ਭਾਜਪਾ ਆਗੂ ’ਤੇ ਹਮਲੇ ਦੇ ਦੋਸ਼ ਹੇਠ ਇੱਕ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 5 ਜੁਲਾਈ
ਹਥਿਆਰਬੰਦ ਵਿਅਕਤੀਆਂ ਵੱਲੋਂ ਬੀਤੀ 16 ਅਪਰੈਲ ਨੂੰ ਭਾਜਪਾ ਆਗੂ ਬਲਵਿੰਦਰ ਸਿੰਘ ਗਿੱਲ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਣ ਤੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਪਿੰਡ ਮੱਲੀਆਂ ਬਾਲੀਆਂ ਮੰਝਪੁਰ ਕੋਲੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਪੁਲੀਸ ਵੱਲੋਂ ਲਾਏ ਨਾਕੇ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਸੀਆਈਏ ਸਟਾਫ਼ ਅੰਮ੍ਰਿਤਸਰ ਦੀ ਟੀਮ ਨਾਲ ਰਲ ਕੇ ਉਕਤ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੌਜਵਾਨ ਨੇ ਮੁੜ ਗੋਲੀ ਚਲਾ ਦਿੱਤੀ, ਜੋ ਪੁਲੀਸ ਵਾਹਨ ’ਤੇ ਵੱਜੀ। ਇਸ ਮੌਕੇ ਜਵਾਬੀ ਗੋਲੀਬਾਰੀ ਕਰਦਿਆਂ ਪੁਲੀਸ ਨੇ ਨੌਜਵਾਨ ਦੀ ਖੱਬੀ ਲੱਤ ਵਿੱਚ ਗੋਲੀ ਮਾਰੀ, ਜਿਸ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਮਾਸ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ .30 ਬੋਰ ਦਾ ਪਿਸਤੌਲ, 8 ਕਾਰਤੂਸ ਤੇ 3 ਖੋਲ ਬਰਾਮਦ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਬਲਵਿੰਦਰ ਸਿੰਘ ਗਿੱਲ ਦਾ ਮਨਦੀਪ ਸਿੰਘ ਬੁੱਧੂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਮਨਦੀਪ ਬੁੱਧੂ ਨੇ ਨੌਰੰਗਾਬਾਦ ਵਾਸੀ ਟੋਨੀ ਨੂੰ ਮੋਟਰਸਾਈਕਲ ਅਤੇ ਅਰਸ਼ਦੀਪ ਸਿੰਘ ਮਾਸ ਤੇ ਜਗਜੀਤ ਸਿੰਘ ਸੋਨਾ ਨੂੰ .32 ਬੋਰ ਦਾ ਪਿਸਤੌਲ ਦੇ ਕੇ ਬਲਵਿੰਦਰ ਗਿੱਲ ਕੋਲੋਂ ਪੈਸੇ ਲਿਆਉਣ ਲਈ ਭੇਜਿਆ ਸੀ। ਜਗਦੀਸ਼ ਸਿੰਘ ਸ਼ੰਕਰ ਵਾਸੀ ਪਿੰਡ ਤਾਰਾਗੜ੍ਹ ਤੇ ਮਨਦੀਪ ਸਿੰਘ ਉਰਫ ਬੁੱਧੂ ਪਹਿਲਾਂ ਹੀ ਕਾਬੂ ਕਰ ਲਏ ਗਏ ਸਨ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅੱਜ ਅਰਸ਼ਦੀਪ ਮਾਸ ਨੂੰ ਕਾਬੂ ਕੀਤਾ ਗਿਆ ਹੈ।