ਅਧਿਆਪਕਾਂ ਨੂੰ ਹਮੇਸ਼ਾ ਮਾਣ-ਸਤਿਕਾਰ ਦੇਣ ਦੀ ਅਪੀਲ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 5 ਸਤੰਬਰ
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ‘ਅਧਿਆਪਕ ਦਿਵਸ’ ਉਤਸ਼ਾਹ ਨਾਲ ਮਨਾਇਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਗਰੀਟਿੰਗ ਕਾਰਡ ਦੇ ਕੇ ‘ਗੁਰੂ-ਚੇਲੇ’ ਦੇ ਰਿਸ਼ਤੇ ਦੀ ਸਹੀ ਮਿਸਾਲ ਪੇਸ਼ ਕੀਤੀ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਮਾਜ ਵਿੱਚ ਅਧਿਆਪਕ ਦੇ ਰੋਲ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਚੰਗੇ ਭਵਿੱਖ ਲਈ ਆਪਣੇ ਅਧਿਆਪਕਾਂ ਨੂੰ ਹਮੇਸ਼ਾ ਬਣਦਾ ਮਾਣ-ਸਤਿਕਾਰ ਦੇਣ ਦੀ ਅਪੀਲ ਕੀਤੀ। ਪ੍ਰਿੰਸੀਪਲ ਗਿਆਨ ਜੋਤ ਨੇ ਅਧਿਆਪਕਾਂ ਦਾ ਸਨਮਾਨ ਕੀਤਾ।
ਨੂਰਪੁਰ ਬੇਦੀ (ਨਿੱਜੀ ਪੱਤਰ ਪ੍ਰੇਰਕ): ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮ ਸਾਗਰ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਸੈਕਟਰ-8 ਸਥਿਤ ਟਿੰਕਲਬੈਲ ਸਕੂਲ , ਸਤਲੁਜ ਪਬਲਿਕ ਸਕੂਲ, ਸੈਕਟਰ-20 ਦੇ ਗੁਰੂਕੁਲ ਸਕੂਲ, ਪੰਚਕੂਲਾ ਬਲਿਊ ਵਰਡਲ ਸਕੂਲ ਵਿੱਚ ਵੀ ਅਧਿਆਪਕ ਦਿਵਸ ਮਨਾਇਆ ਗਿਆ ਜਿੱਥੇ ਬੱਚਿਆਂ ਨੇ ਕਲਚਰਲ ਪ੍ਰੋਗਰਾਮ ਕੀਤੇ।
ਖੂਨਦਾਨ ਕੈਂਪ ਲਾਇਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅਧਿਆਪਕ ਦਿਵਸ ਮੌਕੇ ਅੰਬਾਲਾ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਕੈਂਪਸ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ 100 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਮੁੱਖ ਮਹਿਮਾਨ ਸਨ। ਸਨਾਤਨ ਧਰਮ ਸਭਾ ਅੰਬਾਲਾ ਕੈਂਟ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਆਪਣੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਦੇ ਸਨਮਾਨ ਵਿਚ ਬੀਪੀਐਸ ਪਲੈਨੇਟੇਰੀਅਮ ਵਿਚ ਸਮਾਗਮ ਕੀਤਾ ਗਿਆ।