ਕੁਸ਼ਤੀ ਫੈਡਰੇਸ਼ਨ ਦਾ ਕੰਮਕਾਜ ਚਲਾਉਣ ਲਈ ਐਡਹਾਕ ਕਮੇਟੀ ਕਾਇਮ
ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਮੁਅੱਤਲਸ਼ੁਦਾ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦਾ ਰੋਜ਼ਮੱਰ੍ਹਾ ਦਾ ਕੰਮਕਾਜ ਚਲਾਉਣ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾ ਦਿੱਤੀ ਹੈ। ਖੇਡ ਮੰਤਰਾਲੇ ਨੇ ਪਿਛਲੇ ਦਿਨੀਂ ਫੈਡਰੇਸ਼ਨ ਨੂੰ ਇਹ ਕਹਿੰਦਿਆਂ ਮੁਅੱਤਲ ਕਰ ਦਿੱਤਾ ਸੀ ਕਿ ਕੁਸ਼ਤੀ ਨਾਲ ਜੁੜੀ ਖੇਡ ਸੰਸਥਾ ਨੇ ਕੁਝ ਫੈਸਲੇ ਲੈਣ ਲੱਗਿਆਂ ਆਪਣੀਆਂ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ। ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਕਮੇਟੀ ਦੇ ਚੇਅਰਮੈਨ ਹੋਣਗੇ ਜਦੋਂਕਿ ਹਾਕੀ ਓਲੰਪੀਅਨ ਐੱਮ.ਐੱਮ.ਸੋਮਾਇਆ ਤੇ ਸਾਬਕਾ ਕੌਮਾਂਤਰੀ ਸ਼ਟਲਰ ਮੰਜੂਸ਼ਾ ਕੰਵਰ ਨੂੰ ਦੋ ਹੋਰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੈ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਤੋਂ ਤਿੰਨ ਦਿਨ ਮਗਰੋੋਂ ਖੇਡ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਮੰਤਰਾਲੇ ਨੇ ਫੈਡਰੇਸ਼ਨ ਦੇ ਰੋਜ਼ਮੱਰ੍ਹਾ ਦੇ ਕੰਮਕਾਜ ਨੂੰ ਚਲਾਉਣ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਐਡਹਾਕ ਕਮੇਟੀ ਬਣਾਉਣ ਲਈ ਵੀ ਕਿਹਾ ਸੀ। ਆਈਓਏ ਮੁਖੀ ਪੀ.ਟੀ.ਊਸ਼ਾ ਨੇ ਇਕ ਰਿਲੀਜ਼ ਵਿਚ ਕਿਹਾ, ‘‘ਆਈਓਏ ਨੂੰ ਹਾਲ ਹੀ ਵਿਚ ਪਤਾ ਲੱਗਾ ਹੈ ਕਿ ਡਬਲਿਊਐੱਫਆਈ ਦੇ ਨਵ-ਨਿਯੁਕਤ ਪ੍ਰਧਾਨ ਤੇ ਹੋਰ ਅਧਿਕਾਰੀਆਂ ਨੇ ਆਪਣੀਆਂ ਹੀ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕੀਤੀ ਤੇ ਚੰਗੇ ਪ੍ਰਸ਼ਾਸਨ ਦੇ ਸਿਧਾਂਤਾਂ ਖਿਲਾਫ਼ ਪੱਖਪਾਤੀ ਫੈਸਲੇ ਲਏ ਹਨ। ਇਹੀ ਨਹੀਂ ਆਈਓਏ ਵੱਲੋਂ ਨਿਯੁਕਤ ਐਡਹਾਕ ਕਮੇਟੀ ਦੇ ਕੁਝ ਫੈਸਲਿਆਂ ਨੂੰ ਯੋਗ ਅਮਲ ਦੀ ਪਾਲਣਾ ਕੀਤੇ ਬਗੈਰ ਪਲਟਾਇਆ ਗਿਆ।’’ ਰਿਲੀਜ਼ ਵਿੱਚ ਅੱਗੇ ਕਿਹਾ ਗਿਆ, ‘‘ਕਿਉਂ ਜੋ ਆਈਓਏ ਦਾ ਮੰਨਣਾ ਹੈ ਕਿ ਨਿਰਪੱਖ ਖੇਡ, ਪਾਰਦਰਸ਼ਤਾ ਤੇ ਜਵਾਬਦੇਹੀ ਅਤੇ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਤੇ ਲਗਾਤਾਰਤਾ ਯਕੀਨੀ ਬਣਾਉਣ ਲਈ ਸ਼ਾਸਕੀ ਨੇਮਾਂ ਦੀ ਪਾਲਣਾ ਜ਼ਰੂਰੀ ਹੈ, ਲਿਹਾਜ਼ਾ ਐਡਹਾਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।’’ ਐਡਹਾਕ ਕਮੇਟੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਕਾਰਜਾਂ ਦੀ ਨਿਗਰਾਨੀ ਕਰੇਗੀ, ਜਿਸ ਵਿੱਚ ਅਥਲੀਟਾਂ ਦੀ ਚੋਣ, ਕੌਮਾਂਤਰੀ ਖੇਡ ਈਵੈਂਟਾਂ ਵਿੱਚ ਸ਼ਮੂਲੀਅਤ ਲਈ ਅਥਲੀਟਾਂ ਦੇ ਦਾਖਲੇ ਭੇਜਣ, ਖੇਡ ਸਰਗਰਮੀਆਂ ਦਾ ਆਯੋਜਨ, ਬੈਂਕ ਖਾਤਿਆਂ ਦੀ ਸਾਂਭ ਸੰਭਾਲ, ਵੈੱਬਸਾਈਟ ਦਾ ਪ੍ਰਬੰਧ ਤੇ ਹੋਰ ਜ਼ਿੰਮੇਵਾਰੀਆਂ ਸ਼ਾਮਲ ਹਨ। -ਪੀਟੀਆਈ
ਡਬਲਿਊਐੱਫਆਈ ਬਾਰੇ ਸਹੀ ਸਮੇਂ ’ਤੇ ਸਹੀ ਫ਼ੈਸਲਾ: ਬਬੀਤਾ ਫੋਗਾਟ
ਭਿਵਾਨੀ: ‘ਦੰਗਲ ਗਰਲ’ ਵਜੋਂ ਜਾਣੀ ਜਾਂਦੀ ਸਾਬਕਾ ਕੁਸ਼ਤੀ ਖਿਡਾਰਨ ਅਤੇ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਪ੍ਰਧਾਨ ਬਬੀਤਾ ਫੋਗਾਟ ਨੇ ਕਿਹਾ ਹੈ ਕਿ ਨਵੀਂ ਚੁਣੀ ਗਈ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਕੇ ਖੇਡ ਮੰਤਰਾਲੇ ਨੇ ਸਹੀ ਸਮੇਂ ’ਤੇ ਸਹੀ ਫੈਸਲਾ ਲਿਆ ਹੈ। ਬਬੀਤਾ ਫੋਗਾਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਖੇਡ ਮੰਤਰਾਲੇ ਦਾ ਸਹੀ ਸਮੇਂ ’ਤੇ ਸਹੀ ਫੈਸਲਾ ਆਇਆ ਹੈ। ਇਸ ਨਾਲ ਪਹਿਲਵਾਨਾਂ ਨੂੰ ਇਨਸਾਫ ਮਿਲੇਗਾ। ਖੇਡ ਮੰਤਰਾਲਾ ਸਮੇਂ-ਸਮੇਂ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।’’ ਹਾਲਾਂਕਿ ਬਬੀਤਾ ਨੇ ਆਪਣੇ ਚਚੇਰੀ ਭੈਣ ਵਿਨੇਸ਼ ਫੋਗਾਟ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਵਿਨੇਸ਼ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। -ਪੀਟੀਆਈ