਦੇ ਨਵੇਂ ਸੈਨਾਪਤੀ ਵਜੋਂ ਅਹੁਦਾ ਸੰਭਾਲਿਆ ਸੀ ਜੋ ਕਿ ਆਪਣੇ ਪੂਰਬਵਰਤੀ ਜਨਰਲ ਕਮਰ ਜਾਵੇਦ ਬਾਜਵਾ ਦੇ ਚਹੇਤਾ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਨਰਲ ਮੁਨੀਰ ਨੂੰ ਆਈਐੱਸਆਈ ਦਾ ਮੁਖੀ ਨਹੀਂ ਬਣਨ ਦਿੱਤਾ ਸੀ ਅਤੇ ਕਿਸੇ ਘੱਟ ਅਹਿਮ ਅਹੁਦੇ ’ਤੇ ਬਿਠਾ ਦਿੱਤਾ ਸੀ ਜਿਸ ਕਰ ਕੇ ਉਨ੍ਹਾਂ ਦੇ ਰਿਸ਼ਤੇ ਵਿਚ ਖਟਾਸ ਆ ਗਈ ਸੀ। ਬਾਅਦ ਵਿਚ ਇਮਰਾਨ ਖ਼ਾਨ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਉਨ੍ਹਾਂ ਖਿਲਾਫ਼ ਦਰਜ ਕੀਤੇ ਕੇਸਾਂ ਦਾ ਹੜ੍ਹ ਆ ਗਿਆ ਸੀ। ਬਹਰਹਾਲ, ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਫੈਜ਼ ਇਸਾ ਦਾ ਥਾਪੜਾ ਹਾਸਲ ਹੈ। ਹਾਲਾਂਕਿ ਚੀਫ ਜਸਟਿਸ ਇਸਾ ਦਾ ਰਾਹ ਆਸਾਨ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਜੂਨੀਅਰ ਜੱਜਾਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਉਡੀਕ ਹੈ। ਉਹ ਇਮਰਾਨ ਖ਼ਾਨ ਨਾਲ ਚੀਫ ਜਸਟਿਸ ਦੀ ਤਰ੍ਹਾਂ ਹਮਦਰਦੀ ਨਹੀਂ ਰੱਖਦੇ ਅਤੇ ਇਸ ਕਰ ਕੇ ਉਹ ਫ਼ੌਜ ਦੀ ਨਾਰਾਜ਼ਗੀ ਨਹੀਂ ਸਹੇੜਨੀ ਚਾਹੁਣਗੇ। ਇਸ ਦੌਰਾਨ, ਪਾਕਿਸਤਾਨ ਵਿਚ ਅਗਲੇ ਸਾਲ ਜਨਵਰੀ ਮਹੀਨੇ ਆਮ ਚੋਣਾਂ ਕਰਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬਹਰਹਾਲ, ਇਨ੍ਹਾਂ ਘਟਨਾਕ੍ਰਮਾਂ ਤੋਂ ਸੰਕੇਤ ਮਿਲਿਆ ਹੈ ਕਿ ਪਾਕਿਸਤਾਨ ਦੇ ਸੰਸਦੀ ਲੋਕਰਾਜ ਦਾ ਭਵਿੱਖ ਬਹੁਤ ਹੀ ਮਹੀਨ ਆਧਾਰ ’ਤੇ ਟਿਕਿਆ ਹੋਇਆ ਹੈ।
ਕਿਆਸ ਲਾਏ ਜਾ ਰਹੇ ਹਨ ਕਿ ਅਮਨ ਕਾਨੂੰਨ ਦੀ ਮਸ਼ੀਨਰੀ ਅਤੇ ਫ਼ੌਜ ਦੇ ਭਰਵੇਂ ਥਾਪੜੇ ਕਰਕੇ ਪਾਕਿਸਤਾਨ ਦੀ ਚੁਣਾਵੀ ਮਸ਼ੀਨਰੀ ਆਉਣ ਵਾਲੀਆਂ ਕੌਮੀ ਚੋਣਾਂ ਲਈ ਸੁਖਾਵੇਂ ਹਾਲਾਤ ਪੈਦਾ ਕਰ ਸਕਦੀ ਹੈ। ਇਸ ਵੇਲੇ ਜਨਰਲ ਆਸਿਮ ਮੁਨੀਰ ਦੀ ਅਗਵਾਈ ਹੇਠ ਕੰਮ ਕਰ ਰਹੀ ਪਾਕਿਸਤਾਨੀ ਫ਼ੌਜ ਨੂੰ ਆਉਣ ਵਾਲੇ ਸਮੇਂ ਵਿਚ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਜਨਰਲ ਬਾਜਵਾ ਨਾਲ ਕਰੀਬੀ ਸਬੰਧਾਂ ਕਰਕੇ ਜਨਰਲ ਮੁਨੀਰ ਦੀ ਕਿਆਦਤ ਨੂੰ ਲੈ ਕੇ ਫ਼ੌਜ ਅੰਦਰ ਅਸੰਤੋਖ ਦਾ ਮਾਹੌਲ ਹੈ ਅਤੇ ਦੂਜੇ ਪਾਸੇ ਸੱਤਾ ਤੋਂ ਲਾਹੇ ਜਾਣ ਦੇ ਬਾਵਜੂਦ ਇਮਰਾਨ ਖ਼ਾਨ ਦੀ ਲੋਕਪ੍ਰਿਅਤਾ ਹਾਲੇ ਬਰਕਰਾਰ ਹੈ। ਜਨਰਲ ਬਾਜਵਾ ਅਮਰੀਕਾ ਦੇ ਵੀ ਚਹੇਤੇ ਸਨ ਜਿਸ ਕਰ ਕੇ ਉਸ ਦੀ ਇਮਰਾਨ ਖ਼ਾਨ ਨਾਲ ਅਣਬਣ ਹੋ ਗਈ ਸੀ। ਜਨਰਲ ਬਾਜਵਾ ਨੇ ਯੂਕਰੇਨ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਾਉਣ ਦਾ ਵਾਅਦਾ ਵੀ ਕੀਤਾ ਸੀ। ਉਂਝ, ਇਸ ਗੱਲ ਨੂੰ ਲੈ ਕੇ ਥੋੜ੍ਹਾ ਸੰਦੇਹ ਬਣਿਆ ਹੋਇਆ ਹੈ ਕਿ ਜੇ ਸਾਫ਼ ਸੁਥਰੇ ਢੰਗ ਨਾਲ ਆਜ਼ਾਦਾਨਾ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਇਮਰਾਨ ਖ਼ਾਨ ਜੇਤੂ ਹੋ ਕੇ ਨਿਕਲਣਗੇ। ਇਮਰਾਨ ਖ਼ਾਨ ਦੇ ਘਮੰਡੀ ਅਤੇ ਬੇਸਬਰੇ ਵਤੀਰੇ ਕਰ ਕੇ ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਉਨ੍ਹਾਂ ਦਾ ਸਾਥ ਛੱਡ ਗਏ ਹਨ ਅਤੇ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਸ ਵਾਰ ਫ਼ੌਜੀ ਲੀਡਰਸ਼ਿਪ ਉਨ੍ਹਾਂ ਦੀ ਹਾਰ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਵੇਗੀ।
ਜਨਰਲ ਆਸਿਮ ਮੁਨੀਰ ਸ਼ੀਆ ਭਾਈਚਾਰੇ ਨਾਲ ਸਬੰਧਤ ਹਨ ਅਤੇ ਅਜਿਹੇ ਸਮਿਆਂ ਵਿਚ ਪਾਕਿਸਤਾਨੀ ਫ਼ੌਜ ਦੀ ਕਮਾਨ ਸੰਭਾਲ ਰਹੇ ਹਨ ਜਦੋਂ ਸੁੰਨੀ ਭਾਈਚਾਰੇ ਦੇ ਦਬਦਬੇ ਵਾਲੇ ਇਸ ਮੁਲਕ ਅੰਦਰ ਧਾਰਮਿਕ ਕੱਟੜਪੁਣੇ ਦਾ ਦੌਰ ਹੈ। ਇਸ ਤੋਂ ਪਹਿਲਾਂ ਦੋ ਸ਼ੀਆ ਜਰਨੈਲ ਪਾਕਿਸਤਾਨੀ ਫ਼ੌਜ ਦੀ ਅਗਵਾਈ ਕਰ ਚੁੱਕੇ ਹਨ ਜਨਰਲ ਮੁਹੰਮਦ ਮੂਸਾ (1965) ਅਤੇ ਜਨਰਲ ਯਹੀਆ ਖ਼ਾਨ (1971) ਅਤੇ ਦੋਵੇਂ ਵਾਰ ਭਾਰਤ ਨਾਲ ਹੋਏ ਫ਼ੌਜੀ ਟਕਰਾਅ ਵਿਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਅਜੇ ਇਹ ਦੇਖਣਾ ਬਾਕੀ ਹੈ ਕਿ ਕੀ ਜਨਰਲ ਮੁਨੀਰ ਆਪਣੇ ਪੂਰਬਵਰਤੀ ਜਨਰਲ ਬਾਜਵਾ ਦੀ ਤਰ੍ਹਾਂ ਹਕੀਕਤਪਸੰਦੀ ਤੋਂ ਕੰਮ ਲੈਂਦਿਆਂ ਭਾਰਤ ਨਾਲ ਦੋਸਤਾਨਾ ਸਬੰਧਾਂ ਨੂੰ ਤਰਜੀਹ ਦਿੰਦੇ ਹਨ ਜਾਂ ਜਨਰਲ ਯਹੀਆ ਖ਼ਾਨ ਵਾਲਾ ਰਾਹ ਅਖ਼ਤਿਆਰ ਕਰਦੇ ਹਨ। ਉਨ੍ਹਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਸ਼ਾਸਨ ਦੌਰਾਨ ਭਾਰਤ ਨਾਲ ਸਬੰਧਾਂ ਵਿਚ ਸ਼ਾਂਤੀ ਬਣੀ ਰਹੀ ਸੀ ਅਤੇ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਲਈ ਵੀ ਚੋਖੀ ਪੇਸ਼ਕਦਮੀ ਹੋਈ ਸੀ। ਸ਼ਾਇਦ ਉਨ੍ਹਾਂ ਕਾਰਗਿਲ ਯੁੱਧ ਦੌਰਾਨ ਸਬਕ ਲੈ ਲਿਆ ਸੀ ਕਿ ਭਾਰਤ ਨਾਲ ਯੁੱਧ ਲੜਨ ਦਾ ਕੋਈ ਖਾਸ ਫ਼ਾਇਦਾ ਨਹੀਂ ਹੋਵੇਗਾ। ਜਨਰਲ ਮੁਨੀਰ ਨੇ ਭਾਰਤ ਨੂੰ ਲੈ ਕੇ ਤਿੱਖੇ ਬਿਆਨ ਜਾਰੀ ਕਰਨ ਦੀ ਦਿੱਖ ਬਣਾ ਲਈ ਹੈ। ਇਸ ਦੇ ਨਾਲ ਹੀ ਜੰਮੂ ਵਿਚ ਕੌਮਾਂਤਰੀ ਸਰਹੱਦ ਉੱਪਰ ਹਾਲ ਹੀ ਵਿਚ ਗੋਲੀਬਾਰੀ ਅਤੇ ਘੁਸਪੈਠ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।
ਇਮਰਾਨ ਖ਼ਾਨ ਤੋਂ ਉਲਟ ਜਨਰਲ ਬਾਜਵਾ ਭਾਰਤ ਵਿਰੋਧੀ ਰਵੱਈਆ ਨਹੀਂ ਰੱਖਦੇ ਸਨ। ਉਹ ਭਾਰਤ ਨਾਲ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਸਨ। ਉਹ ਅਮਰੀਕਾ ਦੇ ਕਾਫ਼ੀ ਕਰੀਬੀ ਸਨ ਅਤੇ ਅਮਰੀਕਾ ਦੇ ਇਸ਼ਾਰੇ ’ਤੇ ਹੀ ਉਨ੍ਹਾਂ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਸੀ। ਯਕੀਨਨ ਇਸ ਕਾਰਵਾਈ ਕਰ ਕੇ ਪਾਕਿਸਤਾਨ ਨੂੰ ਆਈਐੱਮਐੱਫ ਤੋਂ ਇਮਦਾਦ ਹਾਸਲ ਕਰਨ ਅਤੇ ਪਾਕਿਸਤਾਨ ਨੂੰ ਦੀਵਾਲੀਆਪਣ ਤੋਂ ਬਚਣ ਵਿਚ ਮਦਦ ਮਿਲੀ ਸੀ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਨਰਲ ਮੁਨੀਰ ਜਨਰਲ ਬਾਜਵਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ ਅਤੇ ਪਾਕਿਸਤਾਨ ਦੀਆਂ ਆਰਥਿਕ ਲੋੜਾਂ ਅਤੇ ਮਜਬੂਰੀਆਂ ਨੂੰ ਧਿਆਨ ਵਿਚ ਰੱਖਣਗੇ। ਅਗਲੇ ਸਾਲ ਹੀ ਭਾਰਤ ਵਿਚ ਆਮ ਚੋਣਾਂ ਹੋਣਗੀਆਂ, ਪਰ ਭਾਰਤ ਵਿਚ ਜਿਵੇਂ ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਉੱਪਰ ਵਡੇਰੀ ਕੌਮੀ ਸਹਿਮਤੀ ਬਣੀ ਹੋਈ ਹੈ, ਉਸ ਤੋਂ ਉਲਟ ਪਾਕਿਸਤਾਨ ਵਿਚ ਫ਼ੌਜ ਦਾ ਦਬਦਬਾ ਬਣਿਆ ਰਹਿਣ ਕਰ ਕੇ ਇਹ ਨਤੀਜਾ ਅਕਸ ਕਰਨਾ ਔਖਾ ਹੈ ਕਿ ਨਵੀਂ ਹਕੂਮਤ ਦੇ ਵਾਗਡੋਰ ਸੰਭਾਲਣ ਮਗਰੋਂ ਪਾਕਿਸਤਾਨ ਕੀ ਦਿਸ਼ਾ ਅਖ਼ਤਿਆਰ ਕਰੇਗਾ। ਉਂਝ, ਪਾਕਿਸਤਾਨ ਵਿਚ ਇਕ ਵਾਰ ਫਿਰ ਕੁਲੀਸ਼ਨ ਸਰਕਾਰ ਬਣਨ ਦੇ ਆਸਾਰ ਦਿਖਾਈ ਦੇ ਰਹੇ ਹਨ। ਇਸ ਦੌਰਾਨ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਵਤਨ ਵਾਪਸੀ ਨਾਲ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਹਮਾਇਤੀਆਂ ਨੂੰ ਹੌਸਲਾ ਮਿਲਿਆ ਹੈ, ਪਰ ਇਹ ਗੱਲ ਤੈਅ ਜਾਪਦੀ ਹੈ ਕਿ ਅਗਲੀ ਸਰਕਾਰ ਉੱਪਰ ਵੀ ਫ਼ੌਜ ਦਾ ਪ੍ਰਭਾਵ ਬਣਿਆ ਰਹੇਗਾ। ਫ਼ੌਜ ਅਤੇ ਸਿਆਸੀ ਵਿਰੋਧੀ ਭਾਵੇਂ ਇਮਰਾਨ ਖ਼ਾਨ ਨੂੰ ਚੋਣਾਂ ਲੜਨ ਤੋਂ ਅਯੋਗ ਕਰਾਰ ਦੇਣ ਵਿਚ ਸਫਲ ਹੋ ਸਕਦੇ ਹਨ, ਪਰ ਫਿਰ ਵੀ ਜਨਤਕ ਜੀਵਨ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕੇਗਾ।

Advertisement

Advertisement
Author Image

joginder kumar

View all posts

Advertisement
Advertisement
×