ਬਰਾਮਦ ਮੁਖੀ ਵਿਕਾਸ ਦਾ ਬਦਲਵਾਂ ਰਾਹ
ਰਘੂਰਾਮ ਜੀ ਰਾਜਨ
ਜਿਵੇਂ ਚੀਨ, ਯੂਰਪ ਅਤੇ ਜਾਪਾਨ ਵਿੱਚ ਇਹ ਖਦਸ਼ੇ ਵਧ ਰਹੇ ਹਨ ਕਿ ਟਰੰਪ ਪ੍ਰਸ਼ਾਸਨ ਦੀ ਆਮਦ ਨਾਲ ਸੰਭਾਵੀ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ, ਤਿਵੇਂ ਵਿਕਾਸਸ਼ੀਲ ਮੁਲਕਾਂ ਬਾਰੇ ਵੀ ਸੋਚਣ ਦੀ ਜ਼ਿਹਮਤ ਕੀਤੀ ਜਾਣੀ ਚਾਹੀਦੀ ਹੈ। ਦਰਮਿਆਨੀ ਆਮਦਨ ਦਾ ਦਰਜਾ ਪ੍ਰਾਪਤ ਕਰਨ ਵਾਸਤੇ ਖੇਤੀਬਾੜੀ ਤੋਂ ਪਰ੍ਹੇ ਵਿਸਤਾਰ ਕਰਨ ਦਾ ਉਨ੍ਹਾਂ ਦਾ ਵਾਰ-ਵਾਰ ਅਜ਼ਮਾਇਆ ਹੋਇਆ ਤਰੀਕਾਕਾਰ ਘੱਟ ਹੁਨਰਮੰਦ, ਬਰਾਮਦ ਮੁਖੀ ਨਿਰਮਾਣ ਨਾਲ ਬਗਲਗੀਰ ਹੋ ਜਾਂਦਾ ਹੈ। ਇਨ੍ਹਾਂ ਮੁਲਕਾਂ ਦੀ ਕਾਰਗੁਜ਼ਾਰੀ ਹੁਣ ਕਿਹੋ ਜਿਹੀ ਰਹੇਗੀ?
ਉਨ੍ਹਾਂ ਦੇ ਆਸਾਰ ਆਸ ਨਾਲੋਂ ਬਿਹਤਰ ਹੋ ਸਕਦੇ ਹਨ, ਬਸ਼ਰਤੇ ਉਹ ਬਦਲਵੇਂ ਵਿਕਾਸ ਮਾਰਗ ਅਪਣਾ ਲੈਣ। ਬੀਤੇ ਸਮਿਆਂ ਵਿੱਚ ਗ਼ਰੀਬ ਮੁਲਕ ਬਰਾਮਦਾਂ ਦੇ ਨਿਰਮਾਣ ਜ਼ਰੀਏ ਵਿਕਸਤ ਹੋਏ ਸਨ ਕਿਉਂਕਿ ਵਿਦੇਸ਼ਾਂ ਤੋਂ ਆ ਰਹੀ ਮੰਗ ਨੇ ਉਨ੍ਹਾਂ ਦੇ ਉਤਪਾਦਕਾਂ ਨੂੰ ਪੈਮਾਨਾ ਹਾਸਿਲ ਕਰਨ ਦੀ ਖੁੱਲ੍ਹ ਦਿੱਤੀ ਸੀ ਅਤੇ ਕਿਉਂਕਿ ਖੇਤੀਬਾੜੀ ਉਤਪਾਦਨ ਬਹੁਤ ਨੀਵਾਂ ਹੋਣ ਦਾ ਮਤਲਬ ਸੀ ਕਿ ਘੱਟ ਹੁਨਰਮੰਦ ਕਾਮਿਆਂ ਨੂੰ ਬਹੁਤ ਘੱਟ ਉਜਰਤਾਂ ਦੇ ਕੇ ਵੀ ਫੈਕਟਰੀ ਨੌਕਰੀਆਂ ਲਈ ਆਕਰਸ਼ਿਤ ਕੀਤਾ ਜਾ ਸਕਦਾ ਹੈ। ਉਤਪਾਦਨ ਦੇ ਸਕੇਲ ਅਤੇ ਘੱਟ ਲੇਬਰ ਲਾਗਤਾਂ ਦੇ ਇਸ ਜੋੜ ਨੇ ਇਨ੍ਹਾਂ ਮੁਲਕਾਂ ਦੇ ਉਤਪਾਦਨ ਨੂੰ ਆਲਮੀ ਪੱਧਰ ’ਤੇ ਮੁਕਾਬਲੇ ਦੇ ਯੋਗ ਬਣਾ ਦਿੱਤਾ ਸੀ, ਹਾਲਾਂਕਿ ਇਨ੍ਹਾਂ ਦੇ ਕਾਮਿਆਂ ਦੀ ਉਤਪਾਦਕਤਾ ਦਾ ਪੱਧਰ ਨੀਵਾਂ ਹੈ।
ਜਿਵੇਂ ਫਰਮਾਂ ਨੂੰ ਬਰਾਮਦਾਂ ਦਾ ਲਾਭ ਹੋਇਆ ਤਾਂ ਉਨ੍ਹਾਂ ਨੇ ਆਪਣੇ ਕਾਮਿਆਂ ਨੂੰ ਹੋਰ ਜ਼ਿਆਦਾ ਉਪਯੋਗੀ ਬਣਾਉਣ ਲਈ ਬਿਹਤਰ ਸਾਜ਼ੋ-ਸਾਮਾਨ ਖਰੀਦਣ ਵਿੱਚ ਨਿਵੇਸ਼ ਕੀਤਾ। ਜਿਵੇਂ ਜਿਵੇਂ ਉਜਰਤਾਂ ਵਿੱਚ ਵਾਧਾ ਹੋਇਆ ਤਾਂ ਕਾਮੇ ਆਪਣੇ ਅਤੇ ਆਪਣੇ ਬੱਚਿਆਂ ਦੀ ਬਿਹਤਰ ਸਕੂਲ ਸਿੱਖਿਆ ਅਤੇ ਸਿਹਤ ਸੰਭਾਲ ਦੇ ਖਰਚੇ ਬਰਦਾਸ਼ਤ ਕਰਨ ਦੇ ਯੋਗ ਹੋਏ। ਫਰਮਾਂ ਨੇ ਜ਼ਿਆਦਾ ਟੈਕਸ ਅਦਾ ਕੀਤੇ ਜਿਸ ਨਾਲ ਸਰਕਾਰਾਂ ਨੂੰ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਸੁਧਾਰ ਵਿੱਚ ਨਿਵੇਸ਼ ਕਰਨ ਦੀ ਖੁੱਲ੍ਹ ਮਿਲੀ। ਫਰਮਾਂ ਹੁਣ ਹੋਰ ਜ਼ਿਆਦਾ ਸੂਖ਼ਮ, ਉਚੇਰੇ ਮੁੱਲ ਯੁਕਤ ਉਤਪਾਦ ਬਣਾਉਣ ਲੱਗ ਪਈਆਂ ਅਤੇ ਇੰਝ ਅੱਛਾਈ ਦਾ ਇਹ ਚੱਕਰ ਚੱਲ ਪਿਆ। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਮਹਿਜ਼ ਚਾਰ ਦਹਾਕਿਆਂ ਦੇ ਅੰਦਰ ਚੀਨ ਪੁਰਜ਼ਿਆਂ ਦੀ ਅਸੈਂਬਲਿੰਗ ਤੋਂ ਦੁਨੀਆ ਭਰ ’ਚ ਮੋਹਰੀ ਇਲੈਕਟ੍ਰਿਕ ਵਾਹਨਾਂ (ਈਵੀਜ਼) ਦੇ ਨਿਰਮਾਣ ਤੱਕ ਕਿਵੇਂ ਪਹੁੰਚ ਗਿਆ ਹੈ।
ਉਂਝ, ਕਿਸੇ ਵਿਕਾਸਸ਼ੀਲ ਮੁਲਕ ਵਿੱਚ ਮੋਬਾਈਲ ਫੋਨ ਅਸੈਂਬਲਿੰਗ ਪਲਾਂਟ ਦਾ ਚੱਕਰ ਲਾਓ ਤਾਂ ਤੁਹਾਨੂੰ ਸਾਫ਼ ਨਜ਼ਰ ਆ ਜਾਵੇਗਾ ਕਿ ਇਹ ਮਾਰਗ ਕਿੰਨਾ ਔਖਾ ਹੋ ਗਿਆ ਹੈ। ਹੁਣ ਮਦਰਬੋਰਡਾਂ ’ਤੇ ਸੋਲਡਰ ਪਾਰਟਸ ਲਾਉਣ ਵਾਲੇ ਕਾਮਿਆਂ ਦੀਆਂ ਕਤਾਰਾਂ ਨਹੀਂ ਰਹਿ ਗਈਆਂ ਕਿਉਂਕਿ ਮਾਈਕਰੋ ਸਰਕੁਟੇਰੀ ਇੰਨੀ ਮਹੀਨ ਹੋ ਗਈ ਹੈ ਕਿ ਇਹ ਮਨੁੱਖੀ ਹੱਥਾਂ ਨਾਲ ਕੀਤੀ ਨਹੀਂ ਜਾ ਸਕਦੀ। ਇਨ੍ਹਾਂ ਦੀ ਥਾਂ ਹੁਣ ਮਸ਼ੀਨਾਂ ਦੀਆਂ ਕਤਾਰਾਂ ਨੇ ਲੈ ਲਈ ਹੈ ਜਿਨ੍ਹਾਂ ਨੂੰ ਹੁਨਰਮੰਦ ਕਾਮੇ ਚਲਾਉਂਦੇ ਹਨ ਜਦੋਂਕਿ ਗ਼ੈਰਹੁਨਰਮੰਦ ਕਾਮੇ ਮੁੱਖ ਤੌਰ ’ਤੇ ਪੁਰਜ਼ੇ ਲਿਜਾਣ ਜਾਂ ਫੈਕਟਰੀ ਦੀ ਸਾਫ਼ ਸਫ਼ਾਈ ਦਾ ਕੰਮ ਕਰਦੇ ਹਨ। ਇਹ ਕੰਮ ਵੀ ਛੇਤੀ ਹੀ ਆਟੋਮੇਟਿਡ ਹੋ ਜਾਣਗੇ। ਕੱਪੜੇ ਸਿਉਣ ਜਾਂ ਜੁੱਤੇ ਬਣਾਉਣ ਦਾ ਕੰਮ ਕਰਨ ਵਾਲੇ ਵਰਕਰਾਂ ਦੀਆਂ ਕਤਾਰਾਂ ਦੀਆਂ ਫੈਕਟਰੀਆਂ ਬਹੁਤ ਘਟਦੀਆਂ ਜਾ ਰਹੀਆਂ ਹਨ।
ਵਿਕਾਸਸ਼ੀਲ ਮੁਲਕਾਂ ਵਿੱਚ ਆਟੋਮੇਸ਼ਨ ਨਾਲ ਕਈ ਕਿਸਮ ਦੀਆਂ ਮੁਸ਼ਕਿਲਾਂ ਜੁੜੀਆਂ ਹੋਈਆਂ ਹਨ। ਪਹਿਲੀ ਗੱਲ ਇਹ ਕਿ ਹੁਣ ਪ੍ਰਤੀ ਯੂਨਿਟ ਪੈਦਾਵਾਰ ਦੇ ਹਿਸਾਬ ਤੋਂ ਨਿਰਮਾਣ ਵਿੱਚ ਬਹੁਤ ਘੱਟ ਕਾਮਿਆਂ ਖ਼ਾਸਕਰ ਗ਼ੈਰ-ਹੁਨਰਮੰਦ ਕਾਮਿਆਂ ਦੀ ਲੋੜ ਪੈਂਦੀ ਹੈ। ਪਹਿਲਾਂ, ਵਿਕਾਸਸ਼ੀਲ ਮੁਲਕ ਵਧੇਰੇ ਸੂਖਮਤਰੀਨ ਨਿਰਮਾਣ ਵੱਲ ਵਧ ਗਏ ਸਨ ਜਿਸ ਨਾਲ ਜ਼ਿਆਦਾਤਰ ਗ਼ਰੀਬ ਮੁਲਕਾਂ ਵਿੱਚ ਘੱਟ ਹੁਨਰਮੰਦ ਨਿਰਮਾਣ ਰਹਿ ਗਿਆ ਸੀ ਜੋ ਕਿ ਬਰਾਮਦ ਮੁਖੀ ਨਿਰਮਾਣ ਦੇ ਰਾਹ ’ਤੇ ਬਸ ਚੜ੍ਹੇ ਹੀ ਸਨ। ਪਰ ਹੁਣ ਚੀਨ ਵਰਗੇ ਮੁਲਕ ਵਿੱਚ ਹਰ ਕਿਸਮ ਦਾ ਨਿਰਮਾਣ ਕਰਨ ਲਈ ਸਰਪਲੱਸ ਕਾਮੇ ਹਨ। ਘੱਟ ਹੁਨਰਮੰਦ ਚੀਨੀ ਕਾਮੇ ਕੱਪੜਾ ਨਿਰਮਾਣ ਵਿੱਚ ਬੰਗਲਾਦੇਸ਼ ਦੇ ਕਾਮਿਆਂ ਦਾ ਮੁਕਾਬਲਾ ਕਰ ਰਹੇ ਹਨ ਜਦੋਂਕਿ ਚੀਨ ਦੇ ਪੀਐੱਚਡੀ ਧਾਰਕ ਇਲੈੱਕਟ੍ਰਿਕ ਵਾਹਨਾਂ ਦੇ ਨਿਰਮਾਣ ਵਿੱਚ ਆਪਣੇ ਜਰਮਨ ਸ਼ਰੀਕਾਂ ਨਾਲ ਮੁਕਾਬਲੇ ’ਚ ਹਨ। ਇਹੀ ਨਹੀਂ ਸਗੋਂ ਨਿਰਮਾਣ ਵਿੱਚ ਲੇਬਰ ਦੀ ਘਟਦੀ ਅਹਿਮੀਅਤ ਦੇ ਮੱਦੇਨਜ਼ਰ, ਸਨਅਤੀਕ੍ਰਿਤ ਦੇਸ਼ਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਉਹ ਵੀ ਇਸ ਖੇਤਰ ਵਿੱਚ ਆਪਣੀ ਮੁਕਾਬਲੇਬਾਜ਼ੀ ਨੂੰ ਬਹਾਲ ਕਰ ਸਕਦੇ ਹਨ। ਹੁਨਰਮੰਦ ਕਾਮੇ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਹਨ ਜੋ ਮਸ਼ੀਨਾਂ ਸੰਭਾਲ ਸਕਦੇ ਹਨ, ਇਸੇ ਲਈ ਉਹ ਬਾਹਰੋਂ ਆਉਣ ਵਾਲੇ ਮਾਲ ਉੱਪਰ ਰੋਕਾਂ ਵਧਾ ਰਹੇ ਹਨ। (ਬਿਨਾਂ ਸ਼ੱਕ, ਮੂਲ ਸਿਆਸੀ ਮਨੋਰਥ ਪਿੱਛੇ ਰਹਿ ਗਏ ਹਾਈ ਸਕੂਲ ਤੱਕ ਪੜ੍ਹੇ ਕਾਮਿਆਂ ਲਈ ਚੰਗੀਆਂ ਉਜਰਤਾਂ ਵਾਲਾ ਰੁਜ਼ਗਾਰ ਪੈਦਾ ਕਰਨ ਦਾ ਹੀ ਹੈ ਪਰ ਆਟੋਮੇਸ਼ਨ ਕਰ ਕੇ ਇਸ ਦੇ ਪੂਰ ਚੜ੍ਹਨ ਦੇ ਆਸਾਰ ਨਹੀਂ ਹਨ)।
ਆਟੋਮੇਸ਼ਨ, ਚੀਨ ਜਿਹੇ ਸਥਾਪਿਤ ਖਿਡਾਰੀਆਂ ਤੋਂ ਮਿਲ ਰਹੇ ਮੁਕਾਬਲੇ ਅਤੇ ਘਰੇਲੂ ਸਨਅਤ/ਖੇਤਰ ਦੀ ਸੁਰੱਖਿਆ ’ਤੇ ਜ਼ੋਰ (ਪ੍ਰੋਟੈਕਸ਼ਨਿਜ਼ਮ) ਦੇ ਇਨ੍ਹਾਂ ਰੁਝਾਨਾਂ ਨੂੰ ਇਕੱਠਿਆਂ ਸਮਝਣ ਤੋਂ ਪਤਾ ਲੱਗਦਾ ਹੈ ਕਿ ਦੱਖਣੀ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਗ਼ਰੀਬ ਮੁਲਕਾਂ ਲਈ ਵਿਕਾਸ ਦੇ ਬਰਾਮਦ ਮੁਖੀ ਨਿਰਮਾਣ ਰਾਹ ’ਤੇ ਚੱਲਦੇ ਰਹਿਣਾ ਕਿਤੇ ਵੱਧ ਔਖਾ ਹੋ ਗਿਆ ਹੈ। ਇੰਝ, ਹਾਲਾਂਕਿ ਵਪਾਰ ਯੁੱਧ ਨਾਲ ਉਨ੍ਹਾਂ ਦੀਆਂ ਜਿਣਸਾਂ ਦੀਆਂ ਬਰਾਮਦਾਂ ਨੂੰ ਸੱਟ ਵੱਜੇਗੀ ਪਰ ਇਹ ਅਤੀਤ ਜਿੰਨਾ ਚਿੰਤਾਜਨਕ ਨਹੀਂ ਹੋਵੇਗਾ। ਜੇ ਵਿਕਾਸਸ਼ੀਲ ਮੁਲਕ ਮਜਬੂਰੀਵਸ ਬਦਲਵੇਂ ਰਾਹਾਂ ਦੀ ਤਲਾਸ਼ ਵਿੱਚ ਜੁੱਟ ਜਾਣ ਤਾਂ ਇਸ ’ਚੋਂ ਬਿਹਤਰੀ ਦੀ ਕਿਰਨ ਵੀ ਫੁੱਟ ਸਕਦੀ ਹੈ।
ਉਹ ਰਾਹ ਉੱਚ-ਹੁਨਰਮੰਦ ਸੇਵਾਵਾਂ ਦੀ ਬਰਾਮਦ ਨਾਲ ਬਣਾਇਆ ਜਾ ਸਕਦਾ ਹੈ। ਸਾਲ 2023 ਵਿੱਚ, ਸੇਵਾਵਾਂ ’ਚ ਆਲਮੀ ਵਪਾਰ, ਅਸਲ ਕੀਮਤ (ਮਹਿੰਗਾਈ ਜੋੜ ਕੇ) ਦੇ ਹਿਸਾਬ ਨਾਲ 5 ਪ੍ਰਤੀਸ਼ਤ ਵਧਿਆ ਹੈ, ਜਦੋਂਕਿ ਮਾਲ ਵਪਾਰ 1.2 ਪ੍ਰਤੀਸ਼ਤ ਦੀ ਦਰ ਨਾਲ ਘਟਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਤਕਨੀਕ ’ਚ ਹੋਏ ਸੁਧਾਰ ਕਾਰਨ ਦੂਰਵਰਤੀ (ਰਿਮੋਟ) ਕਾਰਜ ਪਹਿਲਾਂ ਨਾਲੋਂ ਵੱਧ ਹੋ ਰਿਹਾ ਹੈ। ਕਾਰੋਬਾਰੀ ਰੁਝਾਨਾਂ ਤੇ ਵਿਹਾਰ ’ਚ ਆਈ ਤਬਦੀਲੀ ਨੇ ਸਰੀਰਕ ਮੌਜੂਦਗੀ ਦੀ ਲੋੜ ਘਟਾ ਦਿੱਤੀ ਹੈ। ਨਤੀਜੇ ਵਜੋਂ, ਬਹੁਕੌਮੀ ਕੰਪਨੀਆਂ ਕਿਤੋਂ ਵੀ ਗਾਹਕਾਂ ਦਾ ਕੰਮ ਕਰ ਸਕਦੀਆਂ ਹਨ ਤੇ ਕਰ ਰਹੀਆਂ ਹਨ। ਭਾਰਤ ਵਿੱਚ, ਬਹੁਕੌਮੀ ਕੰਪਨੀਆਂ ਕੌਮਾਂਤਰੀ ਕੇਂਦਰਾਂ ਲਈ ਸਟਾਫ਼ ਦੀ ਭਰਤੀ ਕਰ ਰਹੀਆਂ ਹਨ ਤੇ ਪ੍ਰਤਿਭਾਵਾਨ ਗਰੈਜੂਏਟਾਂ ਨੂੰ ਰੱਖ ਰਹੀਆਂ ਹਨ। ਇੱਥੇ ਇੰਜਨੀਅਰਾਂ, ਆਰਕੀਟੈਕਟਾਂ, ਕੰਸਲਟੈਂਟਾਂ ਤੇ ਵਕੀਲਾਂ ਵੱਲੋਂ ਡਿਜ਼ਾਈਨ, ਕੰਟਰੈਕਟ, ਕੰਟੈਂਟ ਤੇ ਸੌਫਟਵੇਅਰ ਬਣਾਏ ਜਾ ਰਹੇ ਹਨ ਜੋ ਬਣਾਏ ਗਏ ਉਤਪਾਦਾਂ ਨਾਲ ਜੁੜਦੇ ਹਨ ਅਤੇ ਸੇਵਾਵਾਂ ਆਲਮੀ ਪੱਧਰ ’ਤੇ ਵੇਚੀਆਂ ਜਾਂਦੀਆਂ ਹਨ।
ਹਰੇਕ ਵਿਕਾਸਸ਼ੀਲ ਦੇਸ਼ ਕੋਲ ਇੱਕ ਛੋਟਾ ਪਰ ਉੱਚ ਹੁਨਰਮੰਦ ਵਰਗ ਹੁੰਦਾ ਹੈ ਜਿਹੜਾ ਸੇਵਾਵਾਂ ਨੂੰ ਲਾਹੇਵੰਦ ਢੰਗ ਨਾਲ ਬਰਾਮਦ ਕਰ ਸਕਦਾ ਹੈ, ਬਸ਼ਰਤੇ ਵਿਕਸਿਤ ਦੇਸ਼ਾਂ ਦੀਆਂ ਮੋਟੀਆਂ ਤਨਖਾਹਾਂ ਨਾਲ ਪੈਂਦੇ ਫ਼ਰਕ ਨੂੰ ਧਿਆਨ ਵਿਚ ਰੱਖਿਆ ਜਾਵੇ। ਜਿਹੜੇ ਕਾਮੇ ਅੰਗਰੇਜ਼ੀ (ਜਾਂ ਫਰੈਂਚ ਜਾਂ ਸਪੈਨਿਸ਼) ਜਾਣਦੇ ਹਨ, ਨੂੰ ਸ਼ਾਇਦ ਵਿਸ਼ੇਸ਼ ਤੌਰ ’ਤੇ ਲਾਭ ਹੁੰਦਾ ਹੈ। ਭਾਵੇਂ ਥੋੜ੍ਹਿਆਂ ਕੋਲ ਵੀ ਇਹ ਯੋਗਤਾਵਾਂ ਹੋਣ ਤਾਂ ਵੀ ਇਸ ਤਰ੍ਹਾਂ ਦੀਆਂ ਨੌਕਰੀਆਂ ਘੱਟ-ਹੁਨਰਮੰਦ ਨਿਰਮਾਣ ਕਾਮਿਆਂ ਨਾਲੋਂ ਵੱਧ ਕੀਮਤ ਜੋੜ ਸਕਦੀਆਂ ਹਨ ਤੇ ਇਸ ਤਰ੍ਹਾਂ ਦੇਸ਼ ਦੀ ਵਿਦੇਸ਼ੀ ਮੁਦਰਾ-ਵਟਾਂਦਰਾ ਆਮਦਨੀ ’ਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਚੰਗੀ ਤਨਖਾਹ ਲੈ ਰਿਹਾ ਹਰੇਕ ਸਰਵਿਸ ਵਰਕਰ ਆਪਣੀ ਖ਼ਪਤ ਨਾਲ ਸਥਾਨਕ ਪੱਧਰ ਉੱਤੇ ਵੀ ਰੁਜ਼ਗਾਰ ਪੈਦਾ ਕਰ ਸਕਦਾ ਹੈ। ਜਦ ਦਰਮਿਆਨੇ ਪੱਧਰ ਦੇ ਹੁਨਰਮੰਦ ਸੇਵਾ ਵਰਕਰਾਂ -ਟੈਕਸੀ ਡਰਾਈਵਰ, ਪਲੰਬਰ, ਆਦਿ- ਨੂੰ ਪਹਿਲਾਂ ਨਾਲੋਂ ਵੱਧ ਸਥਾਈ ਕੰਮ ਮਿਲੇਗਾ, ਉਹ ਨਾ ਕੇਵਲ ਉੱਚ ਵਰਗ ਦੀ ਮੰਗ ਪੂਰਨਗੇ ਬਲਕਿ ਇੱਕ-ਦੂਜੇ ਦਾ ਵੀ ਫ਼ਾਇਦਾ ਕਰਨਗੇ। ਉੱਚ-ਹੁਨਰਮੰਦ ਸੇਵਾਵਾਂ ਦੀ ਬਰਾਮਦਗੀ ਨੂੰ ਸਿਰਫ਼ ਵਿਆਪਕ ਰੁਜ਼ਗਾਰ ਉਤਪਤੀ ਤੇ ਸ਼ਹਿਰੀਕਰਨ ਦਾ ਅਗਲਾ ਸਿਰਾ ਬਣਾਉਣ ਦੀ ਲੋੜ ਹੈ। ਹਾਲਾਂਕਿ, ਹਰ ਤਰ੍ਹਾਂ ਦੇ ਰੁਜ਼ਗਾਰ ਦਾ ਮਿਆਰ ਵੀ ਲੇਬਰ ਪੂਲ ’ਚ ਬਿਹਤਰ ਕਰਦੇ ਰਹਿਣਾ ਪਏਗਾ। ਬਿਲਕੁਲ ਨੇੜੇ ਢੁੱਕਣ ਲੱਗਿਆਂ ਕੁਝ ਸਿਖ਼ਲਾਈ ਤੇ ਸੁਧਾਰ ਤੇਜ਼ੀ ਨਾਲ ਕੀਤੇ ਜਾ ਸਕਦੇ ਹਨ; ਜਦੋਂ ਤੱਕ ਇੰਜਨੀਅਰਿੰਗ ਗਰੈਜੂਏਟਾਂ ਨੂੰ ਆਪਣੇ ਖੇਤਰ ਦਾ ਮੁੱਢਲਾ ਗਿਆਨ ਹੈ, ਉਨ੍ਹਾਂ ਨੂੰ ਉਸ ਬਿਲਕੁਲ ਨਵੇਂ ਡਿਜ਼ਾਈਨ ਸਾਫਟਵੇਅਰ ’ਚ ਸਿੱਖਿਅਤ ਕੀਤਾ ਜਾ ਸਕਦਾ ਹੈ, ਜਿਸ ਦੀ ਸੰਭਾਵੀ ਬਹੁਕੌਮੀ ਕੰਪਨੀ ਨੂੰ ਲੋੜ ਹੈ।
ਖੁਸ਼ਕਿਸਮਤੀ ਨਾਲ ਇਹ ਨਿਵੇਸ਼ ਵੀ ਰੁਜ਼ਗਾਰ ਪੈਦਾ ਕਰ ਸਕਦਾ ਹੈ। ਢੁੱਕਵੀਆਂ ਵਿਕਾਸ-ਆਧਾਰਿਤ ਨੀਤੀਆਂ ਨਾਲ, ਸਰਕਾਰਾਂ ਸਿੱਖਿਆ ਤੇ ਸਿਹਤ ਵਿਚ ਸੁਧਾਰ ਕਰ ਸਕਦੀਆਂ ਹਨ। ਦੂਜੇ ਸ਼ਬਦਾਂ ’ਚ ਸੰਭਾਲ ਕੇਦਰਾਂ ’ਚ ਵੱਧ ਹਾਈ-ਸਕੂਲ-ਸਿੱਖਿਅਤ ਮਾਵਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਕਿ ਬੱਚੇ ਉਮਰ ਦੇ ਸ਼ੁਰੂਆਤੀ ਪੜਾਅ ’ਚ ਹੀ ਬੁਨਿਆਦੀ ਪੜ੍ਹਾਈ-ਲਿਖਾਈ ਤੇ ਗਿਣਤੀ ਸਿੱਖ ਸਕਣ; ਜਾਂ ਵੱਧ ਮੈਡੀਕਲ ਕਰਮੀਆਂ ਨੂੰ ਸਿੱਖਿਅਤ ਕੀਤਾ ਜਾ ਸਕਦਾ ਹੈ ਜੋ ਬੁਨਿਆਦੀ ਸਿਹਤ ਸਮੱਸਿਆਵਾਂ ਦੀ ਸ਼ਨਾਖ਼ਤ ਕਰ ਲੈਣ, ਦਵਾਈਆਂ ਦੇਣ ਤੇ ਮਰੀਜ਼ਾਂ ਨੂੰ ਯੋਗ ਡਾਕਟਰਾਂ ਕੋਲ ਰੈਫਰ ਕਰਨ। ਵਿਕਾਸਸ਼ੀਲ ਦੇਸ਼ਾਂ ਨੂੰ ਨਿਰਮਾਣ ਖੇਤਰ ਨੂੰ ਤਿਆਗਣ ਦੀ ਲੋੜ ਨਹੀਂ ਹੈ, ਬਲਕਿ ਉਨ੍ਹਾਂ ਨੂੰ ਵਿਕਾਸ ਦੇ ਹੋਰ ਰਾਹ ਵੀ ਤਲਾਸ਼ਣੇ ਚਾਹੀਦੇ ਹਨ। ਉਦਯੋਗਿਕ ਨੀਤੀ ਰਾਹੀਂ ਇੱਕ-ਦੋ ਖੇਤਰਾਂ ਨੂੰ ਫ਼ਾਇਦਾ ਦੇਣ ਦੀ ਬਜਾਏ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹੁਨਰਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਿਹੜੇ ਹਰ ਤਰ੍ਹਾਂ ਦੀਆਂ ਨੌਕਰੀਆਂ ਲਈ ਮਹੱਤਵਪੂਰਨ ਹਨ।
ਸੇਵਾਵਾਂ ਦਾ ਖੇਤਰ ਖ਼ਾਸ ਤੌਰ ’ਤੇ ਧਿਆਨ ਮੰਗਦਾ ਹੈ ਕਿਉਂਕਿ ਵਿਕਸਤ ਮੁਲਕ ਇਸ ’ਚ ਕਾਰੋਬਾਰੀ ਅੜਿੱਕੇ ਖੜ੍ਹੇ ਨਹੀਂ ਕਰਨਗੇ। 2023 ਦੇ ਸੇਵਾ ਖੇਤਰ ਦੇ ਸਭ ਤੋਂ ਵੱਡੇ ਬਰਾਮਦਕਾਰ- ਯੂਰਪੀ ਯੂਨੀਅਨ, ਅਮਰੀਕਾ ਤੇ ਬਰਤਾਨੀਆ ਇਸ ਖੇਤਰ ’ਚ ਚੱਲ ਰਹੇ ਕਾਰੋਬਾਰੀ ਮੁਕਾਬਲੇ ’ਚ ਕਾਫ਼ੀ ਕੁਝ ਗੁਆਉਣ ਦੀ ਸਥਿਤੀ ’ਚ ਖੜ੍ਹੇ ਹਨ। ਆਲਮੀ ਸੇਵਾ ਖੇਤਰ ਵਿਚਲਾ ਮੁਕਾਬਲਾ ਜਿਸ ਹੱਦ ਤੱਕ ਇਨ੍ਹਾਂ ਦੇ ਆਪਣੇ ਕਿਰਤ ਬਲ ’ਤੇ ਅਸਰ ਪਾ ਰਿਹਾ ਹੈ, ਸਭ ਤੋਂ ਵੱਧ ਇਹ ਡਾਕਟਰਾਂ, ਵਕੀਲਾਂ, ਬੈਂਕਰਾਂ, ਕੰਸਲਟੈਂਟਾਂ ਤੇ ਹੋਰ ਉੱਚ-ਆਮਦਨੀ ਵਾਲੇ ਪੇਸ਼ੇਵਰਾਂ ਵੱਲੋਂ ਮਹਿਸੂਸ ਕੀਤਾ ਜਾਵੇਗਾ। ਇਸ ਦਾ ਅਰਥ ਹੈ ਕਿ ਵਿਕਾਸਸ਼ੀਲ ਦੇਸ਼ਾਂ ’ਚ ਇਨ੍ਹਾਂ ਸੇਵਾਵਾਂ ਦੇ ਖ਼ਪਤਕਾਰਾਂ ਲਈ ਇਹ ਇੱਕ ਵਰਦਾਨ ਹੈ ਤੇ ਸੰਭਾਵੀ ਤੌਰ ’ਤੇ ਘਰੇਲੂ ਪੱਧਰ ਉੱਤੇ ਆਮਦਨੀ ਦੇ ਫ਼ਰਕ ਨੂੰ ਵੀ ਘਟਾ ਸਕਦਾ ਹੈ। ਉਹ ਆਪਣੇ ਆਪ ਵਿੱਚ ਹੀ ਲਾਭਦਾਇਕ ਹੋਵੇਗਾ।
*ਕਾਪੀਰਾਈਟ: ਪ੍ਰੋਜੈਕਟ ਸਿੰਡੀਕੇਟ, 2025