ਚੋਣਾਂ ਲੜ ਰਹੇ ਉਮੀਦਵਾਰ ਨੂੰ ਤਿੱਖੇ ਸਵਾਲ ਪੁੱਛਣ ਦੀ ਅਪੀਲ
ਪੱਤਰ ਪ੍ਰੇਰਕ
ਕਾਲਾਂਵਾਲੀ, 30 ਸਤੰਬਰ
ਨੌਜਵਾਨ ਭਾਰਤ ਸਭਾ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਖੇਤਰ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਪਿੰਡ ਸੂਰਤੀਆ ਤੋਂ ਸ਼ੁਰੂ ਹੋ ਕੇ ਪਿੰਡ ਭੀਮਾਂ, ਥਰਾਜ, ਝੋਰੜ ਰੋਹੀ, ਸੁਖਚੈਨ, ਤਿਲੋਕੇਵਾਲਾ ਤੋਂ ਹੁੰਦੇ ਹੋਏ ਕਾਲਾਂਵਾਲੀ ਪੁੱਜੀ। ਸਭਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਰੋੜੀ ਨੇ ਕਿਹਾ ਜਦੋਂ ਚਾਰੇ ਪਾਸੇ ਨਸ਼ੇ ਹਨ ਬੇਰੁਜ਼ਗਾਰੀ ਹੈ ਤੇ ਨੌਜਵਾਨ ਗਲਤ ਦਿਸ਼ਾ ਵੱਲ ਜਾ ਰਹੇ ਹਨ ਤਾਂ ਅਜਿਹੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਐਲਾਨ ਕੀਤਾ ਸੀ ਕਿ ਅਸੀਂ ਵਿਚਾਰਾਂ ਦੀ ਮਿਸਾਲ ਨੂੰ ਕਦੇ ਵੀ ਬੁਝਣ ਨਹੀਂ ਦੇਵਾਂਗੇ। ਕੁਲਵਿੰਦਰ ਰੋੜੀ ਨੇ ਕਿਹਾ ਕਿ ਹਰਿਆਣੇ ਵਿੱਚ ਵਿਧਾਨ ਸਭਾ ਚੋਣਾਂ ਹਨ ਤਾਂ ਨੌਜਵਾਨਾਂ ਨੂੰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਕਿ ਨੌਜਵਾਲਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ? ਮੈਡੀਕਲ ਤੇ ਚਿੱਟੇ ਵਰਗੇ ਨਸ਼ੇ ਦੇ ਸੌਦਾਗਰਾਂ ਨੂੰ ਸਰਕਾਰ ਕਿਉਂ ਬਚਾ ਰਹੀ ਹੈ? ਸਰਕਾਰਾਂ ਵੱਲੋਂ ਪੱਕੀ ਨੌਕਰੀਆਂ ਕਿਉਂ ਖ਼ਤਮ ਕੀਤੀਆਂ ਜਾ ਰਹੀਆਂ ਹਨ?