ਕੈਂਸਰ ਪੀੜਤ ਨੌਜਵਾਨ ਵੱਲੋਂ ਆਰਥਿਕ ਮਦਦ ਦੀ ਅਪੀਲ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11 ਜੁਲਾਈ
ਮਾਲਵਾ ਖੇਤਰ ਵਿੱਚ ਕੈਂਸਰ ਦੀ ਬਿਮਾਰੀ ਅਜੇ ਕਾਬੂ ਹੇਠ ਨਹੀਂ ਆਈ। ਪਿੰਡ ਰੌਂਤਾ ਦਾ ਚੁਤਾਲੀ ਸਾਲ ਦਾ ਸੰਦੀਪ ਮਸੀਹ ਪਿਛਲੇ ਛੇ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ। ਉਸ ਦੇ ਸਿਰ ਉੱਤੇ ਮਾਤਾ ਪਿਤਾ ਦਾ ਸਾਇਆ ਨਾ ਹੋਣ ਕਾਰਨ ਉਸ ਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਲੱਗਿਆ ਹੋਇਆ ਹੈ ਅਤੇ ਆਰਥਿਕ ਤੰਗੀ ਕਾਰਨ ਉਹ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੈ। ਉਸ ਦੀ ਮਾਤਾ ਦੀ ਮੌਤ ਵੀ ਕੈਂਸਰ ਕਾਰਨ ਹੋਈ। ਫੇਰ ਉਸ ਦੇ ਪਿਤਾ ਦਾ ਵੀ ਸ਼ੂਗਰ ਦੀ ਬੀਮਾਰੀ ਨਾਲ ਦੇਹਾਂਤ ਹੋ ਗਿਆ। ਉਸ ਤੋਂ ਸਾਲ ਬਾਅਦ ਸੰਦੀਪ ਦੇ ਛੋਟੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੁਣ ਸੰਦੀਪ ,ਉਸ ਦੀ ਘਰਵਾਲੀ ਅਤੇ ਦੋ ਨਾਬਾਲਗ ਬੱਚੇ ਹਨ। ਉਸ ਨੂੰ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਦਾ ਫ਼ਿਕਰ ਵੱਢ-ਵੱਢ ਖਾ ਰਿਹਾ ਹੈ। ਪੀੜਤ ਨੌਜਵਾਨ ਨੇ ਭਰੇ ਮਨ ਨਾਲ ਦੱਸਿਆ ਕਿ ਕੈਂਸਰ ਦੀ ਰਿਪੋਰਟ ਅਨੁਸਾਰ ਉਸ ਦੇ ਸਰੀਰ ਵਿੱਚ 80 ਫ਼ੀਸਦ ਰੋਗ ਦੇ ਸੈੱਲ ਪਾਏ ਗਏ ਹਨ ਅਤੇ ਰੋਗ ਕੈਂਸਰ ਦੀ ਤੀਜੀ ਸਟੇਜ ਵਿੱਚ ਹੈ। ਉਹ ਪਹਿਲਾਂ ਹੀ ਮਕਲੌੜਗੰਜ, ਲੁਧਿਆਣਾ, ਮੋਗਾ ਤੋਂ ਇਲਾਜ ਕਰਵਾ ਕੇ ਕੱਖੋਂ ਹੋਲਾ ਹੋਇਆ ਪਿਆ ਹੈ। ਹੁਣ ਉਸ ਦਾ ਫਰੀਦਕੋਟ ਮੈਡੀਕਲ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਉਹ ਪਹਿਲਾਂ ਮਨਰੇਗਾ ਵਿੱਚ ਕੰਮ ਕਰਦਾ ਸੀ ਪਰ ਕੀਮੋ ਲੱਗਣ ਕਾਰਨ ਸਿਹਤ ਕਮਜ਼ੋਰ ਹੋਣ ਕਰਕੇ ਇਸ ਵੇਲੇ ਮਜ਼ਦੂਰੀ ਨਹੀਂ ਕਰ ਸਕਦਾ। ਉਸ ਦੀ ਘਰਵਾਲੀ ਬਾਰਾਂ ਪਾਸ ਹੈ ਉਸ ਨੇ ਟਰੇਂਡ ਦਾਈ ਅਤੇ ਸਾਖਰਤਾ ਸਬੰਧੀ ਕੋਰਸ ਵੀ ਕੀਤਾ ਹੈ। ਨੌਕਰੀ ਨਾ ਮਿਲਣ ਕਾਰਨ ਉਹ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹੈ।
ਸੰਦੀਪ ਮਸੀਹ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਹਿਣ ਲਈ ਥਾਂ ਪੰਚਾਇਤ ਨੇ ਦਿੱਤੀ ਸੀ ਅਤੇ ਹਮਦਰਦ ਲੋਕਾਂ ਨੇ ਘਰ ਬਣਵਾ ਕੇ ਦਿੱਤਾ ਸੀ। ਉਸ ਨੇ ਸਮਾਜ ਸੇਵੀ ਲੋਕਾਂ ਤੋਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ।