ਹੜ੍ਹ ਪੀੜਤਾਂ ਲਈ ਘੱਗਰ ਕੰਢੇ ਸਰਾਲਾ ਹੈੱਡ ’ਤੇ ਲਾਇਆ ਲੰਗਰ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ਤੋਂ ਪਾਣੀ ਬਾਹਰ ਆ ਜਾਣ ਕਾਰਨ ਇੱਥੇ ਅੱਜ ਦਨਿ ਭਰ ਇਲਾਕ਼ੇ ਦੇ ਲੋਕ ਇਕੱਠੇ ਰਹੇ। ਇਸ ਦੇ ਚਲਦਿਆਂ ਘੱਗਰ ਦੇ ਪੁਲ ਦੇ ਨਜ਼ਦੀਕ ਹੀ ਸਥਿਤ ਗੁਰਦੁਆਰਾ ਸਾਹਿਬ ਭਾਈ ਧੰਨਾ ਭਗਤ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਲਾਛੜੂ ਦੀ ਦੇਖ-ਰੇਖ ਹੇਠ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। ਇਸ ਦੌਰਾਨ ਇਲਾਕੇ ਵਿੱਚ ਤਾਇਨਾਤ ਫ਼ੌਜ ਦੇ ਜਵਾਨਾਂ, ਸਰਕਾਰੀ ਅਧਿਕਾਰੀਆਂ ਦੇ ਮੁਲਾਜ਼ਮਾਂ ਸਣੇ ਇੱਥੇ ਘੱਗਰ ਦੀ ਸਥਿਤੀ ਵਾਚਨ ਲਈ ਪਹੁੰਚੇ ਇਲਾਕੇ ਦੇ ਲੋਕਾਂ ਨੇ ਵੀ ਲੰਗਰ ਛਕਿਆ।
ਦੇਰ ਸ਼ਾਮ ਘੱਗਰ ਦਰਿਆ ’ਤੇ ਪੁੱਜੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਵੀ ਪ੍ਰਬੰਧਕਾਂ ਦੀ ਇਸ ਸੇਵਾ ਦੀ ਸ਼ਲਾਘਾ ਕਰਦਿਆਂ, ਲੰਗਰ ਦੀ ਸੇਵਾ ਵਿੱਚ ਦੀ ਵਿੱਤੀ ਮਦਦ ਦੀ ਇੱਛਾ ਜ਼ਾਹਰ ਕੀਤੀ। ਇਸ ਮੌਕੇ ਹੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰੈਸ ਸਕੱਤਰ ਸੁਖਜੀਤ ਸਿੰਘ ਬਘੋਰਾ ਨੇ ਵੀ ਲੰਗਰ ਦੀ ਸੇਵਾ ਨਿਭਾਈ। ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਵੀ ਲੰਗਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਗੁਰਦੁਆਰਾ ਅਰਜਨ ਦੇਵ ਵੱਲੋਂ ਲੋੜਵੰਦਾਂ ਲਈ ਲੰਗਰ
ਰਾਜਪੁਰਾ: ਇਲਾਕੇ ਵਿੱਚ ਹੋ ਰਹੀ ਭਰਵੀਂ ਬਾਰਸ਼ ਕਾਰਨ ਗ਼ਰੀਬ ਅਤੇ ਦਿਹਾੜੀਦਾਰਾਂ ਨੂੰ ਰੋਜ਼ੀ-ਰੋਟੀ ਦੀ ਆ ਰਹੀ ਦਿੱਕਤ ਨੂੰ ਦੇਖਦਿਆਂ ਗੁਰਦੁਆਰਾ ਗੁਰੂ ਅਰਜਨ ਦੇਵ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਲੰਗਰ ਲਾਏ ਗਏ। ਉਨ੍ਹਾਂ ਨੇ ਨਾ ਕੇਵਲ ਧਮੋਲੀ ਵਿੱਚ ਸਗੋਂ ਪਿੰਡ ਧਮੋਲੀ ਤੋਂ ਬਾਹਰ ਜਾ ਕੇ ਵੀ ਲੋੜਵੰਦਾਂ ਤੱਕ ਲੰਗਰ ਪੁੱਜਦਾ ਕੀਤਾ ਹੈ। ਇਸ ਮੌਕੇ ਸ੍ਰੀ ਧਮੋਲੀ ਨੇ ਕਿਹਾ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਉਦੋਂ ਤੱਕ ਲੰਗਰ ਦੀ ਵਿਵਸਥਾ ਇਵੇਂ ਹੀ ਚਲਦੀ ਰਹੇਗੀ। ਇਸ ਮੌਕੇ ਮਲਕੀਤ ਸਿੰਘ, ਕਰਮ ਸਿੰਘ, ਹਰਦੀਪ ਸਿੰਘ ਟਿੰਕੂ, ਦਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ, ਜਤਿੰਦਰ ਸਿੰਘ, ਭਜਨ ਸਿੰਘ, ਹਰਦੀਪ ਸਿੰਘ ਦਲਜੀਤ ਸਿੰਘ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ